ਦਫਤਰੀ ਕਾਮਿਆਂ ਵੱਲੋਂ ਹੜਤਾਲ ਦੇ ਤੀਜੇ ਦਿਨ ਵੀ ਰੱਖਿਆ ਗਿਆ ਕੰਮ-ਕਾਜ ਪੂਰੀ ਤਰ੍ਹਾਂ ਠੱਪ
ਕਰਮਚਾਰੀਆਂ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜੀ
ਦਫਤਰੀ ਕਾਮਿਆਂ ਵੱਲੋਂ ਹੜਤਾਲ ਦੇ ਤੀਜੇ ਦਿਨ ਵੀ ਰੱਖਿਆ ਗਿਆ ਕੰਮ-ਕਾਜ ਪੂਰੀ ਤਰ੍ਹਾਂ ਠੱਪ
ਕਰਮਚਾਰੀਆਂ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜੀ
ਫਾਜ਼ਿਲਕਾ 12 ਅਕਤੂਬਰ, 2022:
ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਵੱਲੋਂ 15 ਅਕਤੂਬਰ 2022 ਤੱਕ ਦਿੱਤੇ ਗਏ ਹੜਤਾਲ ਦੇ ਸੱਦੇ `ਤੇ ਅੱਜ ਤੀਜੇ ਦਿਨ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਫਾਜ਼ਿਲਕਾ ਅਧੀਨ ਸਮੂਹ ਵਿਭਾਗਾਂ ਦੇ ਕਲੈਰੀਕਲ ਕਾਮਿਆਂ ਵੱਲੋਂ ਕੰਮ-ਕਾਜ ਪੂਰੀ ਤਰ੍ਹਾਂ ਠੱਪ ਰੱਖਦਿਆਂ ਸਰਕਾਰ ਵਿਰੁੱਧ ਰੱਜ ਕੇ ਨਾਅਰੇਬਾਜੀ ਕੀਤੀ।ਵੱਡੀ ਗਿਣਤੀ ਵਿਚ ਕਰਮਚਾਰੀਆਂ ਵੱਲੋਂ ਸਮੂਲੀਅਤ ਕਰਦਿਆਂ ਆਪਣੇ ਹੱਕਾਂ ਦੀ ਪੂਰਤੀ ਲਈ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼, ਪ੍ਰਧਾਨ ਡੀ.ਸੀ. ਦਫਤਰ ਯੁਨੀਅਨ ਸ੍ਰੀ ਅਸ਼ੋਕ ਕੁਮਾਰ, ਪੀ ਡਬਲਿਊ ਡੀ ਵਾਟਰ ਸਪਲਾਈ ਤੇ ਸੈਨੀਟੇਸ਼ਨ ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਪੰਜਾਬ ਚੇਅਰਮੈਨ ਹਰਭਜਨ ਸਿੰਘ ਖੁੰਗਰ, ਮਨਤਿੰਦਰ ਸਿੰਘ, ਕਰਮਦੀਪ ਕੌਰ, ਨਵਨੀਤ ਕੌਰ, ਜ਼ਸਵਿੰਦਰ ਸਿੰਘ, ਸਮੇਤ ਯੁਨੀਅਨ ਦੇ ਹੋਰਨਾ ਆਗੂਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਨੇ ਮੁਲਾਜਮਾਂ ਦੀਆਂ ਮੰਗਾਂ ਤਾਂ ਕਿ ਮੰਨਣੀਆਂ ਮੀਟਿੰਗ ਦਾ ਸੱਦਾ ਵੀ ਨਹੀਂ ਦਿੱਤਾ ਜਾ ਰਿਹਾ।
ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਗਏ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ `ਤੇ ਮੁਲਾਜਮਾਂ ਨੂੰ ਧਰਨੇ ਨਹੀਂ ਲਾਉਣੇ ਪੈਣਗੇ, ਮੁਲਾਜਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ `ਤੇ ਹਲ ਕੀਤਾ ਜਾਵੇਗਾ। ਪਰ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਝੂਠੀ ਨਿਕਲੀ ਤੇ ਮੰਗਾਂ ਮੰਨਣ ਤੋਂ ਭੱਜ ਰਹੀ ਹੈ।ਸਰਕਾਰ ਵੱਲੋਂ ਮੁਲਾਜਮਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ, ਹੜਤਾਲ ਦਾ ਤੀਜਾ ਦਿਨ ਵੀ ਨਿਕਲ ਗਿਆ ਪਰ ਸਰਕਾਰ ਵੱਲੋਂ ਮੰਗਾਂ `ਤੇ ਵਿਚਾਰ ਕਰਨ ਸਬੰਧੀ ਜਾਂ ਮੀਟਿੰਗ ਸਬੰਧੀ ਅਜੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ।
ਪੁਰਾਣੀ ਪੈਨਸ਼ਨ ਦੀ ਬਹਾਲੀ, ਪੇਅ ਕਮਿਸ਼ਨ ਨੂੰ ਸਹੀ ਢੰਗ ਨਾਲ ਲਾਗੂ ਕਰਨਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਰਿਲੀਜ ਕਰਨੀਆਂ, ਕੱਚੇ/ਆਉਟਸੋਰਸ ਮੁਲਾਜਮਾਂ ਨੂੰ ਪੱਕੇ ਕਰਨਾ ਆਦਿ ਜਾਇਜ ਮੰਗਾਂ ਲਈ ਹੀ ਮੁਲਾਜਮਾਂ ਵੱਲੋਂ ਹੜਤਾਲ ਕੀਤੀ ਗਈ ਹੈ ਪਰ ਉਕਤ ਸਾਰੀਆਂ ਮੰਗਾਂ ਤੇ ਪੰਜਾਬ ਸਰਕਾਰ ਵਲੋਂ ਚੁੱਪ ਧਾਰੀ ਹੋਈ ਹੈ।
ਹੜਤਾਲ ਦੌਰਾਨ ਡੀ.ਸੀ. ਦਫਤਰ, ਤਹਿਸੀਲ ਦਫਤਰ, ਰੋਜਗਾਰ ਵਿਭਾਗ, ਡਰੇਨਜ ਵਿਭਾਗ, ਪੀ.ਡਬਲਿਉ.ਡੀ., ਭਲਾਈ ਦਫਤਰ, ਵਾਟਰ ਸਪਲਾਈ ਵਿਭਾਗ, ਖਜਾਨਾ ਦਫਤਰ, ਪ੍ਰੋਗਰਾਮ ਦਫਤਰ, ਸਮਾਜਿਕ ਸੁਰੱਖਿਆ ਵਿਭਾਗ, ਡੇਅਰੀ ਵਿਭਾਗ, ਪਸ਼ੂ ਪਾਲਣ ਵਿਭਾਗ, ਆਈ.ਟੀ.ਆਈ., ਸਿਹਤ ਵਿਭਾਗ, ਪੰਚਾਇਤੀ ਰਾਜ, ਬੀ.ਡੀ.ਪੀ.ਓ, ਸਿਖਿਆ ਵਿਭਾਗ ਆਦਿ ਹੋਰ ਵੱਖ-ਵੱਖ ਵਿਭਾਗਾਂ ਵੱਲੋਂ ਆਪਣਾ ਕੰਮ-ਕਾਜ ਪੂਰੀ ਤਰ੍ਹਾਂ ਠੱਪ ਰਖਿਆ ਗਿਆ।