-ਢਾਈ ਸੌਂ ਤੋਂ ਵੱਧ ਸਿਆਸੀ ਪਾਰਟੀਆਂ ਨਾਲ ਸਬੰਧਤ ਸ਼ਰਾਬ ਲੈਣ ਵਾਲਿਆਂ ਦੀ ਪਰਚੀਆਂ ਹੋਈਆਂ ਬਰਾਮਦ
Ferozepur, January 29, 2017 : ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਫਿਰੋਜ਼ਪੁਰ ਆਬਕਾਰੀ ਵਿਭਾਗ ਨੇ ਐਤਵਾਰ ਸ਼ਹਿਰ ਦੇ ਵੱਖ ਵੱਖ ਠੇਕਿਆਂ ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਆਬਕਾਰੀ ਵਿਭਾਗ ਦੀ ਟੀਮ ਨੇ ਇਕ ਠੇਕੇ ਤੋਂ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਪਰਚੀਆਂ ਬਰਾਮਦ ਕੀਤੀ ਜਦਕਿ ਇਕ ਠੇਕੇ ਤੋਂ ਪੁਰਾਣੀ ਸ਼ਰਾਬ ਦੇ ਬ੍ਰਾਂਡ ਬਰਮਾਦ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੋਡਲ ਅਫਸਰ ਮੈਡਮ ਪ੍ਰਗੱਤੀ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਅਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਵਲੋਂ ਰੋਜ਼ਾਨਾਂ ਦੀ ਤਰ੍ਹਾ ਐਤਵਾਰ ਨੂੰ ਵੀ ਸ਼ਹਿਰ ਦੇ ਕਈ ਠੇਕਿਆਂ ਤੇ ਟੀਮ ਸਮੇਤ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੇ ਦੌਰਾਨ ਆਬਕਾਰੀ ਵਿਭਾਗ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਤਾਨੀ ਗੇਟ ਵਿਖੇ ਠੇਕੇ ਤੇ ਕੁਝ ਸਿਆਸੀ ਪਾਰਟੀਆਂ ਵਲੋਂ ਦਿੱਤੀਆਂ ਗਈਆਂ ਸ਼ਰਾਬ ਦੀਆਂ ਪਰਚੀਆਂ ਦੇ ਕੇ ਅੰਦਰ ਖਾਤੇ ਸ਼ਰਾਬ ਪ੍ਰਾਪਤ ਕੀਤੀ ਜਾ ਰਹੀ ਹੈ। ਸੂਚਨਾ ਮਿਲਣ ਤੋਂ ਮਗਰੋਂ ਜਦੋਂ ਆਬਕਾਰੀ ਵਿਭਾਗ ਦੀ ਟੀਮ ਨੇ ਮੁਲਤਾਣੀ ਗੇਟ ਵਿਖੇ ਛਾਪੇਮਾਰੀ ਕੀਤੀ ਤਾਂ ਇਸ ਦੌਰਾਨ ਠੇਕੇ 'ਤੇ ਬੈਠੇ ਠੇਕੇਦਾਰ ਦੇ ਮੁਲਾਜ਼ਮਾਂ ਨੂੰ ਰਿਕਾਰਡ ਚੈੱਕ ਕਰਵਾਉਣ ਲਈ ਆਖਿਆ। ਜਿਨ੍ਹੇ ਨੂੰ ਉਹ ਰਿਕਾਰਡ ਵਿਖਾਉਣ ਲੱਗੇ ਤਾਂ ਇਸ ਦੌਰਾਨ ਕੁਝ ਸਿਆਸੀ ਪਾਰਟੀਆਂ ਨਾਲ ਸਬੰਧਤ ਲੋਕ ਸ਼ਰਾਬ ਲੈਣ ਵਾਸਤੇ ਪਰਚੀਆਂ ਲੈ ਕੇ ਆ ਗਏ। ਜਦੋਂ ਉਕਤ ਲੋਕਾਂ ਨੂੰ ਪੁੱਛਿਆ ਗਿਆ ਕਿ ਇਹ ਪਰਚੀਆਂ ਕੌਣ ਦੇ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਕੁਝ ਨਾਮਵਰ ਪਾਰਟੀਆਂ ਨਾਲ ਸਬੰਧਤ ਸਿਆਸੀ ਲੋਕ ਹਨ। ਇਸ ਦੌਰਾਨ ਆਬਕਾਰੀ ਟੀਮ ਨੇ ਮੌਕੇ 'ਤੇ ਠੇਕੇ ਦੀ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਤਾਂ ਠੇਕੇ ਦੇ ਵਿਚੋਂ 250 ਤੋਂ ਵੱਧ ਸ਼ਰਾਬ ਲੈ ਕੇ ਗਏ ਲੋਕਾਂ ਦੀਆਂ ਪਰਚੀਆਂ ਬਰਾਮਦ ਹੋਈਆਂ ਜੋ ਸਿਆਸੀ ਪਾਰਟੀਆਂ ਨਾਲ ਸਬੰਧਤ ਸਨ। ਆਬਕਾਰੀ ਟੀਮ ਨੇ ਦੱਸਿਆ ਕਿ ਉਕਤ ਠੇਕੇ ਨੂੰ ਸੀਲ ਕਰਕੇ ਸਿਟੀ ਥਾਣੇ ਵਿਚ ਰਪਟ ਦਰਜ ਕਰਵਾ ਦਿੱਤੀ ਗਈ ਹੈ। ਦੂਜੇ ਪਾਸੇ ਟੀਮ ਨੇ ਦਿੱਲੀ ਸਥਿਤ ਠੇਕੇ ਤੇ ਛਾਪੇਮਾਰੀ ਕੀਤੀ ਤਾਂ ਇਸ ਦੌਰਾਨ ਠੇਕੇ ਤੋਂ ਪੁਰਾਣਾ ਸ਼ਰਾਬ ਦਾ ਸਟਾਕ ਬਰਾਮਦ ਹੋਇਆ, ਜਿਸ ਨੂੰ ਸੀਲ ਕਰਕੇ ਲੈਬ ਵਿਚ ਭੇਜ ਦਿੱਤਾ ਗਿਆ ਹੈ।