ਡੀ.ਜੀ.ਪੀ. ਪੰਜਾਬ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਸਬੰਧੀ ਪੁਲਿਸ ਤੇ ਸਿਵਲ ਅਧਿਕਾਰੀਆਂ ਨਾਲ ਮੀਟਿੰਗ
ਫ਼ਿਰੋਜ਼ਪੁਰ 23 ਅਗਸਤ 2017( ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੇ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਸ਼੍ਰੀ ਸੁਰੇਸ਼ ਅਰੋੜਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਸਬੰਧੀ ਅਹਿਮ ਮੀਟਿੰਗ ਕੀਤੀ ਗਈ। ਸ਼੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਸਬੰਧੀ ਅਦਾਲਤ ਵੱਲੋਂ ਦਿੱਤੇ ਜਾਣ ਵਾਲੇ ਫ਼ੈਸਲੇ ਮਗਰੋਂ ਹਰ ਤਰ੍ਹਾਂ ਦੇ ਹਾਲਾਤ ਨਾਲ ਨਿਪਟਣ ਲਈ ਪੁਲਿਸ, ਅਰਧ ਸੁਰੱਖਿਆ ਬਲ ਅਤੇ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਜੀ.ਪੀ ਲਾਅ ਐਂਡ ਆਰਡਰ ਸ. ਹਰਦੀਪ ਸਿੰਘ ਢਿੱਲੋਂ, ਡੀ.ਜੀ.ਪੀ. ਇੰਟੈਲੀਜੈਂਸ ਸ਼੍ਰੀ ਦਿਨਕਰ ਗੁਪਤਾ, ਸ. ਹਰਪ੍ਰੀਤ ਸਿੰਘ ਸਿੱਧੂ ਏ.ਡੀ.ਜੀ.ਪੀ. ਐਸ.ਟੀ.ਐਫ. ਐਂਡ ਬਾਰਡਰ, ਸ. ਰਜਿੰਦਰ ਸਿੰਘ ਡੀ.ਆਈ.ਜੀ ਫ਼ਿਰੋਜ਼ਪੁਰ ਵੀ ਹਾਜ਼ਰ ਸਨ।
ਡੀ.ਜੀ.ਪੀ ਸ਼੍ਰੀ ਸੁਰੇਸ਼ ਅਰੋੜਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਕਿਸੇ ਨੂੰ ਵੀ ਰਾਜ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਅਮਨ ਸ਼ਾਂਤੀ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਅਦਾਲਤ ਦੇ ਫ਼ੈਸਲੇ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਹਰ ਸਮੇਂ ਚੌਕਸ ਰਹਿਣ ਤੇ ਹਰ ਹਾਲਾਤ ਵਿਚ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਾ ਕਾਇਮ ਰੱਖਣ ਦੇ ਨਿਰਦੇਸ਼ ਦਿੱਤੇ। ਡੀ.ਜੀ.ਪੀ ਨੇ ਡੀ.ਜੀ.ਪੀ ਲਾਅ ਐਂਡ ਆਰਡਰ ਅਤੇ ਡੀ.ਜੀ.ਪੀ ਇੰਟੈਲੀਜੈਂਸ ਨਾਲ ਜ਼ਿਲ੍ਹਾ ਮੈਜਿਸਟਰੇਟਾਂ ਅਤੇ ਐਸ.ਐੱਚ.ਓ ਪੱਧਰ ਤੇ ਅਧਿਕਾਰੀਆਂ ਤੋਂ ਇਲਾਵਾ ਨੀਮ ਫ਼ੌਜੀ ਬਲਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੌਜੂਦਾ ਅਮਨ ਕਾਨੂੰਨ ਦੀ ਸਥਿਤੀ ਬਾਰੇ ਅਤੇ ਕਿਸੇ ਅਣਸੁਖਾਂਵੀ ਘਟਨਾ ਦੇ ਵਾਪਰਨ ਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਵਿਵਸਥਾ ਨੂੰ ਪੁਰੀ ਤਰਾ ਬਣਾਉਣ ਅਤੇ ਕਿਸੇ ਤਰਾਂ ਵੀ ਲੋਕਾਂ ਦੀ ਜਾਇਦਾਦ ਅਤੇ ਜੀਵਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਸਬੰਧੀ ਚੁੱਕੇ ਜਾਣ ਵਾਲੇ ਹਿਫ਼ਾਜ਼ਤੀ ਸੁਰੱਖਿਆ ਕਦਮਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।
ਸ਼੍ਰੀ ਸੁਰੇਸ਼ ਅਰੋੜਾ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਮ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਤਿਆਰ ਰਹਿਣ ਅਤੇ ਸਮਾਜ ਵਿਰੋਧੀ ਤੇ ਗੜਬੜੀ ਪੈਦਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ ਹਨ ਕਿ ਕਿਸੇ ਨੂੰ ਵੀ ਸੂਬੇ ਵਿਚ ਅਮਨ ਸ਼ਾਂਤੀ ਜਾਂ ਆਪਸੀ ਭਾਈਚਾਰੇ ਵਿਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਡੀ.ਜੀ.ਪੀ ਨੂੰ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕੀਤੇ ਗਏ ਪ੍ਰਬੰਧਾਂ, ਇਲਾਕਾ ਮੈਜਿਸਟਰੇਟਾਂ ਦੀਆਂ ਡਿਊਟੀਆਂ, ਪੁਲਿਸ ਤੇ ਸਿਵਲ ਪ੍ਰਸ਼ਾਸਨ ਵਿਚਕਾਰ ਤਾਲਮੇਲ ਆਦਿ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸ਼੍ਰੀ ਗੌਰਵ ਗਰਗ ਐਸ.ਐਸ.ਪੀ ਫ਼ਿਰੋਜ਼ਪੁਰ, ਸ. ਨਾਨਕ ਸਿੰਘ ਐਸ.ਐਸ.ਪੀ ਫ਼ਰੀਦਕੋਟ, ਸ਼੍ਰੀ ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ, ਸ. ਹਰਜੀਤ ਸਿੰਘ ਸੰਧੂ ਐਸ.ਡੀ.ਐਮ. ਫ਼ਿਰੋਜ਼ਪੁਰ, ਸ. ਹਰਦੀਪ ਸਿੰਘ ਐਸ.ਡੀ.ਐਮ. ਗੁਰੂਹਰਸਹਾਏ ਤੋਂ ਇਲਾਵਾ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਹਾਜ਼ਰ ਸਨ।