ਡਿਪਟੀ ਡਾਇਰੈਕਟਰ ਨੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਵੱਲੋਂ ਕੋਰੋਨਾ ਵਾਇਰਸ ਤੋ ਬਚਾਅ ਲਈ ਜ਼ਿਲ੍ਹੇ ਦੇ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਕੰਮਾਂ ਦੀ ਜਾਂਚ ਦਾ ਕੀਤਾ ਦੌਰਾ
ਡਿਪਟੀ ਡਾਇਰੈਕਟਰ ਨੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਵੱਲੋਂ ਕੋਰੋਨਾ ਵਾਇਰਸ ਤੋ ਬਚਾਅ ਲਈ ਜ਼ਿਲ੍ਹੇ ਦੇ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਕੰਮਾਂ ਦੀ ਜਾਂਚ ਦਾ ਕੀਤਾ ਦੌਰਾ
ਫਿਰੋਜ਼ਪੁਰ 30 ਮਾਰਚ 2020: ਕਰੋਨਾ ਵਾਇਰਸ ਦੇ ਪ੍ਰਕੋਪ ਤੋ ਬਚਾਅ ਲਈ ਜਿੱਥੇ ਸਿਹਤ ਵਿਭਾਗ ਤੇ ਪੁਲਿਸ ਵਿਭਾਗ ਵੱਲੋਂ ਦਿਨ-ਰਾਤ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ, ਉੱਥੇ ਹੀ ਨਗਰ ਕੌਂਸਲਾਂ/ਨਗਰ ਪੰਚਾਇਤਾਂ ਵੱਲੋਂ ਵੀ ਆਪਣੇ ਸਮੂਹ ਕਰਮਚਾਰੀਆਂ ਨਾਲ ਰਲ ਕੇ ਆਪਣੇ ਵੱਖ-ਵੱਖ ਕੰਮਾਂ ਪ੍ਰਤੀ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਫਿਰੋਜ਼ਪੁਰ ਦੇ ਕਾਰਜ ਸਾਧਕ ਅਫਸਰ ਸ੍ਰ. ਪਰਮਿੰਦਰ ਸਿੰਘ ਸੁਖੀਜਾ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਸਫ਼ਾਈ ਅਭਿਆਨ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਚੱਲ ਰਹੇ ਕਰਫ਼ਿਊ ਦੌਰਾਨ ਜਿੱਥੇ ਸਫ਼ਾਈ ਕਰਮਚਾਰੀਆਂ ਵੱਲੋ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਉੱਥੇ ਹੀ ਵਿਭਾਗ ਨਾਲ ਰਲ ਕੇ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਆ ਅੰਦਰ ਸੈਨੇਟਾਈਜੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਫਿਰੋਜ਼ਪੁਰ ਡਾ: ਨਾਇਨ ਪੀ.ਸੀ.ਐਸ ਵੱਲੋਂ ਖ਼ੁਦ ਜ਼ਿਲ੍ਹੇ ਵਿਚ ਮਖੂ, ਧਰਮਕੋਟ, ਕੋਟ-ਈਸੇ ਖਾ, ਫਤਿਹਗੜ੍ਹ ਪੰਜਤੂਰ, ਬਧਨੀ ਕਲਾ, ਜ਼ੀਰਾ, ਮੱਖੂ, ਮੱਲਾਂਵਾਲਾ ਅਤੇ ਫਿਰੋਜ਼ਪੁਰ ਵਿੱਚ ਚੱਲ ਰਹੇ ਕਰੋਨਾ ਵਾਇਰਸ ਸਬੰਧੀ ਕੰਮਾਂ ਦੀ ਜਾਂਚ ਕੀਤੀ ਗਈ ਤੇ ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਮੁਸ਼ਕਲ ਸਮੇਂ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਕਿ ਇਸ ਔਖੇ ਸਮੇਂ ਤੋ ਨਿਕਲਿਆ ਜਾ ਸਕੇ।