ਡਿਪਟੀ ਕਮਿਸ਼ਨਰ ਨੇ ਗਰਮ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਕੀਤੀ ਜਾਰੀ
ਡਿਪਟੀ ਕਮਿਸ਼ਨਰ ਨੇ ਗਰਮ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਕੀਤੀ ਜਾਰੀ
ਫਿਰੋਜ਼ਪੁਰ 14 ਫ਼ਰਵਰੀ, 2025: ਸਬਜ਼ੀਆਂ ਵਿਟਾਮਿਨ, ਮਿਨਰਲ, ਫਾਈਟੋਕੈਮੀਕਲ, ਫਾਈਬਰ ਦਾ ਵਧੀਆ ਸੋਮਾ ਹੋਣ ਕਾਰਨ ਮਨੁੱਖੀ ਸ਼ਰੀਰ ਦੀ ਬਿਮਾਰੀਆਂ ਪ੍ਰਤੀ ਲੜਨ ਦੀ ਸ਼ਕਤੀ ਵਧਾਉਂਦੀਆਂ ਹਨ। ਇਸ ਲਈ ਸਾਨੂੰ ਘਰੇਲੂ ਬਗੀਚੀ ਤਹਿਤ ਆਪਣੇ ਘਰਾਂ ਵਿਚ ਰਸਾਇਣਿਕ ਜ਼ਹਿਰਾਂ ਤੋਂ ਰਹਿਤ ਸਬਜ਼ੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਫਿਰੋਜਪੁਰ ਦੀਪਸ਼ਿਖਾ ਸ਼ਰਮਾ ਨੇ ਨੇ ਗਰਮ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਜਾਰੀ ਕਰਨ ਮੌਕੇ ਇਹ ਪ੍ਰਗਟਾਵਾ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਜ਼ਹਿਰ ਰਹਿਤ ਘਰੇਲੂ ਪੱਧਰ ‘ਤੇ ਸਬਜ਼ੀਆਂ ਦੀ ਪੈਦਾਵਾਰ ਲਈ ਮਿੰਨੀ ਕਿੱਟਾਂ ਤਿਆਰ ਕਰਕੇ ਸਸਤੇ ਰੇਟਾਂ ‘ਤੇ ਮੁਹੱਈਆ ਕਰਵਾਈਆਂ ਜਾਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀਆਂ ਮਿੰਨੀ ਕਿੱਟਾਂ ਰਿਲੀਜ ਕਰਦੇ ਹੋਏ ਜ਼ਿਲ੍ਹੇ ਵਿੱਚ ਘਰੇਲੂ ਪੱਧਰ ‘ਤੇ ਜ਼ਹਿਰਾਂ ਰਹਿਤ ਸਬਜ਼ੀਆਂ ਉੁਗਾ ਕੇ ਖਪਤ ਕਰਨ ਦਾ ਸੁਨੇਹਾ ਦਿੱਤਾ।
ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਬਲਕਾਰ ਸਿੰਘ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਹੈਦਰਾਬਾਦ ਦੇ ਸੰਤੁਲਿਤ ਖੁਰਾਕ ਮਾਪਦੰਡਾਂ ਅਨੁਸਾਰ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਤਾਜਾ ਸਬਜ਼ੀ ਜਿਸ ਵਿਚ 120 ਗ੍ਰਾਮ ਹਰੇ ਪੱਤੇ ਵਾਲੀਆਂ, 90 ਗ੍ਰਾਮ ਜ਼ੜ੍ਹਾਂ ਵਾਲੀਆਂ ਅਤੇ 90 ਗ੍ਰਾਮ ਹੋਰ ਸਬਜੀਆਂ ਦੀ ਲੋੜ ਹੁੰਦੀ ਹੈ।
ਇਸ ਗਰਮੀ ਰੁੱਤ ਸਬਜ਼ੀ ਬੀਜ ਕਿੱਟ ਵਿਚ ਬਿਜਾਈ ਲਈ ਭਿੰਡੀ, ਘੀਆ ਕੱਦੂ, ਖੀਰਾ, ਚੱਪਣ ਕੱਦੂ, ਘੀਆ ਤੋਰੀ, ਕਾਉੂਪੀਜ਼ (ਲੋਬੀਆ), ਟੀਂਡਾ, ਹਲਵਾ ਕੱਦੂ, ਤਰ ਅਤੇ ਕਰੇਲਾ ਦੇ ਬੀਜ ਹਨ, ਜਿੰਨਾਂ ਦੀ ਲਗਭਗ 4 ਤੋਂ 5 ਮਰਲੇ ਵਿਚ ਬਿਜਾਈ ਕਰਕੇ ਇਕ ਆਮ ਪਰਿਵਾਰ ਦੀ ਸਬਜੀਆਂ ਦੀ ਲੋੜ ਪੂਰੀ ਹੋ ਜਾਂਦੀ ਹੈ। ਇੱਕ ਸਬਜ਼ੀ ਬੀਜ ਮਿੰਨੀ ਕਿੱਟ ਦਾ ਸਰਕਾਰੀ ਰੇਟ 80 ਰੁਪਏ ਪ੍ਰਤੀ ਕਿੱਟ ਰੱਖਿਆ ਗਿਆ ਹੈ ਅਤੇ ਇਹ ਕਿੱਟਾਂ ਬਾਗਬਾਨੀ ਵਿਭਾਗ ਦੇ ਦਫ਼ਤਰ ਤੋ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਇਸ ਮੌਕੇ ਸ੍ਰੀ ਪਰਦੀਪ ਸਿੰਘ, ਸ੍ਰੀ ਸਿਮਰਨ ਸਿੰਘ ਬਾਗਬਾਨੀ ਅਧਿਕਾਰੀ ਵੀ ਹਾਜ਼ਰ ਸਨ।