ਡਿਪਟੀ ਕਮਿਸ਼ਨਰ ਵੱਲੋਂ ਭਾਸ਼ਾ ਵਿਭਾਗ ਫਿਰੋਜ਼ਪੁਰ ਦੀ ਇਤਿਹਾਸਕ ਦਸਤਾਵੇਜ਼ੀ ਫਿਲਮ ਰਿਲੀਜ਼
ਦਸਤਾਵੇਜੀ ਫਿਲਮ ਰਾਹੀਂ ਫ਼ਿਰੋਜ਼ਪੁਰ ਦੇ ਇਤਿਹਾਸਕ ਪਹਿਲੂਆਂ ਨੂੰ ਖੂਬਸੂਰਤੀ ਨਾਲ ਕੀਤਾ ਗਿਆ ਪੇਸ਼ - ਸਹਾਇਕ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਭਾਸ਼ਾ ਵਿਭਾਗ ਫਿਰੋਜ਼ਪੁਰ ਦੀ ਇਤਿਹਾਸਕ ਦਸਤਾਵੇਜ਼ੀ ਫਿਲਮ ਰਿਲੀਜ਼
ਜ਼ਿਲ੍ਹਾ ਭਾਸ਼ਾ ਅਫ਼ਸਰ ਦੇ ਇਸ ਉਪਰਾਲੇ ਦੀ ਕੀਤੀ ਸ਼ਲਾਘਾ
ਦਸਤਾਵੇਜੀ ਫਿਲਮ ਰਾਹੀਂ ਫ਼ਿਰੋਜ਼ਪੁਰ ਦੇ ਇਤਿਹਾਸਕ ਪਹਿਲੂਆਂ ਨੂੰ ਖੂਬਸੂਰਤੀ ਨਾਲ ਕੀਤਾ ਗਿਆ ਪੇਸ਼ – ਸਹਾਇਕ ਕਮਿਸ਼ਨਰ
ਫ਼ਿਰੋਜ਼ਪੁਰ, 23 ਫ਼ਰਵਰੀ 2023: ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਸ਼ਾ ਵਿਭਾਗ ਫਿਰੋਜ਼ਪੁਰ ਦੀ ਇਤਿਹਾਸਕ ਦਸਤਾਵੇਜ਼ੀ ਫਿਲਮ (ਡਾਕੂਮੈਂਟਰੀ) ਰਿਲੀਜ਼ ਕੀਤੀ ਗਈ। ਜਿਸ ਵਿੱਚ ਫ਼ਿਰੋਜ਼ਪੁਰ ਦੇ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਪੇਸ਼ ਕੀਤਾ ਗਿਆ ਹੈ ਤੇ ਨਿਰਦੇਸ਼ਨ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਡਾ. ਜਗਦੀਪ ਸਿੰਘ ਸੰਧੂ ਵੱਲੋਂ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਸ਼੍ਰੀ ਸੂਰਜ ਕੁਮਾਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਅਰਵਿੰਦ ਪ੍ਰਕਾਸ਼ ਵਰਮਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਮੌਕੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨੂੰ ਇਹ ਦਸਤਾਵੇਜ਼ੀ ਫਿਲਮ ਦਿਖਾਈ ਗਈ। ਇਸ ਉਪਰੰਤ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਇਹ ਇੱਕ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਉਹ ਕੌਮਾਂ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਹਨ ਜੋ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਸੰਭਾਲ ਕੇ ਰੱਖਦੀਆਂ ਹਨ। ਉਨ੍ਹਾਂ ਨੇ ਇਹ ਦਸਤਾਵੇਜ਼ੀ ਫਿਲਮ ਵੱਧ ਤੋਂ ਵੱਧ ਲੋਕਾਂ ਤੱਕ ਸਾਂਝੀ ਕਰਨ ਦੀ ਅਪੀਲ ਵੀ ਕੀਤੀ। ਸਹਾਇਕ ਕਮਿਸ਼ਨਰ ਸ਼੍ਰੀ ਸੂਰਜ ਕੁਮਾਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਅਰਵਿੰਦ ਪ੍ਰਕਾਸ਼ ਵਰਮਾ ਨੇ ਕਿਹਾ ਕਿ ਇਸ ਡਾਕੂਮੈਂਟਰੀ ਰਾਹੀਂ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਬਹੁਤ ਹੀ ਵਿਉਂਤਬੱਧ ਅਤੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਫ਼ਿਰੋਜ਼ਪੁਰ ‘ਸ਼ਹੀਦਾਂ ਦੀ ਧਰਤੀ‘ ਵਜੋਂ ਜਾਣਿਆ ਜਾਂਦਾ ਇੱਕ ਇਤਿਹਾਸਕ ਸ਼ਹਿਰ ਹੈ। ਲੋਕ ਆਪਣੇ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਕੇਵਲ 10 ਮਿੰਟ ਕੱਢ ਕੇ ਇਸ ਦਸਤਾਵੇਜ਼ੀ ਫਿਲਮ ਰਾਹੀਂ ਫਿਰੋਜ਼ਪੁਰ ਦੇ ਇਤਿਹਾਸ ਨੂੰ ਬਹੁਤ ਹੀ ਸੰਖੇਪ ਰੂਪ ਵੇਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਫਿਲਮ ਯੂ-ਟਿਊਬ ‘ਤੇ ਉਪਲੱਬਧ ਹੈ ਜਿਸਦਾ ਲਿੰਕ ਹੈ।
ਇਸ ਦਸਤਾਵੇਜ਼ੀ ਫਿਲਮ ਦੀ ਪਟਕਥਾ ਲੇਖਨ ਦਾ ਕਾਰਜ ਵਿਦਵਾਨ ਚਿੰਤਕ ਡਾ. ਰਾਮੇਸ਼ਵਰ ਸਿੰਘ ਕਟਾਰਾ, ਆਵਾਜ਼ ਉੱਘੇ ਫਿਲਮੀ ਕਲਾਕਾਰ ਭਾਰਤੀ ਦੱਤ, ਪਟਕਥਾ ਅਨੁਵਾਦ ਸੈਮ ਗੁਰਵਿੰਦਰ, ਵੀਡੀਓ ਸੰਪਾਦਨ ਹਰਜੋਤ ਨਟਰਾਜ ਅਤੇ ਕੈਮਰਾ ਵੀ.ਕੇ. ਸਟੂਡੀਓ ਦਾ ਹੈ ।
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਅਮਰੀਕ ਸਿੰਘ ਨੇ ਕਿਹਾ ਕਿ ਡਾ. ਜਗਦੀਪ ਸਿੰਘ ਰੰਗਮੰਚ (ਥੀਏਟਰ) ਦੇ ਬਹੁਤ ਵਧੀਆ ਕਲਾਕਾਰ ਹਨ ਅਤੇ ਉਹ ਇੱਕ ਚੰਗੇ ਨਿਰਦੇਸ਼ਕ/ਅਦਾਕਾਰ ਵੀ ਹਨ ਜਿਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਰੰਗਮੰਚ ਦੇ ਖੇਤਰ ਵਿੱਚ ਗੋਲਡ ਮੈਡਲ ਮਿਲ ਚੁੱਕਾ ਹੈ। ਰੰਗਮੰਚ ਦੇ ਖੇਤਰ ਵਿੱਚ ਹੀ ਇਨ੍ਹਾਂ ਨੇ ਪੀ.ਐੱਚ.ਡੀ. ਅਤੇ ਐੱਮ.ਫਿਲ. ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਵੱਲੋਂ ਇਹ ਸਲਾਹੁਣਯੋਗ ਉਪਰਾਲਾ ਕੀਤਾ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਜਸਵੰਤ ਸਿੰਘ ਬੜੈਚ, ਸੁਪਰਡੰਟ ਸ਼੍ਰੀ ਜੋਗਿੰਦਰ ਕੁਮਾਰ, ਇਤਿਹਾਸਕਾਰ ਡਾ. ਰਾਮੇਸ਼ਵਰ ਸਿੰਘ ਕਟਾਰਾ, ਸਕੱਤਰ ਰੈੱਡ ਕਰਾਸ ਸ਼੍ਰੀ ਅਸ਼ੋਕ ਬਹਿਲ ਅਤੇ ਖੋਜ ਅਫ਼ਸਰ ਦਲਜੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।