ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ‘ਚ ਸਥਾਪਿਤ ਕੰਟਰੋਲ ਰੂਮ ਦਾ ਦੌਰਾ, ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਤਾਇਨਾਤ ਅਮਲੇ ਦੀ ਕੀਤੀ ਸ਼ਲਾਘਾ
ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਲਈ ਕੰਮ ਨੂੰ ਪੂਰੀ ਮਿਸ਼ਨਰੀ ਭਾਵਨਾ ਨਾਲ ਜਾਰੀ ਰੱਖਣ ਲਈ ਕਿਹਾ
ਫਿਰੋਜਪੁਰ, 28 ਮਈ
ਡਿਪਟੀ ਕਮਿਸ਼ਨਰ ਫਿਰੋਜਪੁਰ ਸ਼੍ਰੀ ਕੁਲਵੰਤ ਸਿੰਘ ਨੇ ਅੱਜ ਕੋਵਿਡ-19 ਦੀ ਮਹਾਮਾਰੀ ਦੌਰਾਨ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਥਾਪਿਤ ਕੀਤੇ ਗਏ ਕੰਟਰੋਲ ਰੂਮ ਵਿੱਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਨਿਭਾਈ ਜਾ ਰਹੀ ਸ਼ਾਨਦਾਰ ਡਿਊਟੀ ਦੀ ਸ਼ਲਾਘਾ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਵਿੰਦਰ ਪਾਲ ਸੰਧੂ, ਸਹਾਇਕ ਕਮਿਸ਼ਨਰ ਸ਼੍ਰੀ ਰਵਿੰਦਰ ਸਿੰਘ, ਜਿਲਾ ਖੁਰਾਕ ਅਤੇ ਸਿਵਿਲ ਸਪਲਾਈ ਕੰਟਰੋਲਰ ਸ਼੍ਰੀ ਪਿੰਦਰ ਸਿੰਘ ਦੇ ਨਾਲ ਕੰਟਰੋਲ ਰੂਮ ਦਾ ਦੌਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਇਥੇ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਇਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਇਸ ਔਖੀ ਘੜੀ ਵਿੱਚ ਨਿਭਾਈ ਜਾ ਰਹੀ ਡਿਊਟੀ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾੰ ਕਿਹਾ ਕਿ ਇਹ ਕੰਟਰੋਲ ਰੂਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੱਡੇ ਪੱਧਰ ‘ਤੇ ਹੱਲ ਕਰਨ ਲਈ ਜ਼ਿਲਾ ਪ੍ਰਸ਼ਾਸਨ ਤੇ ਆਮ ਲੋਕਾਂ ਵਿਚਕਾਰ ਇਕ ਪੁਲ ਦਾ ਕੰਮ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਕੰਟਰੋਲ ਰੂਮ ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਉਨ੍ਹਾੰ ਕਿਹਾ ਕਿ ਸੰਕਟ ਸਮੇਂ ਕੰਟਰੋਲ ਰੂਮ ਵਲੋਂ ਪ੍ਰਾਪਤ ਕੀਤੀਆਂ ਗਈਆਂ ਸ਼ਿਕਾਇਤਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਰਾ ਕੀਤਾ ਗਿਆ ਹੈ।
ਉਨ੍ਹਾੰ ਕਿਹਾ ਕਿ ਪ੍ਰਾਪਤ ਸ਼ਿਕਾਇਤਾਂ ਨੂੰ ਸਬੰਧਿਤ ਵਿਭਾਗਾਂ ਨੂੰ ਭੇਜਿਆ ਗਿਆ ਤੇ ਕੰਟਰੋਲ ਰੂਮ ਦੀ ਦੇਖ ਰੇਖ ਕਰ ਰਹੇ ਅਧਿਕਾਰੀਆਂ ਵਲੋਂ ਸਮੇਂ ਸਿਰ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਯਕੀਨੀ ਬਣਾਇਆ ਗਿਆ । ਡੀਸੀ ਨੇ ਦਸਿਆ ਕਿ ਹੁਣ ਪਹਿਲਾਂ ਦੇ ਮੁਕਾਬਲੇ ਟੈਲੀਫੋਨ ਆਉਣੇ ਘਟੇ ਹਨ ਪਰ ਅਜੇ ਕੰਮ ਮੁਕੰਮਲ ਨਹੀਂ ਹੋਇਆ। ਉਨ੍ਹਾੰ ਅਧਿਕਾਰੀਆਂ ਨੂੰ ਕਿਹਾ ਕਿ ਅਪਣੀ ਡਿਊਟੀ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਜਾਰੀ ਰੱਖਣ ਤਾਂ ਜੋ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਕੰਟਰੋਲ ਰੂਮ ‘ਤੇ ਕੰਮ ਦਾ ਬੋਝ ਕੁਝ ਘਟਿਆ ਹੈ ਪਰ ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਘਟਿਆ ਨਹੀਂ ਹੈ, ਇਸ ਲਈ ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾੰ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਸਾਮੂਹਿਕ ਕੋਸ਼ਿਸ਼ਾਂ ਨਾਲ ਜਿਤਿਆ ਜਾਵੇ।