ਟਰੈਕਸ-ਟਰੱਕ ਵਿਚਾਲੇ ਵਾਪਰੇ ਭਿਆਨਕ ਸੜਕ ਹਾਦਸੇ 'ਚ 9 ਦੀ ਮੌਤ
ਮਰਨ ਵਾਲਿਆਂ ਵਿਚ 5 ਆਦਮੀ ਅਤੇ 4 ਔਰਤਾਂ ਸ਼ਾਮਿਲ
ਸੰਤ ਸੁਰਿੰਦਰ ਸਿੰਘ ਢੇਸੀਆਂ ਕਾਹਨਾਂ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਲਈ ਪਿੰਡ ਛਾਂਗਾ ਰਾਏ ਤੋਂ ਜਾ ਰਹੇ ਸਨ ਸ਼ਰਧਾਲੂ
ਗੁਰੂਹਰਸਹਾਏ, 13 ਮਾਰਚ (ਪਰਮਪਾਲ ਗੁਲਾਟੀ)- ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ.ਰੋਡ 'ਤੇ ਸਥਿਤ ਪਿੰਡ ਅਲਫੂ ਕੇ ਦੇ ਨਜ਼ਦੀਕ ਇਕ ਟਰੈਕਸ ਗੱਡੀ ਅਤੇ ਟਰੱਕ ਦੀ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਟਰੈਕਸ ਗੱਡੀ ਵਿਚ ਸਵਾਰ 9 ਵਿਅਕਤੀਆਂ ਦੀ ਮੌਤ ਹੋ ਗਈ, ਮਰਨ ਵਾਲਿਆਂ ਵਿਚ 5 ਆਦਮੀ ਅਤੇ 4 ਔਰਤਾਂ ਸ਼ਾਮਿਲ ਹਨ।
ਮੌਕੇ 'ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਗੁਰੂਹਰਸਹਾਏ ਨਜ਼ਦੀਕੀ ਪਿੰਡ ਛਾਂਗਾ ਰਾਏ ਉਤਾੜ ਤੋਂ ਡੇਰਾ ਢੇਸੀਆਂ ਜਲੰਧਰ ਦੇ ਸ਼ਰਧਾਲੂ ਡੇਰਾ ਮੁਖੀ ਸੰਤ ਸੁਰਿੰਦਰ ਸਿੰਘ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਅੱਜ ਸਵੇਰੇ ਟਰੈਕਸ ਗੱਡੀ ਨੰਬਰ ਪੀ.ਬੀ.05-ਵਾਈ 9239 'ਤੇ ਸਵਾਰ ਹੋ ਕੇ ਚੱਲੇ ਸਨ, ਜਦੋ ਇਹ ਸਵੇਰੇ ਕਰੀਬ 7-30 ਵਜੇ ਫਿਰੋਜ਼ਪੁਰ-ਫਾਜਿਲਕਾ ਜੀ.ਟੀ ਰੋਡ 'ਤੇ ਪਿੰਡ ਅਲਫੂ ਕੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੰਬਰ ਆਰ.ਜੇ.07-ਜੀ 5736 ਉਲਟ ਪਾਸੇ ਜਾ ਕੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਅਤੇ ਟਰੈਕਸ ਗੱਡੀ ਨੂੰ ਕੋਈ 100 ਫੁੱਟ ਤੱਕ ਘੜੀਸਦੇ ਹੋਏ ਪੂਰੀ ਤਰ•ਾਂ ਚਕਨਾ-ਚੂਰ ਕਰ ਦਿੱਤਾ ਅਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਭਿਆਨਕ ਹਾਦਸੇ ਦੌਰਾਨ ਟਰੈਕਸ 'ਚ ਸਵਾਰ 5 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 8 ਗੰਭੀਰ ਜਖ਼ਮੀ ਬੁਰੀ ਤਰ•ਾਂ ਗੱਡੀ ਵਿਚ ਫਸ ਗਏ ਜਿਹਨਾਂ ਨੂੰ ਨਜ਼ਦੀਕੀ ਘਰਾਂ ਵਾਲਿਆਂ, ਰਾਹਗੀਰਾਂ ਅਤੇ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਪਾਰਟੀ ਵਲੋਂ ਭਾਰੀ ਜਦੋ-ਜਹਿਦ ਅਤੇ ਟਰੈਕਟਰ ਦੀ ਮਦਦ ਨਾਲ ਟੋਚਨ ਪਾ ਕੇ ਟਰੈਕਸ ਦੀਆਂ ਬਾਰੀਆਂ ਪੁੱਟ ਕੇ ਜਖ਼ਮੀਆਂ ਨੂੰ ਬਾਹਰ ਕੱਢਿਆ ਅਤੇ 108 ਐਬੂਲੈਂਸ ਰਾਹੀਂ ਇਲਾਜ਼ ਲਈ ਵੱਖ-ਵੱਖ ਹਸਪਤਾਲਾਂ 'ਚ ਭੇਜਿਆ ਗਿਆ, ਜਿੱਥੇ ਗੰਭੀਰ ਜਖ਼ਮੀਆਂ ਵਿਚੋਂ 4 ਦੀ ਮੌਤ ਹੋ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ। ਮਰਨ ਵਾਲਿਆਂ ਦੀ ਪਹਿਚਾਣ ਜੋਗਿੰਦਰ ਸਿੰਘ ਪੁੱਤਰ ਸੋਹਨ ਸਿੰਘ, ਦਿਆਲ ਸਿੰਘ ਪੁੱਤਰ ਖਾਨ ਸਿੰਘ, ਬਿਸ਼ੰਬਰ ਸਿੰਘ ਪੁੱਤਰ ਜੀਤ ਸਿੰਘ, ਸੋਨੂੰ ਪੁੱਤਰ ਬਗੀਚਾ ਸਿੰਘ, ਸੰਤੋ ਬੀਬੀ ਪਤਨੀ ਦੇਸ ਸਿੰਘ, ਕਰਤਾਰੋ ਬੀਬੀ ਪਤਨੀ ਕਸ਼ਮੀਰ ਸਿੰਘ, ਭਾਗੋ ਪਤਨੀ ਜੰਗੀਰ ਸਿੰਘ, ਦੁਰਗੋ ਬੀਬੀ ਪਤਨੀ ਹਰਨੇਕ ਸਿੰਘ ਸਾਰੇ ਵਾਸੀਆਨ ਪਿੰਡ ਛਾਂਗਾ ਰਾਏ ਉਤਾੜ ਅਤੇ ਹਰਮੇਸ਼ ਸਿੰਘ ਵਾਸੀ ਪਿੰਡ ਮਾੜੇ ਖੁਰਦ ਵਜੋਂ ਹੋਈ ਹੈ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲÂਂੀ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਭੇਜ ਦਿੱਤਾ ਗਿਆ, ਜਿੱਥੇ ਪ੍ਰਸ਼ਾਸ਼ਨਿਕ, ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਸਮਾਜਿਕ ਅਤੇ ਸਿਆਸੀ ਆਗੂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਸਨ ਅਤੇ ਪੂਰਾ ਇਲਾਕਾ ਸੋਗ ਵਿਚ ਡੁੱਬਾ ਹੋਇਆ ਹੈ। ਉਧਰ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ ਵੱਲੋਂ ਜਖ਼ਮੀਆਂ ਦੇ ਇਲਾਜ਼ ਦਾ ਸਾਰਾ ਖਰਚ ਪੰਜਾਬ ਸਰਕਾਰ ਅਤੇ ਰੈਡੱ ਕਰਾਸ ਵੱਲੋਂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।