Ferozepur News
ਜ਼ਿਲ੍ਹੇ ਦੇ 29 ਸਰਬੋਤਮ ਅਧਿਆਪਕਾਂ ਨੂੰ ਡੀ.ਸੀ. ਰਾਜੇਸ਼ ਧੀਮਾਨ ਨੇ ਕੀਤਾ ਸਨਮਾਨਿਤ
ਜ਼ਿਲ੍ਹੇ ਦੇ 29 ਸਰਬੋਤਮ ਅਧਿਆਪਕਾਂ ਨੂੰ ਡੀ.ਸੀ. ਰਾਜੇਸ਼ ਧੀਮਾਨ ਨੇ ਕੀਤਾ ਸਨਮਾਨਿਤ
ਫ਼ਿਰੋਜ਼ਪੁਰ, 06 ਸਤੰਬਰ 2024:
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਅਧਿਆਪਕ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਸਰਬੋਤਮ ਅਧਿਆਪਕ ਸਨਮਾਨ ਸਮਾਰੋਹ ਮੌਕੇ ਜ਼ਿਲ੍ਹੇ ਦੇ 29 ਅਧਿਆਪਕਾਂ ਨੂੰ ਸਰਬੋਤਮ ਅਧਿਆਪਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ਼੍ਰੀਮਤੀ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਵੱਲੋਂ ਆਯੋਜਿਤ ਇਸ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਦੇ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਦਾ ਮਨੁੱਖ ਦੀ ਜ਼ਿੰਦਗੀ ਦੇ ਵਿਕਾਸ, ਤਰੱਕੀ ਅਤੇ ਉੱਚਤਾ ਲਈ ਮਹੱਤਵਪੂਰਨ ਸਥਾਨ ਹੁੰਦਾ ਹੈ। ਅਧਿਆਪਕਾਂ ਤੋਂ ਪ੍ਰਾਪਤ ਗਿਆਨ ਦੀ ਲੋਅ ਸਦਕਾ ਹੀ ਇਕ ਸਭਿਅਕ ਸਮਾਜ ਦੀ ਸਿਰਜਣਾ ਹੁੰਦੀ ਹੈ। ਅਧਿਆਪਕਾਂ ਤੋਂ ਗਿਆਨ ਪ੍ਰਾਪਤ ਕਰਕੇ ਹੀ ਵਿਦਿਆਰਥੀ ਇਕ ਸੂਝਵਾਨ ਤੇ ਸੱਭਿਅਕ ਨਾਗਰਿਕ ਬਣਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਆਪਣੇ ਆਪ ਵਿੱਚ ਮਹਾਨ ਰੁਤਬਾ ਹੈ ਅਤੇ ਇਸ ਰੁਬਤੇ ਨੂੰ ਸਹੀ ਥਾਂ ਦਿਵਾਉਣ ਦੇ ਲਈ ਹੀ ਸਾਡੇ ਦੇਸ਼ ਵਿੱਚ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕੋਸ਼ਿਸ਼ਾਂ ਕੀਤੀਆਂ, ਜੋ ਖੁਦ ਵੀ ਇੱਕ ਬਿਹਤਰੀਨ ਅਧਿਆਪਕ ਸਨ। ਆਪਣੇ ਇਸ ਅਹਿਮ ਯੋਗਦਾਨ ਦੇ ਕਾਰਨ ਹੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਦੇ ਜਨਮਦਿਨ ਨੂੰ ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ਼੍ਰੀਮਤੀ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਸਮਾਰੋਹ ਵਿੱਚ ਸਨਮਾਨਿਤ ਇਨ੍ਹਾਂ ਅਧਿਆਪਕਾਂ ਨੇ ਅਧਿਆਪਨ ਤੋਂ ਇਲਾਵਾ ਵਿਦਿਆ ਦੇ ਖੇਤਰ, ਸਕੂਲਾਂ ਦੇ ਵਿਕਾਸ ਅਤੇ ਲੋੜਵੰਦ ਬੱਚਿਆਂ ਦੀਆਂ ਜ਼ਰੂਰਤਾਂ ਤੇ ਪੜ੍ਹਾਈ ਲਈ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਉਨ੍ਹਾਂ ਅਧਿਆਪਕਾਂ ਨੂੰ ਅਧਿਆਪਕ ਦਿਵਸ ਤੇ ਮੁਬਾਰਕਬਾਦ ਦਿੱਤੀ ਅਤੇ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਭਵਿੱਖ ਵਿੱਚ ਹੋਰ ਵੀ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੇ ਨੋਡਲ ਇੰਚਾਰਜ ਸਟੇਟ ਐਵਾਰਡੀ ਉਮੇਸ਼ ਕੁਮਾਰ ਹੈੱਡ ਮਾਸਟਰ ਨੇ ਦੱਸਿਆ ਕਿ ਹਰੇਕ ਬਲਾਕ ਵਿੱਚੋਂ ਬੀ.ਐਨ.ਓ. ਵਲੋਂ ਦੋ-ਦੋ ਸਰਬੋਤਮ ਅਧਿਆਪਕਾਂ ਦੇ ਨਾਮ ਲਏ ਗਏ ਸਨ, ਜਿਨ੍ਹਾਂ ਨੇ ਅਧਿਆਪਨ ਕੀਤੇ ਵਿੱਚ ਬੁਲੰਦੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਇਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਵੱਖ-ਵੱਖ ਉਪਲਬੱਧੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਦੋ ਪ੍ਰਿੰਸੀਪਲ ਅਤੇ ਦੋ ਹੈੱਡ ਮਾਸਟਰ ਦੇ ਵਿਸ਼ੇਸ਼ ਕਾਰਜਾਂ ਲਈ ਵੀ ਅੱਜ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਪ੍ਰੇਮ ਸਿੰਘ ਬੀ.ਐਨ.ਓ., ਗੁਰਮੇਲ ਸਿੰਘ ਪ੍ਰਿੰਸੀਪਲ, ਨਰਿੰਦਰ ਪਾਲ ਸਿੰਘ ਪ੍ਰਿੰਸੀਪਲ, ਉਮੇਸ਼ ਕੁਮਾਰ ਹੈਡ ਮਾਸਟਰ, ਵਿਸ਼ੇਸ਼ ਸਚਦੇਵਾ ਮੁੱਖ ਅਧਿਆਪਕ, ਅਵਤਾਰ ਸਿੰਘ ਮੁੱਖ ਅਧਿਆਪਕ, ਲਲਿਤ ਕੁਮਾਰ, ਮਨਜੀਤ ਸਿੰਘ ਪੀ.ਏ., ਅਮਨ ਸ਼ਰਮਾ ਸੀਨੀਅਰ ਸਹਾਇਕ, ਸੁਖਚੈਨ ਸਿੰਘ ਸਟੈਨੋ, ਰਛਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।