ਜ਼ਿਲ੍ਹੇ ਦੀਆਂ 258 ਗ੍ਰਾਮ ਪੰਚਾਇਤਾਂ ਵਿੱਚ ਵਿਕਾਸ ਕਾਰਜਾਂ ਦੀ ਹੋਈ ਸ਼ੁਰੂਆਤ, 7136 ਮਗਨਰੇਗਾ ਵਰਕਰਾਂ ਨੂੰ ਮਿਲਿਆ ਕੰਮ
ਛੱਪੜਾਂ ਦੀ ਸਫਾਈ, ਖੇਡ ਮੈਦਾਨ ਅਤੇ ਪਾਰਕ ਦੇ ਨਿਰਮਾਣ ਕੰਮ ਕਰਵਾਏ ਗਏ ਸ਼ੁਰੂ
ਜ਼ਿਲ੍ਹੇ ਦੀਆਂ 258 ਗ੍ਰਾਮ ਪੰਚਾਇਤਾਂ ਵਿੱਚ ਵਿਕਾਸ ਕਾਰਜਾਂ ਦੀ ਹੋਈ ਸ਼ੁਰੂਆਤ, 7136 ਮਗਨਰੇਗਾ ਵਰਕਰਾਂ ਨੂੰ ਮਿਲਿਆ ਕੰਮ
ਛੱਪੜਾਂ ਦੀ ਸਫਾਈ, ਖੇਡ ਮੈਦਾਨ ਅਤੇ ਪਾਰਕ ਦੇ ਨਿਰਮਾਣ ਕੰਮ ਕਰਵਾਏ ਗਏ ਸ਼ੁਰੂ
ਫ਼ਿਰੋਜ਼ਪੁਰ 1 ਅਪ੍ਰੈਲ, 2025:ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਵਿੱਤੀ ਸਾਲ 2025-26 ਲਈ ਆਪਣੀਆਂ ਵਿਕਾਸ ਯੋਜਨਾਵਾਂ ਤਿਆਰ ਕਰਨ ਲਈ ਵਿਸ਼ੇਸ਼ ਗ੍ਰਾਮ ਸਭਾਵਾਂ ਆਯੋਜਿਤ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਗ੍ਰਾਮ ਸਭਾਵਾਂ ਵੱਲੋਂ ਗ੍ਰਾਮ ਪੰਚਾਇਤਾਂ ਵਿੱਚ ਤਰਜੀਹੀ ਵਿਕਾਸ ਕਾਰਜਾਂ ਦੇ ਮਤੇ ਪਾਸ ਕੀਤੇ ਗਏ ਸਨ। ਇਸੇ ਲੜੀ ਤਹਿਤ ਅੱਜ ਗ੍ਰਾਮ ਪੰਚਾਇਤਾਂ ਵਿੱਚ ਆਯੋਜਿਤ ਗ੍ਰਾਮ ਸਭਾਵਾਂ ਦੇ ਮਤੇ ਅਨੁਸਾਰ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦੱਸਿਆ ਕਿ ਜ਼ਿਲ੍ਹੇ ਦੀਆਂ ਅੱਜ 258 ਗ੍ਰਾਮ ਪੰਚਾਇਤਾਂ ਵਿੱਚ ਛੱਪੜਾਂ ਦੀ ਸਫਾਈ/ਸੁਧਾਰ, ਖੇਡ ਮੈਦਾਨਾਂ ਅਤੇ ਪਾਰਕਾਂ ਦੇ ਨਿਰਮਾਣ ਆਦਿ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਅਤੇ ਵਿਕਾਸ ਕਾਰਜਾਂ ਲਈ ਗ੍ਰਾਮ ਪੰਚਾਇਤਾਂ ਦੇ ਲਗਭਗ 7136 ਮਗਨਰੇਗਾ ਵਰਕਰਾਂ ਨੂੰ ਕੰਮ ਵੀ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਲਦ ਹੀ ਜ਼ਿਲ੍ਹੇ ਦੀਆਂ ਜ਼ਿਲ੍ਹੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਵਿੱਚ ਛੱਪੜਾਂ ਦਾ ਸੁੱਧਾਰ, ਖੇਡ ਮੈਦਾਨਾਂ, ਪਾਰਕਾਂ ਦਾ ਨਿਰਮਾਣ ਅਤੇ ਨਹਿਰੀ ਵਿਭਾਗ ਅਧੀਨ ਆਉਂਦੇ ਨਹਿਰੀ ਖਾਲਿਆਂ ਦਾ ਨਵੀਨੀਕਰਨ ਅਤੇ ਰਿਪੇਅਰ ਦਾ ਕੰਮ ਵੀ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਬੰਧਿਤ ਅਧਿਕਾਰੀਆਂ ਨੂੰ ਗ੍ਰਾਮ ਪੰਚਾਇਤਾਂ ਵਿੱਚ ਵਿਕਾਸ ਕਾਰਜਾਂ ਦੇ ਨਾਲ ਨਾਲ ਮਗਨਰੇਗਾ ਸਕੀਮ ਤਹਿਤ ਵੱਧ ਤੋਂ ਵੱਧ ਮਗਨਰੇਗਾ ਵਰਕਰਾਂ ਨੂੰ ਕੰਮ ਦੇਣ ਦੀ ਵੀ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਗ੍ਰਾਮ ਸਭਾਵਾਂ ਵੱਲੋਂ ਵਿਕਾਸ ਦੇ ਕੰਮਾਂ ਜਿਵੇਂ ਕਿ ਖੇਡ ਮੈਦਾਨ, ਪਾਰਕ ਸਮੇਤ ਨਰਸਰੀ, ਛੱਪੜ/ਤਰਲ ਕੂੜਾ ਪ੍ਰਬੰਧਨ, ਕੂੜਾ ਪ੍ਰਬੰਧਨ, ਗ੍ਰਾਮ ਪੰਚਾਇਤ ਇਮਾਰਤ ਸਮੇਤ ਰੂਰਲ ਹੱਟ ਅਤੇ ਸਾਂਝੇ ਪਖਾਨੇ, ਆਂਗਨਵਾੜੀ ਸੈਂਟਰ, ਸੈਲਫ ਹੈਲਪ ਗਰੁੱਪਾਂ ਲਈ ਕਮਿਉਨਿਟੀ ਢਾਂਚਾ, ਲਾਇਬ੍ਰੇਰੀ, ਪਲਾਂਟੇਸ਼ਨ ਆਦਿ ਸੰਬੰਧੀ ਮਤੇ ਪਾਸ ਕੀਤੇ ਗਏ ਸਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਕੰਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਉਚੱਚੇ ਤੌਰ ਤੇ ਇਨ੍ਹਾਂ ਕੰਮਾਂ ਦੀ ਨਿਗਰਾਣੀ ਰੱਖੀ ਜਾਵੇਗੀ।