ਜ਼ਿਲ੍ਹੇ ਦੀਆਂ ਸਾਰੀਆਂ 835 ਗ੍ਰਾਮ ਪੰਚਾਇਤਾਂ ਵਿੱਚ ਗ੍ਰਾਮ ਸਭਾਵਾਂ ਸਫ਼ਲਤਾਪੂਰਵਕ ਸੰਪਨ – ਡੀ.ਸੀ.
ਜ਼ਿਲ੍ਹੇ ਦੀਆਂ ਸਾਰੀਆਂ 835 ਗ੍ਰਾਮ ਪੰਚਾਇਤਾਂ ਵਿੱਚ ਗ੍ਰਾਮ ਸਭਾਵਾਂ ਸਫ਼ਲਤਾਪੂਰਵਕ ਸੰਪਨ – ਡੀ.ਸੀ.
ਫ਼ਿਰੋਜ਼ਪੁਰ, 30 ਮਾਰਚ, 2025: ਜ਼ਿਲ੍ਹੇ ਦੀਆਂ ਸਾਰੀਆਂ 835 ਗ੍ਰਾਮ ਪੰਚਾਇਤਾਂ ਵਿੱਚ ਗ੍ਰਾਮ ਸਭਾਵਾਂ ਸਫ਼ਲਤਾਪੂਰਵਕ ਸੰਪਨ ਹੋ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ (ਆਈ.ਏ.ਐਸ.) ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਵਿੱਤੀ ਸਾਲ 2025-26 ਲਈ ਆਪਣੀਆਂ ਵਿਕਾਸ ਯੋਜਨਾਵਾਂ ਤਿਆਰ ਕਰਨ ਲਈ 29 ਤੇ 30 ਮਾਰਚ ਨੂੰ ਵਿਸ਼ੇਸ਼ ਗ੍ਰਾਮ ਸਭਾਵਾਂ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹੇ ਦੇ ਛੇ ਬਲਾਕਾਂ ਵਿੱਚ 835 ਗ੍ਰਾਮ ਪੰਚਾਇਤਾਂ ਵਿਚ ਦੋ ਪੜਾਵਾਂ ਵਿੱਚ ਪਹਿਲੇ ‘ਚ 437 ਗ੍ਰਾਮ ਪੰਚਾਇਤਾਂ ਵਿੱਚ ਅਤੇ ਦੂਜੇ ਪੜਾਅ ‘ਚ 398 ਪੰਚਾਇਤਾਂ ਵਿੱਚ ਗ੍ਰਾਮ ਸਭਾਵਾਂ ਦੇ ਵਿਸ਼ੇਸ਼ ਇਜਲਾਸ ਸੱਦੇ ਗਏ ਅਤੇ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਾ ਕੇ ਤਰਜੀਹੀ ਵਿਕਾਸ ਕਾਰਜਾਂ ਦੇ ਮਤੇ ਪਾਸ ਕੀਤੇ ਗਏ। ਇਨ੍ਹਾਂ ਸਾਰੀਆਂ ਗ੍ਰਾਮ ਸਭਾਵਾਂ ਦੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਜਿੰਦਰ ਸਿੰਘ ਵੱਲੋਂ ਖੁਦ ਆਨਲਾਈਨ ਮਾਧਿਅਮ ਰਾਹੀਂ ਨਿਗਰਾਨੀ ਕੀਤੀ ਗਈ।
ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਸਰਪੰਚਾਂ, ਪੰਚਾਂ ਸਮੇਤ ਆਮ ਲੋਕਾਂ ਦੀ ਸ਼ਮੂਲੀਅਤ ਨੂੰ ਵੱਧ ਤੋਂ ਵੱਧ ਯਕੀਨੀ ਬਣਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਇਨ੍ਹਾਂ ਗ੍ਰਾਮ ਸਭਾਵਾਂ ਦਾ ਸਫ਼ਲ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਹਰੇਕ ਪਿੰਡ ਵਿੱਚ ਇੱਕ ਖੇਡ ਮੈਦਾਨ ਤੇ ਪਾਰਕ, ਬਣਾਇਆ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗ੍ਰਾਮ ਸਭਾਵਾਂ ਤਹਿਤ 1 ਅਪ੍ਰੈਲ ਤੋਂ ਪਿੰਡਾਂ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਵਿੱਚ ਖੇਡ ਮੈਦਾਨ, ਪਾਰਕ ਬਣਾਉਣ ਤੋਂ ਇਲਾਵਾ ਛੱਪੜਾਂ ਦੀ ਸਫਾਈ ਅਤੇ ਨਵੇ ਖਾਲੇ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਹਨਾਂ ਸਪੈਸ਼ਲ ਗ੍ਰਾਮ-ਸਭਾ ਇਜਲਾਸਾਂ ਦੌਰਾਨ ਵਿਕਾਸ ਦੇ ਕੰਮਾਂ ਜਿਵੇਂ ਕਿ ਖੇਡ ਮੈਦਾਨ, ਪਾਰਕ ਸਮੇਤ ਨਰਸਰੀ, ਛੱਪੜ/ਤਰਲ ਕੂੜਾ ਪ੍ਰਬੰਧਨ, ਠੇਸ ਕੂੜਾ ਪ੍ਰਬੰਧਨ, ਗ੍ਰਾਮ ਪੰਚਾਇਤ ਇਮਾਰਤ ਸਮੇਤ ਰੂਰਲ ਹੱਟ ਅਤੇ ਸਾਂਝੇ ਪਖਾਨੇ, ਆਂਗਨਵਾੜੀ ਸੈਂਟਰ, ਸੈਲਫ ਹੈਲਪ ਗਰੁੱਪਾਂ ਲਈ ਕਮਿਉਨਿਟੀ ਢਾਂਚਾ, ਲਾਇਬ੍ਰੇਰੀ, ਪਲਾਂਟੇਸ਼ਨ ਆਦਿ ਸੰਬੰਧੀ ਮਤੇ ਪਾਸ ਕੀਤੇ ਗਏ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਗ੍ਰਾਮ ਸਭਾ ਦੇ ਇਹ ਇਜਲਾਸ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੇ ਗਏ। ਗ੍ਰਾਮ ਸਭਾ ਲੋਕਤੰਤਰ ‘ਚ ਲੋਕਾਂ ਦੀ ਭੂਮਿਕਾ ਨੂੰ ਸਮਰੱਥ ਬਨਾਉਣ ਦੀ ਇੱਕ ਮਹੱਤਵਪੂਰਨ ਇਕਾਈ ਹੈ। ਉਨ੍ਹਾਂ ਕਿਹਾ ਗ੍ਰਾਮ ਸਭਾਵਾਂ ਵਿੱਚ ਪਿੰਡ ਵਾਸੀਆਂ ਦੀ ਸ਼ਮੂਲੀਅਤ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਹੱਤਤਾ ਨੂੰ ਸਮਝਦੇ ਹੋਏ ਇਨ੍ਹਾਂ ਗ੍ਰਾਮ ਸਭਾਵਾਂ ਦੌਰਾਨ ਲੋਕਾਂ ਵੱਲੋਂ ਆਪਣੇ ਪਿੰਡਾਂ ਦੇ ਮੁੱਖ ਵਿਕਾਸ ਪ੍ਰੋਜੈਕਟਾਂ ਸਬੰਧੀ ਮਤੇ ਪਾਸ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਇਨ੍ਹਾਂ ਗ੍ਰਾਮ ਸਭਾਵਾਂ ਨੂੰ ਸਫਲ ਬਣਾਇਆ ਗਿਆ।