ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਮਨਾਇਆ ਗਿਆ ਅੰਤਰ ਰਾਸ਼ਟਰੀ ਪੁਸਤਕ ਦਿਹਾੜਾ
ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਅੰਤਰ ਰਾਸ਼ਟਰੀ ਪੁਸਤਕ ਦਿਹਾੜਾ ਮਨਾਉਣਾ ਇੱਕ ਨਿਵੇਕਲਾ ਉਪਰਾਲਾ
ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਮਨਾਇਆ ਗਿਆ ਅੰਤਰ ਰਾਸ਼ਟਰੀ ਪੁਸਤਕ ਦਿਹਾੜਾ
ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਅੰਤਰ ਰਾਸ਼ਟਰੀ ਪੁਸਤਕ ਦਿਹਾੜਾ ਮਨਾਉਣਾ ਇੱਕ ਨਿਵੇਕਲਾ ਉਪਰਾਲਾ
ਫਿਰੋਜਪੁਰ , ਅਪ੍ਰੈਲ 24, 2025: ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਡਾ. ਜਗਦੀਪ ਸੰਧੂ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਦੀ ਦੇਖ-ਰੇਖ ਹੇਠ ਜ਼ਿਲ੍ਹਾ ਲਾਇਬ੍ਰੇਰੀ ਫ਼ਿਰੋਜ਼ਪੁਰ ਵਿੱਚ ਅੰਤਰ ਰਾਸ਼ਟਰੀ ਪੁਸਤਕ ਦਿਹਾੜੇ ਨੂੰ ਸਮਰਪਿਤ ਸਮਾਗਮ ‘ਪੁਸਤਕ ਦੀ ਚੋਣ ਅਤੇ ਪੜ੍ਹਨ ਦਾ ਨਜ਼ਰੀਆ’ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਸਵਾਗਤ ਕਰਦੇ ਹੋਏ ਅੰਤਰ ਰਾਸ਼ਟਰੀ ਪੁਸਤਕ ਦਿਹਾੜੇ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਕਿਹਾ ਕਿ ਪੁਸਤਕਾਂ ਮਨੁੱਖ ਨੂੰ ਸਭਿਅਕ ਪ੍ਰਾਣੀ ਬਣਾਉਂਦੀਆਂ ਹਨ ਅਤੇ ਇਹਨਾਂ ਰਾਹੀਂ ਪੀੜ੍ਹੀ ਦਰ ਪੀੜ੍ਹੀ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਗਿਆਨ ਸਾਡੇ ਤੱਕ ਪਹੁੰਚਦਾ ਹੈ ਅਤੇ ਪੁਸਤਕਾਂ ਰਾਹੀਂ ਇਹ ਗਿਆਨ ਅਗਲੀਆਂ ਪੀੜ੍ਹੀਆਂ ਤੱਕ ਵੀ ਪਹੁੰਚਦਾ ਰਹਿੰਦਾ ਹੈ।
ਇਸ ਮੌਕੇ ’ਤੇ ਮੁੱਖ ਬੁਲਾਰਿਆਂ ਵੱਜੋਂ ਪਹੁੰਚੇ ਸਮਕਾਲੀ ਦੌਰ ਦੇ ਗੰਭੀਰ ਪਾਠਕ ਅਤੇ ਚਿੰਤਕ ਸੁਖਜਿੰਦਰ ਅਤੇ ਸੈਮ ਗੁਰਵਿੰਦਰ ਨੇ ਮਨੁੱਖੀ ਜੀਵਨ ਵਿੱਚ ਪੁਸਤਕਾਂ ਦੇ ਮਹੱਤਵ ਬਾਰੇ ਵਿਸਥਾਰ ਸਹਿਤ ਚਰਚਾ ਕਰਦੇ ਹੋਏ ਮਨੁੱਖ ਦੇ ਅਸਿਤਤਵ ਅਤੇ ਵਿਸ਼ਵ ਵਿਆਪੀ ਸਰੋਕਾਰਾਂ ਦੇ ਹਵਾਲੇ ਨਾਲ ਗੱਲਬਾਤ ਕੀਤੀ। ਇਸ ਮੌਕੇ ਜ਼ਿਲ੍ਹਾ ਲਾਇਬ੍ਰੇਰੀ ਦੇ ਪਾਠਕਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ।
ਪਾਠਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸੁਖਜਿੰਦਰ ਨੇ ਕਿਹਾ ਕਿ ਸਾਨੂੰ ਵਧੀਆਂ ਪੁਸਤਕ ਦੀ ਚੋਣ ਦੀ ਸੂਝ ਸਭ ਤੋਂ ਪਹਿਲਾਂ ਸਾਡੇ ਪਾਠਕ੍ਰਮ ਤੋਂ ਹੀ ਮਿਲਦੀ ਹੈ। ਵਿਦਿਆਰਥੀ ਜੀਵਨ ਵਿੱਚ ਪੜ੍ਹਦਿਆਂ ਜੇਕਰ ਕਿਸੇ ਰਚਨਾ ਨੇ ਤੁਹਾਡੇ ਮਨ ਅੰਦਰ ਕੋਈ ਸਵਾਲ ਖੜ੍ਹਾ ਨਹੀ ਕੀਤਾ, ਚਿੰਤਨ ਲਈ ਨਹੀ ਪ੍ਰੇਰਿਆ ਜਾਂ ਕਿਸੇ ਗੱਲ ਨੇ ਤੁਹਾਡੀ ਸੰਵੇਦਨਾ ਨੂੰ ਟੁੰਬਿਆਂ ਨਹੀਂ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਤੁਸੀਂ ਪੁਸਤਕਾਂ ਤੋਂ ਦੂਰ ਹੋ ਅਤੇ ਤੁਹਾਨੂੰ ਮਨੁੱਖ ਹੋਣ ਲਈ ਪੁਸਤਕਾਂ ਨਾਲ ਜੁੜਨਾ ਚਾਹੀਦਾ ਹੈ। ਚੰਗੀ ਪੁਸਤਕ ਦੀ ਚੋਣ ਅਤੇ ਪੜ੍ਹਨ ਦਾ ਢੰਗ ਹਰੇਕ ਮਨੁੱਖ ਆਪੋ-ਆਪਣੇ ਢੰਗ ਨਾਲ ਆਪਣੇ ਸਵੈ ਅਨੁਭਵ ਵਿੱਚੋ ਸਿੱਖਦਾ ਹੈ।
ਆਪਣੀ ਗੱਲ ਨੂੰ ਅੱਗੇ ਜਾਰੀ ਰੱਖਦਿਆਂ ਕਿਹਾ ਕਿ ਇਸ ਸੰਬੰਧੀ ਸਮਝ ਬਣਾਉਣ ਅਤੇ ਇਸ ਨੂੰ ਪਕੇਰੀ ਕਰਨ ਵਿੱਚ ਅਧਿਆਪਕ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਇਸੇ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਸੈਮ ਗੁਰਵਿੰਦਰ ਨੇ ਕਿਹਾ ਕਿ ਮਨੁੱਖ ਕਹਾਣੀਆਂ ਨਾਲ ਜੁੜਿਆ ਹੋਇਆ ਹੈ। ਸਭ ਤੋਂ ਪਹਿਲਾਂ ਸੁਣੀਆਂ ਹੋਈਆਂ ਕਹਾਣੀਆਂ ਦ੍ਰਿਸ਼ਾਂ ਵਾਂਗ ਮਨ ਵਿੱਚ ਵੱਸ ਜਾਂਦੀਆਂ ਹਨ। ਇਹ ਦ੍ਰਿਸ਼ ਹੀ ਮਨੁੱਖ ਦੇ ਸੁਹਜ ਸੁਆਦ ਅਤੇ ਚਿੰਤਨ -ਮੰਥਨ ਦੇ ਰਸਤੇ ਖੋਲਦੇ ਹਨ। ਸੈਮ ਗੁਰਵਿੰਦਰ ਨੇ ਵਿਸ਼ਵ ਪ੍ਰਸਿੱਧ ਲੇਖਕਾਂ ਦੀਆਂ ਰਚਨਾਵਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਅਸੀ ਜਿਵੇਂ- ਜਿਵੇਂ ਪੜ੍ਹਦੇ ਜਾਵਾਂਗੇ ਸਾਡਾ ਜੀਵਨ ਪ੍ਰਤੀ ਨਜ਼ਰੀਆ ਵੀ ਬਦਲਦਾ ਜਾਂਦਾ ਹੈ। ਵਿਵਹਾਰਿਕ ਤੌਰ ’ਤੇ ਪੜ੍ਹਨ ਦੀ ਜੁਗਤ ਸਾਂਝੀ ਕਰਦਿਆਂ ਸੈਮ ਗੁਰਵਿੰਦਰ ਨੇ ਕਿਹਾ ਕਿ ਕਦੀ ਵੀ ਵਿਸ਼ੇਸ਼ ਤੌਰ ਤੇ ਸਮਾਂ ਕੱਢ ਕੇ ਨਹੀਂ ਪੜ੍ਹਿਆ ਜਾ ਸਕਦਾ ਸਗੋਂ ਆਮ ਤੌਰ ’ਤੇ ਅਸੀਂ ਕਿਸੇ ਸਫ਼ਰ ਜਾਂ ਕਿਸੇ ਦੇ ਇੰਤਜ਼ਾਰ ਸਮੇਂ ਪੜ੍ਹ ਸਕਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਤੁਹਾਡੇ ਕੋਲ ਹਮੇਸ਼ਾ ਵੱਖ- ਵੱਖ ਪ੍ਰਕਿਰਤੀ ਵਾਲੀਆਂ ਕੁਝ ਕਿਤਾਬਾਂ ਹੋਣ। ਇਹ ਇਸ ਕਰਕੇ ਜ਼ਰੂਰੀ ਹੈ ਕਿ ਸਾਡੀ ਮਾਨਸਿਕ ਸਥਿਤੀ ਵੱਖ-ਵੱਖ ਸਮਿਆਂ ਵਿੱਚ ਵੱਖ-ਵੱਖ ਹੁੰਦੀ ਹੈ। ਕਿਸੇ ਵੇਲੇ ਅਸੀਂ ਕੁਝ ਹਲਕਾ ਫੁਲਕਾ ਪੜ੍ਹਨਾ ਪਸੰਦ ਕਰਦੇ ਹਾਂ ਅਤੇ ਕਿਸੇ ਵੇਲੇ ਗਹਿਰ ਗੰਭੀਰ। ਸੈਮ ਗੁਰਵਿੰਦਰ ਇੱਕੋ ਵੇਲੇ ਜਿਥੇ ਪੰਜਾਬੀ ਸਾਹਿਤ ਨਾਲ ਜੁੜਿਆ ਹੋਇਆ ਹੈ ਉਥੇ ਉਹ ਵਿਸ਼ਵ ਸਾਹਿਤ ਦੀਆਂ ਕਲਾਸਿਕ ਰਚਨਾਵਾਂ ਬਾਰੇ ਚਰਚਾ ਕਰਦਾ ਰਹਿੰਦਾ ਹੈ। ਲਾਇਬ੍ਰੇਰੀ ਵਿੱਚ ਬੈਠੇ ਹੋਏ ਪਾਠਕਾਂ ਨਾਲ ਉਸ ਨੇ ਵੱਖ-ਵੱਖ ਕਿਸਮ ਦੀਆਂ ਕਿਤਾਬਾਂ ਦੇ ਆਨ ਲਾਈਨ ਸਰੋਤਾਂ/ਵੈਬ ਸਾਈਟਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਨੇ ਵੱਖ-ਵੱਖ ਯਾਨਰ ਦੀਆਂ ਪੁਸਤਕਾਂ ਬਾਰੇ ਵੀ ਗੰਭੀਰਤਾ ਨਾਲ ਆਪਣੇ ਵਿਚਾਰ ਪੇਸ਼ ਕੀਤੇ।
ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਸਮਕਾਲ ਦੇ ਸਮੇਂ ਦੀਆਂ ਪਾਠਕਾਂ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰਖਕੇ ਬਹੁਤ ਹੀ ਗੰਭੀਰ ਅਤੇ ਸਾਰਥਿਕ ਵਿਚਾਰ ਚਰਚਾ ਹੋਈ। ਇਸ ਮੌਕੇ ’ਤੇ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਤਰਿੰਦਰ ਸਿੰਘ ਅਤੇ ਅਰਪਨਪ੍ਰੀਤ ਕੌਰ ਨੇ ਸਿੱਖਿਆ ਅਤੇ ਪੁਸਤਕਾਂ ਦੇ ਮਹੱਤਵ ਸੰਬੰਧੀ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸਾਂਝੇ ਕੀਤੇ।
ਲਾਇਬ੍ਰੇਰੀ ਦੇ ਪਾਠਕ ਜਸਪਾਲ ਸਿੰਘ ਨੇ ਆਪਣੀ ਕਵਿਤਾ ਆਏ ਹੋਏ ਮਹਿਮਾਨਾਂ ਨਾਲ ਸਾਂਝੀ ਕੀਤੀ ਅਤੇ ਵਿਚਾਰ ਚਰਚਾ ਵਿੱਚ ਭਾਗ ਵੀ ਲਿਆ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸੇਵਾ ਮੁਕਤ ਪ੍ਰਾਅਧਿਆਪਕ ਅਤੇ ਨਿਰਦੇਸ਼ਕ ਵਿਵੇਕਾਨੰਦ ਵਰਲਡ ਸਕੂਲ ਡਾ. ਐੱਸ.ਐੱਨ ਰੁਦਰਾ ਨੇ ਕਿਹਾ ਕਿ ਇਹ ਸਮਾਗਮ ਆਪਣੇ ਆਪ ਵਿੱਚ ਇਕ ਇੰਟਲੈਕਚੁਅਲ ਕਿਸਮ ਦਾ ਸੀ ਅਤੇ ਦੋਵੇਂ ਬੋਲਾਰਿਆਂ ਸੁਖਜਿੰਦਰ ਅਤੇ ਸੈਮ ਗੁਰਵਿੰਦਰ ਨੇ ਪੁਸਤਕਾਂ ਬਾਰੇ ਜਿਸ ਹਵਾਲੇ ਨਾਲ ਗੱਲ ਸ਼ੁਰੂ ਕੀਤੀ ਉਸ ਵਿੱਚ ਬਹੁਤ ਸਾਰੇ ਵਿਸ਼ਵ ਵਿਆਪੀ ਵਰਤਾਰਿਆਂ ਨੂੰ ਆਪਣੇ ਕਲੇਵਰ ਵਿੱਚ ਲੈ ਲਿਆ।
ਉਹਨਾਂ ਕਿਹਾ ਕਿ ਇਹ ਫ਼ਿਰੋਜ਼ਪੁਰ ਵਿੱਚ ਅੰਤਰ ਰਾਸ਼ਟਰੀ ਪੁਸਤਕ ਦਿਹਾੜੇ ਨੂੰ ਸਮਰਪਿਤ ਇਕ ਨਿਵੇਕਲੀ ਕਿਸਮ ਦਾ ਪਹਿਲਾ ਸਮਾਗਮ ਹੈ ਜਿਸ ਲਈ ਉਹਨਾਂ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਅਤੇ ਭਾਸ਼ਾ ਵਿਭਾਗ, ਪੰਜਾਬ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ।
ਉਹਨਾਂ ਜ਼ਿਲ੍ਹਾ ਲਾਇਬ੍ਰੇਰੀ ਦੇ ਅੰਦਰੂਨੀ ਵਾਤਾਵਰਨ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਇਹ ਲਾਇਬ੍ਰੇਰੀ ਫ਼ਿਰੋਜ਼ਪੁਰ ਲਈ ਵਰਦਾਨ ਸਾਬਤ ਹੋ ਗਈ ਹੈ ਜਿਸ ਵਿੱਚ ਪਾਠਕਾਂ ਲਈ ਵਧੀਆ ਸਹੂਲਤਾਂ ਸਮੇਤ ਬਹੁਤ ਸੋਹਣਾ ਵਾਤਾਵਰਨ ਸਿਰਜਿਆ ਗਿਆ ਹੈ ਅਤੇ ਅਜਿਹੇ ਸਾਹਿਤਕ ਸਮਾਗਮ ਇਸ ਲਾਇਬ੍ਰੇਰੀ ਵਿੱਚ ਹੋਣੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।
ਉਹਨਾਂ ਇਹ ਵੀ ਉਮੀਦ ਕੀਤੀ ਕਿ ਭਵਿੱਖ ਵਿੱਚ ਅਜਿਹੀ ਇੰਟਲੈਕਚੁਅਲ ਵਿਚਾਰ ਚਰਚਾ ਦੀ ਪਰੰਪਰਾ ਇਸ ਮੰਚ ਤੋਂ ਸ਼ੁਰੂ ਹੋ ਕੇ ਫ਼ਿਰੋਜ਼ਪੁਰ ਵਾਸੀਆਂ ਲਈ ਮਾਣ ਭਰਿਆ ਸਬੱਬ ਬਣੇਗੀ।
ਇਸ ਮੌਕੇ ’ਤੇ ਗ਼ਜ਼ਲਗੋ ਗੁਰਤੇਜ ਕੁਹਾਰਵਾਲਾ, ਡਾ. ਰਾਮੇਸ਼ਵਰ ਸਿੰਘ ਕਟਾਰਾ, ਸ਼੍ਰੀ ਹਰੀਸ਼ ਮੌਂਗਾ, ਸ. ਸੁਖਦੇਵ ਸਿੰਘ ਭੱਟੀ ਅਤੇ ਇੰਜ. ਗੁਰਦਿਆਲ ਸਿੰਘ ਵਿਰਕ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।
ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਵਿੱਚ ਖੋਜ ਅਫ਼ਸਰ ਦਲਜੀਤ ਸਿੰਘ, ਸੀਨੀਅਰ ਸਹਾਇਕ ਰਮਨ ਕੁਮਾਰ, ਕਲਰਕ ਚੇਤਨ ਕੁਮਾਰ, ਰਵੀ ਕੁਮਾਰ, ਵਿਜੈ ਕੁਮਾਰ ਅਤੇ ਦੀਪਕ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।