ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਸਥਾਪਿਤ ਕੀਤੇ 15 ਰਾਹਤ ਕੇਂਦਰ – ਡੀ.ਸੀ.
- ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਕੇਂਦਰਾਂ ਤੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਸਥਾਪਿਤ ਕੀਤੇ 15 ਰਾਹਤ ਕੇਂਦਰ – ਡੀ.ਸੀ.
– ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਕੇਂਦਰਾਂ ਤੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ
– ਰਾਹਤ ਕੇਂਦਰਾਂ ਵਿੱਚ ਖਾਣਾ ਅਤੇ ਮੈਡੀਕਲ ਸਹੂਲਤਾਂ, ਪਸ਼ੂਆਂ ਲਈ ਚਾਰਾ ਵੀ ਮੁਹੱਈਆ ਕਰਵਾਇਆ ਜਾਵੇਗਾ
ਫਿਰੋਜ਼ਪੁਰ, 11 ਜੁਲਾਈ 2023 : ਪੰਜਾਬ ਅਤੇ ਹਿਮਾਚਲ ਵਿੱਚ ਪੈ ਰਹੀ ਲਗਾਤਾਰ ਬਾਰਸ਼ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਅੱਜ ਦੁਪਹਿਰ ਤੱਕ ਹਰੀ ਕੇ ਹੈੱਡਵਰਕਸ ਤੋਂ 211804 ਕਿਊਸਿਕ ਪਾਣੀ ਛੱਡਿਆ ਗਿਆ ਹੈ ਅਤੇ ਹੁਸੈਨੀਵਾਲਾ ਹੈੱਡਵਰਕਸ ਤੋਂ 112440 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਲਈ ਸਤਲੁਜ ਦਰਿਆ ਨੇੜਲੇ ਲੋਕਾਂ ਨੂੰ ਆਪਣਾ ਮਾਲ ਡੰਗਰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੇਂਦਰਾਂ ਅਤੇ ਸੁਰੱਖਿਅਤ ਥਾਵਾਂ ਜਾਣ ਲਈ ਕਿਹਾ ਗਿਆ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਇਸ ਲਈ ਸਤਲੁਜ ਦੇ ਕੰਢੇ ‘ਤੇ ਸਥਿਤ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ ਹਾਲਾਂਕਿ ਸਥਿਤੀ ਕਾਬੂ ਹੇਠ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਿਰੋਜ਼ਪੁਰ ਬਲਾਕ ਵਿੱਚ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਸੀਨੀਅਰ ਸੈਕੰਡਰੀ ਸਕੂਲ ਅਤੇ ਕਮਿਊਨਿਟੀ ਹਾਲ ਝੋਕ ਹਰੀ ਹਰ, ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਸੇਠਾਂ ਵਿਖੇ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਦੇ ਕ੍ਰਮਵਾਰ ਨੋਡਲ ਅਫ਼ਸਰ ਸ੍ਰੀ ਹਰਜੀਤ ਸਿੰਘ ਪੰਚਾਇਤ ਸਕੱਤਰ ਤੇ ਵਿਵੇਕ ਢੀਂਗਰਾ ਪੰਚਾਇਤ ਸਕੱਤਰ ਹੋਣਗੇ। ਮਮਦੋਟ ਬਲਾਕ ਵਿੱਚ ਸੀਨੀਅਰ ਸੈਕੰਡਰੀ ਸਕੂਲ ਦੋਨਾ ਮੱਤੜ, ਸ਼ਹੀਦ ਆਰ ਕੇ ਵਧਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਵਿਖੇ ਹੜ੍ਹ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਦੇ ਸ. ਸਰਬਜੀਤ ਸਿੰਘ ਬੀ.ਡੀ.ਪੀ.ਓ. ਮਮਦੋਟ, ਅਤੇ ਨਾਇਬ ਤਹਿਸੀਲਦਾਰ ਸ੍ਰੀ ਵਿਜੇ ਬਹਿਲ ਨੋਡਲ ਅਫ਼ਸਰ ਹੋਣਗੇ। ਜ਼ੀਰਾ ਤਹਿਸੀਲ ਵਿੱਚ ਦਾਣਾ ਮੰਡੀ ਮੱਖੂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਾਂਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੂ, ਸਰਕਾਰੀ ਪ੍ਰਾਇਮਰੀ ਸਕੂਲ ਜੋਗੇ ਵਾਲਾ, ਸਰਕਾਰੀ ਮਿਡਲ ਸਕੂਲ ਮੰਡੀ ਮੁੰਡੀ ਛੁਰੀ ਮਾਰਾਂ, ਸਰਕਾਰੀ ਹਾਈ ਸਕੂਲ ਫਤਿਹਗੜ੍ਹ ਸਭਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਸੂ ਵਾਲਾ ਵਿਖੇ ਹੜ੍ਹ ਰਾਹਤ ਕੇਂਦਰ ਬਣਾਏ ਗਏ ਹਨ। ਸ੍ਰੀ ਵਿਨੋਦ ਕੁਮਾਰ ਨਾਇਬ ਤਹਿਸੀਲਦਾਰ ਜ਼ੀਰਾ ਰਾਹਤ ਕੇਂਦਰਾਂ ਦੇ ਓਵਰਆਲ ਇਨਚਾਰਜ ਹੋਣਗੇ।
ਇਸ ਤੋਂ ਇਲਾਵਾ ਗੁਰੂਹਰਸਹਾਏ ਤਹਿਸੀਲ ਵਿਖੇ ਹੜ੍ਹ ਰਾਹਤ ਕੇਂਦਰ ਦਾਣਾ ਮੰਡੀ ਗੁਰੂਹਰਸਹਾਏ, ਬਾਜੇ ਕੇ ਕਮਿਊਨਿਟੀ ਹਾਲ, ਪੰਜੇ ਕੇ ਉਤਾੜ ਕਮਿਊਨਿਟੀ ਹਾਲ ਬਣਾਏ ਗਏ ਹਨ। ਇਨ੍ਹਾਂ ਕੇਂਦਰਾਂ ਦੇ ਜਤਿੰਦਰ ਸਿੰਘ, ਗੁਰਮੀਤ ਸਿੰਘ ਪੰਚਾਇਤ ਸਕੱਤਰ ਅਤੇ ਗੁਰਦੇਵ ਸਿੰਘ ਪੰਚਾਇਤ ਸਕੱਤਰ ਨੋਡਲ ਅਫ਼ਸਰ ਹੋਣਗੇ। ਡੀ.ਸੀ. ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਰਾਹਤ ਕੇਂਦਰਾਂ ਵਿੱਚ ਲੰਗਰ, ਪੀਣ ਵਾਲਾ ਪਾਣੀ ਉਪਲੱਬਧ ਕਰਵਾਉਣ ਦੇ ਨਾਲ-ਨਾਲ ਮੈਡੀਕਲ ਸਹੂਲਤਾਂ, ਤਰਪਾਲਾਂ, ਪਸ਼ੂਆਂ ਦੇ ਚਾਰੇ ਆਦਿ ਦਾ ਪ੍ਰਬੰਧ ਵੀ ਯਕੀਨੀ ਬਣਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਵਾਸੀ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਨੰਬਰ 01632-244017, ਤਹਿਸੀਲ ਫ਼ਿਰੋਜ਼ਪੁਰ ਵਿਖੇ ਫਲੱਡ ਕੰਟਰੋਲ ਰੂਮ ਨੰਬਰ 01632-244019, ਤਹਿਸੀਲ ਜ਼ੀਰਾ ਵਿਖੇ ਫਲੱਡ ਕੰਟਰੋਲ ਰੂਮ ਨੰਬਰ 01682-250169, ਤਹਿਸੀਲ ਗੁਰੂਹਰਸਹਾਏ ਵਿਖੇ ਫਲੱਡ ਕੰਟਰੋਲ ਰੂਮ ਨੰਬਰ 01685–231010 ਤੋਂ ਇਲਾਵਾ ਐਕਸੀਐਨ ਡਰੇਨੇਜ਼ ਫ਼ਿਰੋਜ਼ਪੁਰ ਦੇ ਕੰਟਰੋਲ ਰੂਮ ਨੰਬਰ 01632-245366 ‘ਤੇ ਸੰਪਰਕ ਕਰਕੇ ਮਦਦ ਲੈ ਸਕਦੇ ਹਨ।