Ferozepur News

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਮੌਜੂਦਾ ਹਾਲਾਤ ਦੇ ਸਨਮੁੱਖ – ਗੁਰਮੀਤ ਸਿੰਘ ਜੱਜ

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਮੌਜੂਦਾ ਹਾਲਾਤ ਦੇ ਸਨਮੁੱਖ - ਗੁਰਮੀਤ ਸਿੰਘ ਜੱਜ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਮੌਜੂਦਾ ਹਾਲਾਤ ਦੇ ਸਨਮੁੱਖ
ਗੁਰਮੀਤ ਸਿੰਘ ਜੱਜ
 ਜਦੋਂ ਗੁਰੂ ਜੀ ਨੂੰ ਇਸਲਾਮੀਂ ਧਰਮੀਂ ਤੇ ਅੱਲ੍ਹਾ ਨੂੰ ਖੁਸ਼ ਕਰਨ ਲਈ ਸਭ ਕੁੱਝ ਕਰਨ ਲਈ ਤਤਪਰ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਹੋਇਆ ਗੁਰੂ ਜੀ ਨੂੰ ਵੀ ਇਸਲਾਮ ਕਬੂਲਣ ਲਈ ਕਿਹਾ। ਪਰ ਗੁਰੂ ਜੀ ਦਾ ਸਪੱਸ਼ਟ ਜਵਾਬ ਸੀ ਕਿ ਧਰਮ ਜ਼ਬਰਦਸਤੀ ਤੇ ਹਕੂਮਤੀ ਜਬਰਦਸਤੀ ਨਾਲ ਬਦਲਾਉਣਾਂ ਜਾਇਜ਼ ਨਹੀਂ।ਬਾਦਸ਼ਾਹ ਹੋਣ ਦੇ ਨਾਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਸਭ ਨੂੰ ਬਰਾਬਰ ਸਮਝੋ। ਸਪੱਸ਼ਟਤਾ ਤੇ ਸਚਾਈ ਨੂੰ ਸੁਣਕੇ ਝੂਠਾ ਤੇ ਗਲਤ ਸਾਬਿਤ ਹੁੰਦਾ ਔਰੰਗਜ਼ੇਬ ਗੁੱਸੇ ਵਿੱਚ ਕੰਬ ਉੱਠਿਆ। ਕੁਰਬਾਨੀ ਲਈ ਤਿਆਰ ਗੁਰੂ ਜੀ ਨੂੰ ਦੇਖ ਕੇ ਉਸ ਦੀਆਂ ਨੀਹਾਂ ਹਿੱਲ ਗਈਆਂ। ਦਹਿਸ਼ਤਜ਼ਦਾ ਕਰਨ ਲਈ
ਔਰੰਗਜ਼ੇਬ ਦੇ ਹੁਕਮ ਤੇ ਭਾਈ ਮਤੀਦਾਸ ਨੂੰ ਆਰੇ ਨਾਲ ਚੀਰਿਆ ਗਿਆ, ਪਰ ਗੁਰੂ ਦੇ ਅਡੋਲ ਸਿੱਖ ਨੂੰ ਵੇਖਕੇ ਹਾਕਮ ਆਪ ਈ ਅੰਦਰੋਂ ਡੋਲ ਗਿਆ। ਫਿਰ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਮੁਰੀਦਾਂ ਨੂੰ ਅਣਮਨੁੱਖੀ ਤਸੀਹਿਆਂ ਦੀ ਭੱਠੀ ਵਿੱਚ ਝੋਕ ਕੇ ਸ਼ਹੀਦ ਕੀਤਾ ਗਿਆ। ਫਿਰ ਗੁਰੂ ਜੀ ਨੂੰ ਕਿਹਾ ਕਿ ਵੇਖ ਤੁਹਾਡਾ ਕੀ ਹਸ਼ਰ ਹੋਵੇਗਾ।  ਗੁਰੂ ਜੀ ਆਪਣੇ ਵਚਨਾਂ ਲਈ ਦ੍ਰਿੜ੍ਹ ਬੋਲੇ ਕਿ ਉਹ ਮੇਰੇ ਸਾਥੀ ਮੁਰੀਦ ਸਨ ਤੇ ਮੈਂ ਤਾਂ ਇਹਨਾਂ ਦਾ ਗੁਰੂ ਹਾਂ। ਤੇ ਗੁਰੂ ਜੀ ਆਪਣੇ ਅਕੀਦੇ ਤੇ ਅਡੋਲ ਰਹਿੰਦਿਆਂ ਸ਼ਹੀਦ ਹੋ ਗਏ।ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਪਰ ਗੁਰੂ ਸਾਹਿਬ ਦਾ ਸਿਰ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਉੱਚੇ ਸਿਰਾਂ ਵਿੱਚ ਹੋਰ ਵੀ ਉੱਚਾ ਹੋ ਗਿਆ। ਕਿ ਸਭ ਆਪਣੇ ਧਰਮ ਲਈ ਕੁਰਬਾਨੀਆਂ ਦੇਂਦੇ ਸਨ ਪਰ ਗੁਰੂ ਸਾਹਿਬ ਨੇ ਉਸ ਧਰਮ ਲਈ ਕੁਰਬਾਨੀ ਦਿੱਤੀ ਜਿੱਸਨੂੰ ਉੱਸਦੀ ਸੋਚ ਵਾਲੇ ਪਹਿਲੇ ਗੁਰੂ ਨੇ ਹੀ ਨਕਾਰ ਦਿੱਤਾ ਸੀ।
                         ਗੁਰੂ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਲੋਕਾਂ ਦੀਆਂ ਚੀਕਾਂ ਨਾਲ ਅਸਮਾਨ ਚੀਰਿਆ ਗਿਆ। ਸ਼ਾਹੀ ਆਦੇਸ਼ ਸੀ ਕਿ ਗੁਰੂ ਜੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਦਿੱਲੀ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਲਟਕਾਏ ਜਾਣ ਪਰ ਸ਼ਹੀਦੀ ਤੋਂ ਤੁਰੰਤ ਬਾਅਦ ਅਜਿਹੀ ਹਨੇਰੀ ਚੱਲੀ ਕਿ ਸਭ ਆਪੋ ਆਪਣੇ ਬਚਾਅ ਲਈ ਭੱਜ ਉੱਠੇ।
ਭਾਵੇਂ ਇੱਸਤੇ ਕਈ ਵਿਚਾਰ ਵੱਖਰੇ ਵੀ ਹਨ। ਪਰ ਇਤਿਹਾਸਕ ਤੱਥ ਇਹ ਦੱਸਦੇ ਹਨ ਕਿ ਭਾਈ ਜੈਤਾ ਜੀ ਦੇ ਪਿਤਾ ਨੇ ਵੀ ਆਪਣੇ ਗੁਰੂ ਲਈ ਸੀਸ ਦਿੱਤਾ। ਉਹਨਾਂ ਭਾਈ ਜੀਵਨ ਸਿੰਘ ਨੂੰ ਕਿਹਾ ਕਿ ਮੇਰਾ ਸੀਸ ਕੱਟ ਕੇ ਗੁਰੂ ਸਾਹਿਬ ਦੇ ਸੀਸ ਦੀ ਥਾਂ ਰੱਖ ਤੇ ਗੁਰੂ ਜੀ ਨੂੰ ਸੀਸ ਦੇਣ ਲਈ ਤਿਆਰ ਬਾਲ ਦੀ ਝੋਲੀ ਉਹਨਾਂ ਦੇ ਪਿਤਾ ਦਾ ਸੀਸ ਜਾ ਕੇ ਪਾ। ਜੋ ਬਾਲ ਗੋਬਿੰਦ ਸਿੰਘ ਅਗਲੇ ਮਹਾਨ ਗੁਰੂ ਹੋਣਗੇ। ਸਿਪਾਹੀਆਂ ਤੋਂ ਅੱਖ ਬਚਾ ਕੇ ਪਿਤਾ ਨਾਲ ਵਟਾ ਕੇ ਗੁਰੂ ਜੀ ਦਾ ਸੀਸ ਲੈ ਕੇ ਭਾਈ ਜੈਤਾ ਆਨੰਦਪੁਰ ਸਾਹਿਬ ਪਹੁੰਚ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਸਤਿਕਾਰ ਪੂਰਵਕ ਪ੍ਰਾਪਤ ਕਰਦਿਆਂ ਭਾਈ ਜੈਤਾ ਜੀ ਨੂੰ ‘ਰੰਘਰੇਟਾ ਗੁਰੂ ਕਾ ਬੇਟਾ ਕਿਹਾ। ਪਰ ਇਹ ਸਮਝਣ ਵਾਲਾ ਨੁਕਤਾ ਹੈ ਕਿ ਭਾਈ ਜੈਤਾ ਨੂੰ ਗੁਰੂ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਬੇਟਾ ਕਿਹਾ, ਤੇ ਆਪਣਾ ਭਰਾ ਹੀ ਕਿਹਾ। ਗੁਰੂ ਸਾਹਿਬ ਦਾ ਧੜ ਭਾਈ ਲੱਖੀ ਸ਼ਾਹ ਆਪਣੇ ਘਰ ਲੈ ਗਿਆ। ਉਸ ਨੇ ਆਪਣੇ ਘਰ ਨੂੰ ਅਗਨ-ਭੇਂਟ ਕਰ ਕੇ ਗੁਰੂ ਜੀ ਦਾ ਦਾਹ-ਸੰਸਕਾਰ ਕੀਤਾ।।
ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਿਆਂ ਗੱਲ ਖਤਮ ਨਹੀਂ ਹੁੰਦੀ ਸਗੋਂ ਅੱਗੇ ਤੁਰਦੀ ਹੈ। ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਦੀ ਕੁਰਬਾਨੀ ਤੇ ਹਰ ਪ੍ਰਕਾਰ ਦੀ ਅਜ਼ਾਦੀ ਵਾਲੀ ਸੋਚ ਦੇ ਉਲਟ ਅੱਜ ਭਾਜਪਾ, ਆਰ.ਐੱਸ.ਐੱਸ. ਫਿਰ ਔਰੰਗਜ਼ੇਬ ਵਰਗੀ ਧਾਰਮਿਕ ਦਹਿਸ਼ਤ ਤੇ ਫਿਰਕਾਪ੍ਰਸਤੀ ਫੈਲਾਅ ਰਹੇ ਨੇ। ਉਹ ਵੀ ਰਾਜ ਲਈ ਮੁਸਲਮਾਨਾਂ ਨੂੰ ਵਰਤਣ ਵਿੱਚ ਕਾਮਯਾਬ ਨਹੀਂ ਹੋਇਆ ਤੇ ਇਹ ਵੀ ਇੱਕ ਸਮੇਂ ਬਾਅਦ ਹਿੰਦੂਆਂ ਨੂੰ ਵਰਤਣ ਵਿੱਚ ਅਸਮਰੱਥ ਹੋਣਗੇ। ਇਤਿਹਾਸ ਗਵਾਹ ਹੈ ਕਿ ਇੱਕ ਸਮੇਂ ਭਿੰਡਰਾਂਵਾਲੇ ਦੇ ਦੌਰ ਵਿੱਚ ਲੋਕਾਂ ਨੇ ਦਾਹੜੀਆਂ ਕੇਸ ਰੱਖ ਲਏ ਸਨ ਤੇ ਪੀਲੇ ਪਰਨੇ ਤੇ ਪੱਗਾਂ ਬੱਨ੍ਹ ਲਈਆਂ ਸਨ। ਪਰ ਸਮੇਂ ਦੇ ਬਦਲਣ ਤੇ ਦਹਿਸ਼ਤ ਅਧੀਨ ਆਏ ਖੱਟੇ ਪਰਨੇ ਅਤੇ ਰੱਖੇ ਕੇਸ ਦਾਹੜੀਆਂ ਫਿਰ ਗਾਇਬ ਹੋ ਗਏ। ਸਮਝ, ਵਿਕਾਸ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਹੀ ਲੰਮਾ ਸਮਾਂ ਜਿਉਂਦੀਆਂ ਹਨ। ਬਾਕੀ ਧੱਕੇ ਨਾਲ ਲਿਆਂਦੀ ਕੋਈ ਵੀ ਚੀਜ ਲੋਕ ਮਾਨਸਿਕਤਾ ਵੱਲੋਂ ਘ੍ਰਿਣਾਂ ਨਾਲ ਵੇਖੀ ਜਾਂਦੀ ਹੈ। ਜੇ ਔਰੰਗਜ਼ੇਬ ਇਤਿਹਾਸ ਦੇ ਕੂੜੇਦਾਨ ਉੱਤੇ ਸੁੱਟ ਦਿੱਤਾ ਗਿਆ ਤਾਂ ਭਗਵੇਂ ਅੱਤਵਾਦੀਆਂ ਦਾ ਸਥਾਨ ਵੀ ਔਰੰਗਜ਼ੇਬ ਦੇ ਨਾਲ ਹੀ ਹੈ। *ਸਿੱਖਾਂ ਨੂੰ ਇਤਿਹਾਸ ਤੋਂ ਸਿੱਖਣ ਦੀ ਲੋੜ ਏ ਕਿ ਦਿੱਲੀ ਆਪਣੀ ਲੋੜ ਲਈ ਪਹਿਲਾਂ ਪਿਆਰਦੀ, ਪ੍ਰਰਚਾਰਦੀ ਤੇ ਸ਼ਿਸ਼ਕਾਰਦੀ ਹੈ, ਤੇ ਅੰਤ ਵਿੱਚ ਬਦਨਾਮ ਕਰਕੇ ਤੇ ਕੋਹ ਕੋਹ ਕੇ ਮਾਰਦੀ ਹੈ। ਗੁਰੂ ਸਾਹਿਬਾਨ ਵੱਲੋਂ ਜਾਨਾਂ ਵਾਰ ਕੇ ਸਿੱਖਾਂ ਨੂੰ ਦਿੱਤਾ ਮਾਨਵੀ ਚਿਹਰਾ ਵਿਗਾੜਦੀ ਹੈ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਦੀ ਥਾਂ ਮਨ ਉੱਚਾ ਤੇ ਮੱਤ ਨੀਵੀਂ ਸਥਾਪਤ ਕਰਨ ਤੇ ਦਿੱਲੀ ਦਾ ਸਾਰਾ ਜ਼ੋਰ ਲੱਗਿਆ ਹੋਇਆ ਏ। ਤੇ ਮੈਨੂੰ ਇਹ ਲਿਖਣ ਵਿੱਚ ਕੋਈ ਸੰਕੋਚ ਨਹੀਂ ਕਿ ਔਰੰਗਜ਼ੇਬ ਅੱਜ ਵੀ ਸਾਡੇ ਤੇ ਰਾਜ ਕਰਦਾ ਹੈ ਬਸ ਨਾਂ ਬਦਲ ਲੈਂਦਾ ਹੈ। ਕਦੇ ਇੰਦਰਾ ਗਾਂਧੀ ਤੇ ਕਦੇ ਮੋਦੀ ਅੰਮਿਤ ਸ਼ਾਹ ਬਣਕੇ ਆ ਜਾਂਦਾ ਹੈ। ਸੂਬੇ ਸਰਹੰਦ ਵੀ ਉਵੇਂ ਹੀ ਰਾਜ ਕਰਦੇ ਨੇ ਕਿਤੇ ਬਿਅੰਤ ਸਿੰਘ, ਤੇ ਕੇ.ਪੀ.ਐੱਸ. ਗਿੱਲ ਬਣਕੇ, ਕਿਤੇ ਕਲੂਰੀ ਵਰਗੇ ਦਰਿੰਦੇ ਪੁਲਿਸ ਅਫ਼ਸਰ ਬਣਕੇ ਤੇ ਕਿਤੇ ਭਗਵੇਂ ਭੇਸ ਵਾਲੇ ਯੋਗੀ ਬਣਕੇ। ਪੰਜਾਬ ਵਿੱਚ ਸੂਬੇ ਸਰਹੰਦਾਂ ਨੂੰ ਵਾਜਬ ਠਹਿਰਾਉਣ ਲਈ ਦਿੱਲੀ ਹਕੂਮਤ ਕਦੇ ਭਿੰਡਰਾਂਵਾਲੇ ਵਰਗੇ ਸੰਤ ਪੈਦਾ ਕਰਦੀ ਏ ਤੇ ਕਦੇ ਅੰਮ੍ਰਿਤਪਾਲ ਵਰਗੇ ਨਵੇਂ ਅਵਤਾਰ ਲਿਆ ਉਤਾਰਦੀ ਹੈ। ਤੇ ਇਹਨਾਂ ਦੇ ਬਿਆਨਾਂ, ਕਾਰਵਾਈਆਂ, ਸਰੀਰਕ ਤੇ ਮੌਖਿਕ ਭਾਸ਼ਾ ਨਾਲ ਹਿੰਦੂ ਬਹੁਗਿਣਤੀ ਨੂੰ ਡਰਾ ਕੇ ਆਪਣੇ ਨਾਲ ਲਾਉਂਦੀ ਤੇ ਉਹਨਾਂ ਦੀ ਰਾਖੀ ਲਈ ਦਿੱਲੀ ਦੇ ਤਖਤ ਤੇ ਬੈਠਣ ਲਈ ਵੋਟਾਂ ਪੱਕੀਆਂ ਕਰਦੀ ਹੈ। ਕਦੇ ਖੁਦ ਭਿੰਡਰਾਂਵਾਲੇ ਨੂੰ ਉਭਾਰ ਕੇ ਅੱਤਵਾਦ, ਤੇ ਵੱਖਵਾਦ ਦਾ ਮੁਹਾਵਰਾ ਸਿਰਜਦੀ ਹੈ ਤੇ ਆਪਣੇ ਅੱਤਵਾਦੀ ਤੇ ਜ਼ਾਬਰ ਚਿਹਰੇ ਤੇ ਮੁਖੌਟਾ ਪਾ ਕੇ ਰੱਖਿਅਕ ਹੋਣ ਦਾ ਭਰਮ ਲੋਕ ਮਨਾਂ ਵਿਚ ਵਸਾ ਦੇਂਦੀ ਹੈ। ਫਿਰ ਵੰਡ ਤੇ ਨਫਰਤਾਂ ਫੈਲਾਉਣ ਲਈ ਤੇ ਫਿਰਕਾਪ੍ਰਸਤ ਮਾਨਸਿਕਤਾ ਨੂੰ ਜ਼ਰਬਾਂ ਦੇਣ ਲਈ ਅਕਾਲ ਤਖਤ ਢਾਹੁਣ ਤੇ ਭਿੰਡਰਾਂਵਾਲੇ ਨੂੰ ਮਾਰਨ ਤੇ ਲੱਡੂ ਵੰਡਵਾਉਂਦੀ ਹੈ। ਇੰਦਰਾ ਨੂੰ ਆਰ.ਐੱਸ.ਐੱਸ. ਦੀ ਯੋਜਨਾ ਅਧੀਨ ਵਾਜਪਾਈ ਤੇ ਅਡਵਾਨੀ ਤੋਂ ਦੁਰਗਾ ਮਾਤਾ ਦਾ ਖਿਤਾਬ ਦਿਵਾਉਂਦੀ ਹੈ। ਇੰਦਰਾ ਮਰਨ ਤੇ ਫਿਰ ਇਹੋ ਕਰਮ ਦੁਹਰਾਉਂਦੀ ਹੈ। ਇਹਨਾਂ ਦੀਆਂ ਕੜੀਆਂ ਜੋੜ ਕੇ ਵੇਖੋ ਇਹਨਾਂ ਦੀਆਂ ਅੰਦਰੋਂ ਸਭ ਦੀਆਂ ਤਾਰਾਂ ਜੁੜੀਆਂ ਹੋਈਆਂ ਹਨ। ਉੱਤੋਂ ਵਿਰੋਧੀ ਤੇ ਅੰਦਰੋਂ ਇੱਕ ਦੂਜੇ ਦੇ ਪੂਰਕ ਹਨ। ਇਹਨਾਂ ਨੂੰ ਦੀਪ ਸਿੱਧੂ, ਸਿੱਧੂ ਮੂਸੇਵਾਲਾ ਤੇ ਪ੍ਰਧਾਨ ਮੰਤਰੀ ਬਾਜੇਕੇ ਵਰਗੀ ਮਾਨਸਿਕਤਾ ਵਾਲੇ ਸਿੱਖ ਬੜੇ ਰਾਸ ਆਉਂਦੇ ਹਨ। ਉਹਨਾਂ ਨੂੰ ਉਭਾਰਕੇ ਵੀ ਗੱਦੀਆਂ, ਤੇ ਮਾਰ ਕੇ ਵੀ ਗੱਦੀਆਂ ਪੱਕੀਆਂ ਕਰਦੇ ਹਨ। ਤੇ ਫਿਰ ਨਵੇਂ ਬਲੀ ਦੇ ਬੱਕਰੇ ਤਿਆਰ ਕਰਨ ਵਿੱਚ ਜੁੱਟ ਜਾਂਦੇ ਹਨ। ਕੀ ਕਿਸੇ ਨੇ ਪਹਿਲਾਂ ਕਦੇ ਸੁਣਿਆਂ ਸੀ ਇਮਾਨਦਾਰ ਤੇ ਫਰਜ਼ਾਂ ਨੂੰ ਸਮਰਪਿਤ ਤੇ ਸਭ ਨੂੰ ਕਨੂੰਨ ਦੀ ਨਿਗ੍ਹਾ ਵਿੱਚ ਬਰਾਬਰ ਸਮਝਣ ਵਾਲੇ ਜੱਜ ਨੂੰ ਹੀ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ ਹੋਵੇ। ਏਨਾ ਈ ਤਾਂ ਕਿਹਾ ਸੀ ਕਿ ਗੁਜਰਾਤ ਕਤਲੇਆਮ ਦਾ ਦੋਸ਼ੀ ਅੰਮਿਤ ਸ਼ਾਹ ਖੁਦ ਵੀ ਅਦਾਲਤ ਵਿੱਚ ਪੇਸ਼ ਹੋਵੇ। ਤੇ ਅਗਲੀ ਦਿੱਤੀ ਤਰੀਕ ਤੋਂ ਪਹਿਲਾਂ ਹੀ ਕਹਾਣੀ ਖਤਮ। ਕੋਈ ਕਨੂੰਨ ਨੂੰ ਲਾਗੂ ਕਰਨ ਤੇ ਸੱਚ ਬੋਲਣ ਵਾਲਾ ਐੱਸ.ਐੱਸ.ਪੀ ਭੱਟ ਵਰਗਾ ਜਾਗਦੀ ਜ਼ਮੀਰ ਵਾਲਾ ਪੁਲਿਸ ਅਫਸਰ ਹੀ ਜੇਲ੍ਹੀਂ ਸੁੱਟ ਦਿੱਤਾ ਜਾਵੇ। ਮੰਦਰ ਵਿੱਚ ਤਾੜਕੇ 6 ਸਾਲ ਦੀ ਬੱਚੀ ਨੂੰ ਕੋਹ ਕੋਹ ਕੇ ਮਾਰਨ ਵਾਲੇ ਬਲਾਤਕਾਰੀਆਂ ਦੇ ਪੱਖ ਵਿੱਚ ਭਗਵਾਂ ਝੰਡਾ ਚੁੱਕ ਲਿਆ ਜਾਂਦਾ ਹੈ। ਇੱਕ ਪੰਜ ਮਹੀਨਿਆਂ ਦੀ ਗਰਭਵਤੀ ਕੁੜੀ ਦੇ ਬਲਾਤਕਾਰੀਆਂ ਨੂੰ ਰਿਹਾ ਕਰ ਦਿੱਤਾ ਜਾਵੇ ਤੇ ਉਹਨਾਂ ਦਾ ਜੈ ਸ਼੍ਰੀ ਰਾਮ ਦੇ ਨਾਹਰਿਆਂ ਨਾਲ ਜਲੂਸ ਕੱਢਕੇ ਤੇ ਭਗਵੇਂ ਪਰਨੇ ਪਾ ਕੇ ਸਵਾਗਤ ਕੀਤਾ ਜਾਵੇ ਕਿ ਉਹ ਕੁੜੀ ਮੁਸਲਮਾਨ ਸੀ। ਤਾਂ ਇਦੂੰ ਵੱਡੀ ਲਾਹਨਤ ਕਿਸੇ ਦੇਸ਼, ਧਰਮ, ਜਾਂ ਖਿੱਤੇ ਲਈ ਕੀ ਹੋ ਸਕਦੀ ਏ? ਦਿੱਲੀ ਵਿੱਚ ਸਿੱਖ ਕਤਲੇਆਮ ਤੇ ਮੂੰਹ ਨਾ ਖੋਲ੍ਹਿਆ ਜਾਵੇ ਤੇ ਕਾਤਲ ਰਾਜ ਗੱਦੀ ਤੇ ਬੈਠੇ ਮੌਜਾਂ ਕਰਨ। ਮੁਸਲਮਾਨਾਂ ਦੇ ਕਤਲੇਆਮ ਨਾਲ ਦਿੱਲੀ ਦਾ ਫਾਰਮੂਲਾ ਗੁਜਰਾਤ ਵਿੱਚ ਵਰਤ ਕੇ ਦਿੱਲੀ ਦਾ ਤਖਤ ਮੱਲ ਲਿਆ ਜਾਵੇ। ਭਾਰਤ ਦਾ ਧਨ ਦੌਲਤ ਸੰਪੱਤੀ ਤੇ ਕਾਰਖਾਨੇ, ਕਾਰੋਬਾਰ, ਸਰਕਾਰੀ ਅਦਾਰੇ ਆਪਣੇ ਚਹੇਤਿਆਂ ਦੀ ਝੋਲੀ ਪਾ ਦਿੱਤੇ ਜਾਣ। ਸਾਰੇ ਪੈਸੇ ਲੁੱਟਣ ਤੇ ਬੈਂਕਾਂ ਤੱਕ ਨੂੰ ਕੰਗਾਲ ਕਰਨ ਵਾਲੇ ਚੌਕੀਦਾਰ ਦੀ ਰਹਿਨੁਮਾਈ ਹੇਠ ਜਹਾਜੀਂ ਚੜ੍ਹਕੇ ਫਰਾਰ ਹੋ ਜਾਣ ਤੇ ਚੌਕੀਦਾਰ ਵੱਡੇ ਵੱਡੇ ਭਾਸ਼ਣ ਕਰਦਿਆਂ ਭੋਰਾ ਸ਼ਰਮ ਮਹਿਸੂਸ ਨਾ ਕਰੇ? ਏਦਾਂ ਦੀਆਂ ਹਰਕਤਾਂ ਵਿੱਚ ਭਾਰਤ ਵਿਸ਼ਵਗੁਰੂ ਬਣੇ ਨਾ ਬਣੇ ਹਾਸੋਹੀਣਾ ਜਰੂਰ ਬਣ ਗਿਆ ਏ। ਤੇ ਇਹਨਾਂ ਤੇ ਸੁਆਲ ਚੁੱਕਣ ਵਾਲੇ ਲੋਕਪੱਖੀ ਕਲਾਕਾਰ, ਪ੍ਰੋਫੈਸਰ, ਬੁੱਧੀਜੀਵੀ, ਤੇ ਮਨੁੱਖੀ ਹੱਕਾਂ ਦੇ ਰਾਖੇ ਜਾਨੋਂ ਮਾਰ ਸੁੱਟੇ ਜਾਣ ਤੇ ਜਾਂ ਜੇਲ੍ਹੀਂ ਸੁੱਟ ਕੇ ਸਾੜੇ ਜਾਣ। ਦੂਜੇ ਪਾਸੇ ਕਤਲ ਹੋਣ ਵਾਲੇ ਤੇ ਜ਼ੁਲਮ ਦਾ ਸ਼ਿਕਾਰ ਮੁਸਲਮਾਨਾਂ ਦੇ ਨੌਜਵਾਨ ਹੀ ਫੜ ਫੜ ਜੇਲ੍ਹੀਂ ਸੁੱਟ ਦਿੱਤੇ ਜਾਣ? ਤੇ ਲੋਕਾਂ ਵਿੱਚ ਇਹ ਮਾਨਸਿਕਤਾ ਠੋਸ ਠੋਸ ਕੇ ਭਰ ਦਿੱਤੀ ਜਾਵੇ ਕਿ ਇਹ ਤਾਂ ਮੁਸਲਮਾਨ ਨੇ ਤੇ ਇਹਨਾਂ ਨਾਲ ਇਵੇਂ ਹੀ ਹੋਣੀ ਚਾਹੀਦੀ ਹੈ। ਆਪਣੀ ਸਿਆਸਤ ਦੇ ਰਾਸ ਆਉਂਦੇ ਕਾਤਲ, ਬਲਾਤਕਾਰੀ, ਧਾੜਵੀ ਲੁਟੇਰੇ ਤੇ ਧਾਰਮਿਕ ਉਨਮਾਦੀ ਭੜਕਾਈਆਂ ਭੀੜਾਂ ਨੂੰ ਖੁੱਲ੍ਹ ਦਿੱਤੀ ਜਾਵੇ ਕਦੇ ਸਿੱਖਾਂ ਖਿਲਾਫ, ਕਦੇ ਦਲਿਤਾਂ ਪੱਛੜਿਆਂ ਖਿਲਾਫ ਤੇ ਕਦੇ ਮੁਸਲਮਾਨਾਂ ਖਿਲਾਫ ਲੁੱਟਣ, ਮਾਰਨ, ਸਾੜਨ ਤੇ ਦੁਕਾਨਾਂ ਵਪਾਰ ਕਾਰੋਬਾਰ ਲੁੱਟ ਪੁੱਟ ਕੇ ਤਹਿਸ ਨਹਿਸ ਕਰਨ ਦੀ। ਗੁਰਮੀਤ ਰਾਮ ਰਹੀਮ ਵਰਗੇ ਬਲਾਤਕਾਰੀਆਂ ਤੇ ਕਾਤਲ ਸਾਧਾਂ ਨੂੰ ਜੇਲ੍ਹਾਂ ਵਿੱਚ ਵੀ ਫਾਈਵ ਸਟਾਰ ਸਹੂਲਤਾਂ ਦਿੱਤੀਆਂ ਜਾਣ। ਪੇਰੋਲ ਤੇ ਸਾਲ ਵਿੱਚ ਦੋ ਦੋ ਵਾਰੀ ਛੁੱਟੀਆਂ ਵੀ ਦਿੱਤੀਆਂ ਜਾਣ ਤੇ ਫਿਰ ਅੱਖੀਂ ਘੱਟੇ ਪਾਉਣ ਲਈ ਸਤਸੰਗ ਕਰਨ ਜਾ ਲੱਗਣ। ਕੀ ਕਦੇ ਸੋਚਿਆ ਸੀ ਕਿਸੇ ਨੇ ਕਿ ਜੱਜ ਹਾਕਮ ਦਾ ਮਨ ਤੇ ਇਸ਼ਾਰਾ ਵੇਖਕੇ ਫੈਸਲਾ ਕਰਨ? ਇਹ ਜਮਹੂਰੀਅਤ ਦਾ ਕਤਲ ਏ, ਸੰਵਿਧਾਨਿਕ ਅਦਾਰਿਆਂ ਦਾ ਜੰਗਲੀਕਰਨ ਏ, ਯੂਨੀਵਰਸਿਟੀਆਂ ਨੂੰ ਫੂਹੜ ਫੰਡਰਾਂ ਨਾਲ ਭਰਨ ਦੀ ਸਾਜ਼ਿਸ਼ ਏ, ਸਾਰੀਆਂ ਸੂਹੀਆ ਏਜੰਸੀਆਂ ਤੇ ਸੁਰੱਖਿਆ ਬਲਾਂ ਦਾ ਭਗਵਾਂਕਰਨ ਕਰਕੇ ਆਰ.ਐੱਸ.ਐੱਸ. ਦੀਆਂ ਸ਼ਾਖਾਵਾਂ ਵਿਚਲੀ ਮਾਨਸਿਕਤਾ ਵਾਲੇ ਸੋਚ ਵਿਹੂਣੇਂ ਰੋਬੋਟ ਮਸ਼ੀਨਾਂ ਬਨਾਉਣ ਦਾ ਤੇ ਭਾਰਤ ਮਾਤਾ ਦੇ ਬੱਚਿਆਂ ਨੂੰ ਵੰਡਣ ਤੇ ਲਾਸ਼ਾਂ ਵਿੱਚ ਬਦਲਣ ਦਾ ਢੰਗ ਏ। ਲੋਕੋ, ਉਏ ਸੋਚਵਾਨੋਂ ਤੇ ਭੋਲਿਓ, ਕਬੂਤਰ ਦੀਆਂ ਮੀਚੀਆਂ ਅੱਖਾਂ ਉੱਸਨੂੰ ਬਿੱਲੀ ਤੋਂ ਨਹੀਂ ਬਚਾ ਸਕਦੀਆਂ। ਤੇ ਇਹ ਬਿੱਲੀ ਵੀ ਹੁਣ ਬਿੱਲੀ ਨਹੀਂ ਜੇ ਰਹੀ, ਇਹ ਹੁਣ ਖਾ ਖਾ ਮਜ਼ਲੂਮਾਂ ਦਾ ਮਾਸ ਤੇ ਪੀ ਪੀ ਕੇ ਲਹੂ ਖੂੰਖਾਰ ਬਘਿਆੜ ਦਾ ਰੂਪ ਧਾਰਨ ਕਰ ਚੁੱਕੀ ਏ। ਇਹ ਹੁਣ ਕਬੂਤਰ ਦੇ ਅੱਖਾਂ ਮੀਚਣ ਦਾ ਇੰਤਜ਼ਾਰ ਨਹੀਂ ਕਰਦੀ, ਸਗੋਂ ਜਾਗਦਿਆਂ ਤੇ ਈ ਝਪੱਟਾ ਮਾਰ ਲੈਂਦੀ ਏ ਤੇ ਉੱਡਣ ਦਾ ਮੌਕਾ ਈ ਨਹੀ ਦਿੰਦੀ। ਤੇ ਹੁਣ ਤਾਂ ਬਘਿਆੜਾਂ, ਜੰਗਲੀ ਕੁੱਤਿਆਂ, ਲੂੰਬੜਾਂ, ਤੇ ਅੰਦਰੋਂ ਖੋਖਲਾ ਕਰਨ ਵਾਲੀ ਸਿਉਂਕ ਦੀ ਸਾਂਝੀ ਫੌਜ ਬਣਗੀ ਏ। ਲਗਾਤਾਰ ਵਧਦੀ ਜਾ ਰਹੀ ਏ। ਤੇ ਇਹ ਜੰਗਲ ਇਨਸਾਨੀ ਬਸਤੀਆਂ ਨੂੰ ਪਾੜ ਖਾ ਰਿਹਾ ਏ। ਇਹ ਤੁਹਾਡੀ ਸੋਚ ਤੇ ਛੱਡਦਾ ਹਾਂ ਕਿ ਤੁਸੀਂ ਸਾਰੀਆਂ ਖਤਰਨਾਕ ਪ੍ਰਜਾਤੀਆਂ ਨੂੰ ਆਪਣੇ ਆਲੇ ਦੁਆਲੇ ਵੇਖਣ ਦੇ ਯੋਗ ਰਹਿੰਦੇ ਹੋ ਕਿ ਹਾਕਮ ਦੀ ਐਨਕ ਨਾਲ ਹਰਾ ਹਰਾ ਤੇ ਸਭ ਅੱਛਾ ਸਮਝ ਕੇ ਆਪਣੇ ਤੇ ਝਪਟਣ ਤੱਕ ਮਾਲਾ ਫੇਰ ਕੇ ਦੜ ਵੱਟ ਜ਼ਮਾਨਾ ਕੱਟਦੇ ਓ। ਜਾਂ ਸ਼ਾਂਤੀ ਦੇ ਭਰਮਾਂ ਵਾਲੀ ਨੀਤੀ ਨਾਲ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਮੌਤ ਦਾ ਸਮਾਨ ਵਧਣ ਫੁੱਲਣ ਵਿੱਚ ਸਹਾਈ ਹੁੰਦੇ ਹੋ।
ਇੱਕ ਇਹ ਵੀ ਨਰਾਜਗੀ ਰਹਿੰਦੀ ਏ ਮੇਰੇ ਨਾਲ ਕਿ ਲੰਮਾ ਬਹੁਤ ਲਿਖ ਦੇਨੈਂ ਐਨਾ ਕੌਣ ਪੜ੍ਹੇ। ਜੇ ਪੜ੍ਹਨਾ ਈ ਕ੍ਹਾਰੀ ਏ ਤਾਂ ਲੜਨਾ ਕਿੱਸਨੇ ਹੈ।
ਬਾਕੀ ਤੁਹਾਡੇ ਸੁਝਾਅ ਤੇ ਸਲਾਹ ਸਿਰ ਮੱਥੇ ਪਰ ਪੜ੍ਹਨ ਤੋਂ ਬਾਅਦ।
Note Views expressed are personal of author –

ਗੁਰਮੀਤ ਸਿੰਘ ਜੱਜ
9465806990

Related Articles

Leave a Reply

Your email address will not be published. Required fields are marked *

Back to top button