ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੈਤਿਕ ਸਿੱਖਿਆ ਦੇਣ ਵਾਲੇ ਅਧਿਆਪਕਾਂ ਦਾ ਕੀਤਾ ਸਨਮਾਨ
ਫਿਰੋਜ਼ਪੁਰ 21 ਅਪ੍ਰੈਲ (): ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਸਮਾਜ ਸੇਵੀ ਜਥੇਬੰਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਸ਼ੀਰਵਾਦ ਪੈਲੇਸ ਸੋਢੇਵਾਲਾ ਵਿਖੇ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਦਿਆਰਥੀਆਂ 'ਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਰਨ ਵਾਲੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਜੋਨਲ ਸਕੱਤਰ ਤੇ ਇੰਦਰਪਾਲ ਸਿੰਘ ਖੇਤਰ ਸਕੱਤਰ ਨੇ ਦੱਸਿਆ ਕਿ ਸਟੱਡੀ ਸਰਕਲ ਪਿਛਲੇ 40 ਸਾਲਾਂ ਤੋਂ ਅਕਾਦਮਿਕ ਅਦਾਰਿਆਂ ਵਿਚ ਪੜਨ ਵਾਲੇ ਵਿਦਿਆਰਥੀਆਂ ਨੂੰ ਸਕੂਲੀ ਪੜਾਈ ਦੇ ਨਾਲ ਨਾਲ ਸਮਾਜ ਸੇਵਾ ਕਰਨ ਤੇ ਨਸ਼ਿਆਂ ਆਦਿ ਬੁਰਾਈਆਂ ਤੋਂ ਬਚੇ ਰਹਿਣ ਦੀ ਪ੍ਰੇਰਨਾ ਦਿੰਦਾ ਆ ਰਿਹਾ ਹੈ । ਜਿਹੇ ਮਕਸਦ ਨਾਲ ਹਰ ਸਕੂਲ ਵਿਚ ਨੈਤਿਕ ਸਿੱਖਿਆ ਇਮਤਿਹਾਨਾਂ ਦਾ ਆਯੋਜਨ ਵੀ ਹੁੰਦਾ ਹੈ ਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਤੇ ਹੋਰ ਕਈ ਪ੍ਰਕਾਰ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ । ਇਸ ਵਾਰ ਵਿਦਿਆਰਥੀਆਂ ਦੇ ਨਾਲ ਨਾਲ ਚੁਣੀਂਦਾ ਅਧਿਆਪਕਾਂ ਦਾ ਸਨਮਾਨ ਕਰਨ ਦਾ ਵੀ ਉਪਰਾਲਾ ਕੀਤਾ ਗਿਆ ਹੈ। ਇਸੇ ਕੜੀ ਤਹਿਤ 150 ਦੇ ਕਰੀਬ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਹੈ । ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰੋਫੈਸਰ ਸਰਬਜੀਤ ਸਿੰਘ ਰੇਣੁਕਾ ਨੇ ਆਦਰਸ਼ ਅਧਿਆਪਕ ਦੇ ਗੁਣਾਂ ਤੇ ਵਿਸ਼ੇਸ਼ ਚਾਨਣਾ ਪਾਇਆ । ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ । ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਨਰਿੰਦਰਪਾਲ ਸਿੰਘ ਗੁਰੂਹਰਸਹਾਏ, ਅਮਰੀਕ ਸਿੰਘ ਸ਼ੇਰ ਖਾਂ, ਪ੍ਰੀਤਮ ਸਿੰਘ ਫਤਿਹਗੜ, ਰੇਸ਼ਮ ਸਿੰਘ ਸ਼ੇਰ ਖਾਂ, ਡਾ. ਗੁਰਦੀਪ ਸਿੰਘ, ਮਾਨ ਸਿੰਘ ਆਰ•ਸੀ•ਐੱਫ, ਪਰਮਵੀਰ ਸਿੰਘ, ਮਹਿਲ ਸਿੰਘ ਰੁਕਨਾ ਬੇਗੂ, ਗੁਰਮੀਤ ਸਿੰਘ ਗੁਰੂਹਰਸਹਾਏ ਤੋਂ ਇਲਾਵਾ ਸਟੱਡੀ ਸਰਕਲ ਦੀ ਸੋਢੇਵਾਲਾ ਯੂਨਿਟ ਦਾ ਵਿਸ਼ੇਸ਼ ਯੋਗਦਾਨ ਰਿਹਾ । ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਗੁਰਭੇਜ ਸਿੰਘ ਕੋਹਾਲਾ ਤੇ ਇੰਦਰਪਾਲ ਸਿੰਘ ਨੇ ਬਾਖੂਬੀ ਨਿਭਾਈ ।