ਕੋਰੋਨਾ – ਇੱਕ ਪੀੜ ਚੋਂ ਨਿਕਲੀ ਸੰਵੇਦਨਾ ਦਾ ਵਾਇਰਸ
ਜੇ ਕੁੱਝ ਹੋਏਗਾ ਤਾਂ ਆਨੰਦ ਹੀ ਆਨੰਦ- ਦੀਪਕ ਸ਼ਰਮਾ * ਸਰਪ੍ਰਸਤ ਮਯੰਕ ਫਾਊਂਡੇਸ਼ਨ *
ਕੋਰੋਨਾ – ਇੱਕ ਪੀੜ ਚੋਂ ਨਿਕਲੀ ਸੰਵੇਦਨਾ ਦਾ ਵਾਇਰਸ
ਖ਼ਰਗੋਸ਼ ਦੀ ਚਾਲ ਚੱਲ ਰਹੀ ਜ਼ਿੰਦਗੀ ਨੇ ਕਦੇ ਸੋਚਿਆ ਨਹੀਂ ਸੀ ਕਿ ਕੱਛੂਕੁੰਮੇ ਵਾਂਗ ਵੀ ਚੱਲਣਾ ਪੈਣਾ। ਟਨਾਂ ਦੇ ਟਨ ਭਾਰੇ ਜਹਾਜ਼ਾਂ ਨੂੰ ਉਂਗਲ ਤੇ ਚੁੱਕੀ ਫਿਰਦੇ ਆਦਮ ਨੂੰ ਇੱਕ ਬਿੰਦੂ ਤੋਂ ਲੱਖਾਂ ਹਦਿੱਸੇ ਛੋਟੇ ਵਿਸ਼ਾਣੂ ਨੇ ਇੰਜ ਅੰਦਰ ਬਿਠਾ ਦਿੱਤਾ ਜਿਵੇਂ ਅਜੇ ਧਰਤੀ ਤੇ ਜੀਵਨ ਨੇ ਜਨਮ ਹੀ ਨਾ ਲਿਆ ਹੋਵੇ ਤੇ ਬੱਚਾ ਪਹਿਲਾਂ ਘਰ ਵਿੱਚ ਰਹਿ ਕੇ ਚੱਲਣਾ ਸਿੱਖ ਰਿਹਾ ਫੇਰ ਬਾਹਰ ਨਿਕਲੇਗਾ।
ਏਨਾ ਡਰ ਤੇ ਏਨਾ ਸਹਿਮ ਕਿ ਮਨੁੱਖ ਦੀ ਸੋਚਣ ਸ਼ਕਤੀ ਜਵਾਬ ਦੇ ਗਈ ਕਿ ਇਸ ਫੈਲ ਰਹੇ ਵਾਇਰਸ ਦਾ ਤੋੜ ਕੀ ਹੈ। ਸ਼ੁਰੂ ਵਿੱਚ ਇਹ ਸਾਧਾਰਨ ਵਾਇਰਸ ਲੱਗ ਰਿਹਾ ਸੀ ਪ੍ਰੰਤੂ ਜਿਵੇਂ ਜਿਵੇਂ ਇਸਦੇ ਨਤੀਜੇ ਵਿਸ਼ਵ ਵਿੱਚ ਤਾਂਡਵ ਕਰਨ ਲੱਗ ਪਏ ਤਾਂ ਮਨੁੱਖ ਨੂੰ ਸੋਚਣ ਲਈ ਮਜ਼ਬੂਰ ਹੋਣਾ ਹੀ ਪਿਆ।
ਇਹ ਸਥਿਤੀ ਓਦੋਂ ਹੋਰ ਵੀ ਵਿਕਰਾਲ ਰੂਪ ਧਾਰ ਗਈ ਜਦੋਂ ਇੱਕ ਵਾਇਰਸ ਦੀ ਦਹਿਸ਼ਤ ਦੇ ਪਰਛਾਂਵੇ ਵਿੱਚ ਇੱਕ ਨਵੇਂ ਸੱਪ ਨੇ ਜਨਮ ਲਿਆ, ਜਿਸਨੂੰ ਭੁੱਖਮਰੀ ਕਿਹਾ ਜਾਂਦਾ ਹੈ। ਗਰੀਬ ਤੇ ਪੰਛੀ ਚ ਕੋਈ ਬਹੁਤਾ ਅੰਤਰ ਨਹੀਂ ਹੁੰਦਾ, ਪੰਛੀ ਸਵੇਰੇ ਸਵੇਰੇ ਆਪਣੇ ਆਲਣੇ ਛੱਡ ਚੋਗਾ ਚੁਗਣ ਉਡਾਰੀ ਮਾਰ ਜਾਂਦੇ ਤੇ ਸ਼ਾਮ ਨੂੰ ਆ ਕੇ ਆਪਣੇ ਬੱਚਿਆਂ ਦੇ ਮੂੰਹ ਵਿੱਚ ਓਹੋ ਚੋਗਾ ਪਾਉਂਦੇ। ਗਰੀਬ ਵੀ ਸੁਬਹ ਉੱਠ ਕੇ ਦਿਹਾੜੀ ਤੇ ਜਾਂਦਾ ਤੇ ਸ਼ਾਮ ਨੂੰ ਆ ਕੇ ਆਪਣੇ ਉਡੀਕ ਰਹੇ ਬੱਚਿਆਂ ਦੇ ਮੂੰਹ ਚ ਰੋਟੀ ਪਾਉਂਦਾ ਪਰ ਇਸ ਵਰ੍ਹੇ ਉਹ ਅਜਿਹੀ ਸ਼ਾਮ ਨੂੰ ਘਰ ਆਇਆ ਕਿ ਸਵੇਰ ਨਾ ਹੋਈ ਤੇ ਸਾਰਾ ਕੰਮਕਾਰ ਛੱਡ ਕੇ ਘਰ ਬੈਠਣਾ ਪਿਆ। ਜਿੱਥੇ ਜੀਵਨ ਦੀ ਰਫ਼ਤਾਰ ਰੁਕ ਗਈ ਓਥੇ ਹੀ ਪੇਟ ਦੀ ਰਫ਼ਤਾਰ ਵੀ ਰੁਕ ਗਈ।
ਅਜਿਹੀ ਸਥਿਤੀ ਵਿੱਚ ਸਰਕਾਰ ਕੋਲ ਤਾਲਾਬੰਦੀ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਤੇ ਆਰਥਿਕ ਮੰਦੀ ਦੇ ਨਾਲ ਨਾਲ ਲੋਕਾਂ ਤੱਕ ਰੋਜ਼ਮਰ੍ਹਾ ਦੀਆਂ ਵਸਤਾਂ ਖਾਸ ਕਰਕੇ ਭੋਜਨ ਪਹੁੰਚਾਉਣਾ ਇੱਕ ਬਹੁਤ ਵੱਡੀ ਚੁਨੌਤੀ ਦਰਪੇਸ਼ ਆ ਗਈ।
ਸਾਡੇ ਗੁਰੂਆਂ ਦੇ ਦੱਸੇ ਮਾਰਗ ਤੇ ਸਮਾਜ ਸੇਵੀ ਸੰਸਥਾਵਾਂ ਨੇ ਦਿਨ ਰਾਤ ਇੱਕ ਕਰਕੇ ਅਣਥੱਕ ਭਾਈ ਸੇਵਾ ਭਾਈ ਘਨੱਈਆ ਵਾਂਗ ਲੱਕ ਬੰਨ ਕੇ ਕੀਤੀ।
ਜਿਹੜਾ ਸਮਾਜ ਅਸੀਂ ਊਚ ਨੀਚ ਤੇ ਜਾਤਾਂ ਪਾਤਾਂ, ਅਮੀਰ ਗਰੀਬ ਵਿੱਚ ਤੋੜਿਆ ਸੀ ਕੁਦਰਤ ਦੇ ਭੇਜੇ ਇਸ ਜੀਵ ਨੇ ਉਹਨਾਂ ਵਰਗਾਂ ਵਿੱਚ ਕੋਈ ਭੇਦਭਾਵ ਨਾ ਸਮਝਿਆ ਤੇ ਸਾਨੂੰ ਸਮਝਾ ਦਿੱਤਾ।
ਇਸ ਨਾਜ਼ੁਕ ਦੌਰ ਵਿੱਚ ਚਿਕਿਸਤਕ,ਡਾਕਟਰ,ਨਰਸਾਂ, ਵਿਗਿਆਨੀ,ਪੁਲਿਸ ਕਰਮਚਾਰੀ ਜਿਸ ਤਰ੍ਹਾਂ ਅੱਗੇ ਆਏ ਉਹ ਕਲਯੁੱਗ ਵਿੱਚ ਰੱਬ ਤੋਂ ਘੱਟ ਨਹੀਂ ਆਖੇ ਜਾ ਸਕਦੇ। ਚਾਰੇ ਪਾਸੇ ਜਿੱਥੇ ਘੁੱਪ ਹਨੇਰਾ ਦਿਖਾਈ ਦਿੰਦਾ ਓਥੇ ਇਹ ਕੁਦਰਤ ਵੱਲੋਂ ਇੱਕ ਚੇਤਾਵਨੀ ਵੀ ਲਗਦੀ ਹੈ। ਸ੍ਰਿਸ਼ਟੀ ਦੇ ਨਾਢੂ ਖਾਂ ਬਣੇ ਫਿਰਦੇ ਮਨੁੱਖ ਨੇ ਆਪਣੇ ਦਿਮਾਗ ਦੀ ਤਾਕਤ ਅਤੇ ਪਦਾਰਥਵਾਦੀ ਸ਼ਕਤੀਆਂ ਨਾਲ ਪ੍ਰਕਿਰਤੀ ਨੂੰ ਮਜ਼ਾਕ ਕੀਤਾ ਸੀ ਤੇ ਪ੍ਰਕਿਰਤੀ ਨੇ ਬਾਖੂਬੀ ਇਹ ਚੁਨੌਤੀ ਸਵੀਕਾਰ ਕਰ ਕੇ ਮਨੁੱਖ ਦੇ ਦਿਮਾਗ ਵਿੱਚ ਭੂਚਾਲ ਲੈ ਆਂਦਾ। ਸ਼ਕਤੀ ਪ੍ਰਦਰਸ਼ਨ ਲਈ ਕੀਤੇ ਜਾਂਦੇ ਪ੍ਰਯੋਗ,ਅੱਗੇ ਨਿਕਲਣ ਦੀ ਦੌੜ,ਹਥਿਆਰਾਂ ਦੀ ਹੋੜ, ਹਰ ਜਗ੍ਹਾ ਦਿਖਾਵੇ ਦੀ ਇੱਛਾ ਆਦਿ ਨੇ ਮਨੁੱਖ ਨੂੰ ਮਾਨਸਿਕ ਤੌਰ ਤੇ ਕੰਗਾਲ ਕਰ ਦਿੱਤਾ।ਚਾਰੇ ਪਾਸੇ ਨਜ਼ਰ ਮਾਰੀਏ ਤਾਂ ਪੰਜਾਬ ਤੋਂ ਦਿਸਦੀਆਂ ਧੌਲਾਧਾਰ ਦੀਆਂ ਪਹਾੜੀਆਂ,ਪਾਣੀ ਵਿੱਚ ਅਠਖੇਲੀਆਂ ਕਰਦੀਆਂ ਮੱਛੀਆਂ, ਅਸਮਾਨ ਨੂੰ ਗੰਢਾਂ ਦਿੰਦਿਆਂ ਚਿੜੀਆਂ ਤੇ ਮਸਤ ਹਾਥੀ ਵਾਂਗ ਝੂਲਦੇ ਰੁੱਖਾਂ ਦੇ ਦ੍ਰਿਸ਼ਾਂ ਨੂੰ ਵੇਖ ਵੇਖ ਕੌਣ ਨਹੀਂ ਕਾਦਰ ਦੇ ਗੁਣ ਗਾਉਣ ਲਈ ਮਜ਼ਬੂਰ ਹੋਇਆ।
ਬਲਿਹਾਰੀ ਕੁਦਰਤ ਵਸਿਆ
ਤੇਰਾ ਅੰਤੁ ਨ ਜਾਈ ਲਖਿਆ
ਇਹ ਸਿਰਫ ਕਰੋਨਾ ਨਹੀਂ ਬਲਕਿ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਤੇ ਸੰਕੇਤ ਹੈ ਬੰਦੇ ਬਣੋ, ਵਿਸ਼ਵ ਯੁੱਧ ਨਹੀਂ ਰਾਮਰਾਜ ਲਿਆਉ,ਸਤਿਯੁਗ ਵਰਤਾਓ। ਅਧਿਕਾਰਾਂ ਦੀ ਦੁਰਵਰਤੋਂ ਦੇ ਸਿੱਟੇ ਬਹੁਤ ਭਿਆਨਕ ਹੋਣਗੇ, ਇਸਤੋਂ ਕਿਤੇ ਜ਼ਿਆਦਾ ਖਤਰਨਾਕ ਤੇ ਉਸ ਸਮੇਂ ਇਹ ਵੀ ਹੋ ਸਕਦਾ ਕਿ ਮਨੁੱਖ ਕੋਲ ਲਾਕ ਡਾਊਨ ਹੋਣ ਲਈ ਘਰ ਹੀ ਨਾ ਬਚੇ।
ਮੰਨਿਆ ਕਿ ਸਮਾਂ ਬੜਾ ਕਠਿਨ ਹੈ ਪਰ ਹੌਸਲਾ ਰੱਖੋ ਗੁਜ਼ਰ ਜਾਏਗਾ। ਅਕਬਰ ਬਾਦਸ਼ਾਹ ਨੇ ਇੱਕ ਵਾਰ ਬੀਰਬਲ ਨੂੰ ਕਿਹਾ ਕਿ ਕੋਈ ਇੱਕ ਵਾਕ ਬੋਲ ਜਿਸ ਨੂੰ ਖੁਸ਼ੀ ਵਿੱਚ ਸੁਣ ਕੇ ਮਨ ਦੁਖੀ ਹੋਵੇ ਤੇ ਦੁੱਖ ਵਿੱਚ ਖੁਸ਼ ਹੋਵੇ, ਬੀਰਬਲ ਬੋਲਿਆ :
‘ਇਹ ਵਕਤ ਗੁਜ਼ਰ ਹੀ ਜਾਏਗਾ’, ਰਾਤ ਗੁਜ਼ਰ ਜਾਏਗੀ, ਨਵਾਂ ਸਵੇਰਾ ਆਏਗਾ। ਸਭ ਕੁੱਝ ਨਿਖਰਿਆ ਮਿਲੇਗਾ ਪ੍ਰਕਿਰਤੀ, ਮਨ, ਤਨ ਸਭ ਕੁੱਝ।
ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਨੇ ਕਿਹਾ ਹੈ :
ਜੇ ਆਈ ਏ ਪਤਝੜ ਤਾਂ ਕੀ ਏ, ਤੂੰ ਅਗਲੀ ਰੁੱਤ ਚ ਯਕੀਨ ਰੱਖੀਂ
ਮੈਂ ਲਿਆਉਣਾ ਲੱਭ ਕੇ ਕਿਤਿਓਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।
ਸਾਨੂੰ ਮੁੜਨਾ ਹੋਵੇਗਾ ਆਪਣੀ ਸੰਸਕ੍ਰਿਤੀ ਵੱਲ,ਆਪਣੀ ਮਿੱਟੀ ਵੱਲ ਤੇ ਸਭ ਤੋਂ ਅਖੀਰ ਤੇ ਆਪਣੇ ਮਨ ਵੱਲ ਜਿੱਥੇ ਫੇਰ ਕਿਸੇ ਕਰੋਨਾ ਦਾ ਕੋਈ ਭੈ ਨਹੀਂ ਹੋਏਗਾ। ਜੇ ਕੁੱਝ ਹੋਏਗਾ ਤਾਂ ਆਨੰਦ ਹੀ ਆਨੰਦ।
Worth said Deepak sir.