ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ 5.79 ਕਰੋੜ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ. ਸਬ-ਸਟੇਸ਼ਨ ਪਿੰਡ ਮਿਰਜੇ ਕੇ (ਫਿਰੋਜ਼ਪੁਰ) ਦਾ ਨੀਂਹ ਪੱਥਰ ਰੱਖਿਆ
ਕਿਹਾ, ਆਪ ਦੀ ਰਾਜ ਸਰਕਾਰ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਹੀ ਤੇਜ਼ੀ ਨਾਲ ਵਿਕਾਸ ਕਾਰਜ ਕਰ ਰਹੀ ਹੈ
ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ 5.79 ਕਰੋੜ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ. ਸਬ-ਸਟੇਸ਼ਨ ਪਿੰਡ ਮਿਰਜੇ ਕੇ (ਫਿਰੋਜ਼ਪੁਰ) ਦਾ ਨੀਂਹ ਪੱਥਰ ਰੱਖਿਆ
– ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਹਰਭਜਨ ਸਿੰਘ
– ਕਿਹਾ, ਆਪ ਦੀ ਰਾਜ ਸਰਕਾਰ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਹੀ ਤੇਜ਼ੀ ਨਾਲ ਵਿਕਾਸ ਕਾਰਜ ਕਰ ਰਹੀ ਹੈ
– ਇਲਾਕੇ ਦੇ ਅੱਠ ਪਿੰਡਾਂ ਨੂੰ ਸਬ ਸ਼ਟੇਸ਼ਨ ਦਾ ਹੋਵੇਗਾ ਫਾਇਦਾ : ਦਹੀਆ
ਫ਼ਿਰੋਜ਼ਪੁਰ, 29 ਮਾਰਚ 2023:
ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੰਜਾਬ ਦੇ ਹਰ ਵਰਗ ਦੇ ਖਪਤਕਾਰਾਂ ਨੂੰ ਮਿਆਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਪੰਜਾਬ ਦੇ ਊਰਜਾ ਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਅੱਜ 5.79 ਕਰੋੜ ਦੀ ਲਾਗਤ ਨਾਲ ਪਿੰਡ ਮਿਰਜੇ ਕੇ ਵਿਖੇ ਨਵੇਂ ਬਣਨ ਵਾਲੇ 66 ਕੇ.ਵੀ. ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਨੇ ਦੱਸਿਆ ਕਿ ਨਵਾਂ 66 ਕੇ.ਵੀ. ਸਬ ਸਟੇਸ਼ਨ ਮਿਰਜੇ ਕੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸਬ ਸਟੇਸ਼ਨ ਲਈ 66 ਕੇ.ਵੀ. ਟਰਾਂਸਮਿਸ਼ਨ ਲਾਈਨ ਦਾ ਨਿਰਮਾਣ ਕੀਤਾ ਜਾਵੇਗਾ ਜਿਸ ‘ਤੇ ਕੁੱਲ 5 ਕਰੋੜ 79 ਲੱਖ ਰੁਪਏ ਖਰਚਾ ਆਵੇਗਾ। ਉਨ੍ਹਾਂ ਕਿਹਾ ਕਿ ਇਸ ਨਵੇਂ ਗਰਿੱਡ ਸਬ-ਸਟੇਸ਼ਨ ਦੇ ਚਾਲੂ ਹੋਣ ਨਾਲ ਇਸ ਖੇਤਰ ਵਿਚ ਸਥਿਤ ਅੱਠ ਪਿੰਡਾਂ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਹੋਣ ਨਾਲ ਵੱਡੇ ਪੱਧਰ ‘ਤੇ ਰਾਹਤ ਮਿਲੇਗੀ।
ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਭਲਾਈ ਲਈ ਹਮੇਸ਼ਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਲੋਕ ਹਿੱਤ ਦੇ ਕੰਮ ਸ਼ੁਰੂ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਿਨਾਂ ਕੋਈ ਫਰਕ ਤੋਂ ਹਰ ਵਰਗ ਲਈ ਬਿਜਲੀ ਮੁਫਤ ਕਰਕੇ ਅਰਵਿੰਦ ਕੇਜਰੀਵਾਲ ਅਤੇ ਸ. ਭਗਵੰਤ ਮਾਨ ਦੀ ਪਹਿਲੀ ਗਾਰੰਟੀ ਪੂਰੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਹੀ 27 ਹਜ਼ਾਰ ਦੇ ਕਰੀਬ ਨੌਕਰੀਆਂ ਦਿੱਤੀਆਂ ਅਤੇ 500 ਮੁਹੱਲਾ ਕਲਿਨਿਕ ਬਣਾਏ ਜਦਕਿ ਪਹਿਲੀਆਂ ਸਰਕਾਰਾਂ ਆਪਣੇ ਕਾਰਜਕਾਲ ਦੇ ਆਖ਼ਰੀ ਸਾਲ ਵਿੱਚ ਹੀ ਕੰਮ ਕਰਨਾ ਸ਼ੁਰੂ ਕਰਦੀਆਂ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਹੀ ਹਰ ਖੇਤਰ ਵਿੱਚ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਸਰਕਾਰ ਕੋਲ ਫ਼ੰਡਾਂ ਦੀ ਕੋਈ ਕਮੀ ਨਹੀਂ ਅਤੇ ਵਿਕਾਸ ਕਾਰਜਾਂ ਵਿੱਚ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟੈਕਸ ਦਾ ਇਕ-ਇਕ ਪੈਸਾ ਰਾਜ ਦੇ ਵਿਕਾਸ ਲਈ ਖਰਚਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਹੈ। ਉਨ੍ਹਾ ਕਿਹਾ ਕਿ ਰਾਜ ਵਿੱਚ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਸ੍ਰੀ ਰਜਨੀਸ਼ ਦਹੀਆ ਮੰਤਰੀ ਜੀ ਨੂੰ ਜੀ ਆਇਆ ਕਿਹਾ। ਉਨ੍ਹਾਂ ਕਿਹਾ ਕਿ ਨਵਾਂ ਸਬ ਸਟੇਸ਼ਨ ਬਣਾਉਣ ਲਈ ਇਲਾਕੇ ਦੇ ਲੋਕਾਂ ਦੀ ਵੀਹ ਸਾਲ ਪੁਰਾਣੀ ਮੰਗ ਸੀ ਜਿਸ ਨੂੰ ਲੋਕਾਂ ਦੀ ਚੁਣੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਹੈ। ੳਨ੍ਹਾਂ ਕਿਹਾ ਕਿ ਇਲਾਕੇ ਦੇ ਅੱਠ ਪਿੰਡਾਂ ਨੂੰ ਇਸ ਸਬ ਸ਼ਟੇਸ਼ਨ ਦਾ ਫਾਇਦਾ ਹੋਵੇਗਾ। ਉਨ੍ਹਾਂ ਪਿੰਡ ਮਿਰਜੇ ਕੇ ਦੀ ਸੜਕ ਬਣਾਉਣ ਦੀ ਮੰਗ ‘ਤੇ ਕੈਬਨਿਟ ਮੰਤਰੀ ਵੱਲੋਂ ਮੌਕੇ ‘ਤੇ ਇਸ ਸੜਕ ਨੂੰ ਛੇਤੀ ਤੋਂ ਛੇਤੀ ਬਣਾਉਣ ਦਾ ਭਰੋਸਾ ਦਿੱਤਾ। ਇਸ ‘ਤੇ ਵਿਧਾਇਕ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਜ਼ੀਰਾ ਤੋਂ ਵਿਧਾਇਕ ਸ੍ਰੀ ਨਰੇਸ਼ ਕਟਾਰੀਆ, ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ, ਐਸ.ਐਸ.ਪੀ. ਸ. ਭੁਪਿੰਦਰ ਸਿੰਘ ਸਿੱਧੂ, ਚੇਅਰਮੈਨ ਪਲਾਨਿੰਗ ਬੋਰਡ ਸ. ਚੰਦ ਸਿੰਘ ਗਿੱਲ, ਤਹਿਸੀਲਦਾਰ ਸ੍ਰੀਮਤੀ ਸੁਖਬੀਰ ਕੌਰ ਐਸ.ਈ. ਪੀ.ਐਸ.ਪੀ.ਸੀ.ਐਲ. ਸ੍ਰੀ ਸੰਦੀਪ ਗਰਗ, ਚੀਫ ਇੰਜੀਨੀਅਰ ਸ੍ਰੀ ਪੁਨਰਦੀਪ ਸਿੰਘ ਬਰਾੜ, ਚੀਫ ਇੰਜੀਨੀਅਰ ਟੀ.ਐਸ. ਸ੍ਰੀ ਇੰਦਰਜੀਤ ਸਿੰਘ, ਐਕਸੀਅਨ ਸੁਮਨ ਸਿੰਘ, ਐਸ.ਡੀ.ਓ. ਸੁਨੀਲ ਅਰੋੜਾ, ਨਿੱਜੀ ਸਕੱਤਰ ਸ੍ਰੀ ਰੌਬੀ ਸੰਧੂ, ਸ੍ਰੀ ਬੇਅੰਤ ਸਿੰਘ ਹਕੂਮਤ ਵਾਲਾ, ਸ੍ਰੀ ਜਗਮੀਤ ਸਿੰਘ ਭੁੱਲਰ, ਸ੍ਰੀ ਲਖਵੀਰ ਸਿੰਘ, ਸ੍ਰੀ ਹਰਪ੍ਰੀਤ ਕਾਮਰੇਡ, ਕੁਲਦੀਪ ਸਿੰਘ ਫਿਰੋਜਸ਼ਾਹ ਤੋਂ ਇਲਾਵਾ ਬਿਜਲੀ ਵਿਭਾਗ ਦੇ ਅਧਿਕਾਰੀ/ਕਰਮਚਾਰੀ, ਪਾਰਟੀ ਵਰਕਰਜ਼ ਅਤੇ ਇਲਾਕਾ ਵਾਸੀ ਹਾਜ਼ਰ ਸਨ।