ਕੇਅਰ ਕੈਂਪਨੀਅਨ ਪ੍ਰੋਗਰਾਮ ਮਰੀਜ਼ਾਂ ਲਈ ਹੋਵੇਗਾ ਲਾਹੇਵੰਦ- ਸਿਵਲ ਸਰਜਨ
ਕੇਅਰ ਕੈਂਪਨੀਅਨ ਪ੍ਰੋਗਰਾਮ ਮਰੀਜ਼ਾਂ ਲਈ ਹੋਵੇਗਾ ਲਾਹੇਵੰਦ- ਸਿਵਲ ਸਰਜਨ
ਫਿਰੋਜ਼ਪੁਰ, 24.4.2023: ਕੇਅਰ ਕਮਪੈਨੀਅਨ ਪ੍ਰੋਗਰਾਮ ਮਰੀਜ਼ਾਂ ਦੀ-ਜਲਦੀ ਸਿਹਤਯਾਬੀ ਵਿੱਚ ਸਹਾਈ ਹੋ ਸਕਦਾ ਹੈ।
ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾਕਟਰ ਰਜਿੰਦਰ ਪਾਲ ਨੇ ਕੇਅਰ ਕਮਪੈਨੀਅਨ ਪ੍ਰੋਗਰਾਮ ਵਿੱਚ ਪ੍ਰਤੀਭਾਗੀ ਐਨ. ਜੀ. ਓ. ਨੂਰਾ ਹੈਲਥ ਦੇ ਖੇਤਰੀ ਪ੍ਰੋਗਰਾਮ ਸਹਾਇਕ ਸਪਨਾ ਰਾਏ ਅਤੇ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਇਸ ਅਵਸਰ ਤੇ ਸਪਨਾ ਰਾਏ ਨੇ ਦੱਸਿਆ ਕਿ ਸੰਸਥਾ ਵੱਲੋਂ ਇਸ ਪ੍ਰੋਗਰਾਮ ਤਹਿਤ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕ ਪਰਿਵਾਰਕ ਮੈਂਬਰਾਂ ਨੂੰ ਜਲਦੀ ਸਿਹਤਯਾਬ ਹੋਣ ਅਤੇ ਨਿਰੋਗ ਰਹਿਣ ਵਿਚ ਸਹਾਈ ਹੋਣ ਵਾਲੀ ਸਿਹਤ ਸਿੱਖਿਆ ਪ੍ਰਦਾਨ ਕਰਨ ਹਿੱਤ ਸਿਹਤ ਸਟਾਫ ਨੂੰ ਢੁਕਵੀਂ ਟਰੇਨਿੰਗ ਦਿੱਤੀ ਗਈ ਹੈ।
ਸਿਵਲ ਸਰਜਨ ਡਾਕਟਰ ਰਜਿੰਦਰ ਪਾਲ ਨੇ ਨੂਰਾ ਹੈਲਥ ਸੰਸਥਾ ਵਲੋ ਚਲਾਏ ਜਾ ਰਹੇ ਪ੍ਰੋਗ੍ਰਾਮ ਕੇਅਰ ਕੰਪੈਨੀਅਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਵੱਲੋਂ ਟਰੇਂਡ ਸਟਾਫ ਨਰਸਾਂ, ਬਲਾਕ ਐਕਸਟੈਂਸ਼ਨ ਐਜੂਕੇਟਰਾਂ ਅਤੇ ਸੀ.ਐਚ.ਓਜ਼. ਵੱਲੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਿਯੋਗੀ ਪਰਿਵਾਰਕ ਮੈਂਬਰਾਂ ਨੂੰ ਜੱਚਾ-ਬੱਚਾ ਸਿਹਤ, ਜਨਰਲ ਮੈਡੀਕਲ ਅਤੇ ਸਰਜੀਕਲ ਕੇਅਰ ਅਤੇ ਗੈਰ-ਸੰਚਾਰੀ ਰੋਗਾਂ ਬਾਰੇ ਢੁਕਵੀ ਸਿਹਤ ਸਿੱਖਿਆ ਸਬੰਧੀ ਸੈਸ਼ਨ ਲਗਾ ਕੇ ਸਿੱਖਿਅਤ ਕੀਤਾ ਜਾਂਦਾ ਹੈ ਤਾਂ ਜੋ ਆਮ ਲੋਕ ਬਿਮਾਰੀਆਂ ਤੋਂ ਬੱਚ ਸਕਣ ਅਤੇ ਬੀਮਾਰ ਹੋਣ ਤੇ ਜਲਦੀ ਹੀ ਤੰਦਰੁਸਤ ਹੋ ਸਕਣ।
ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ.ਸ਼ੁਸ਼ਮਾ ਠੱਕਰ , ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਮੀਨਾਕਸ਼ੀ ਅਬਰੋਲ, ਮਾਸ ਮੀਡੀਆ ਅਫਸਰ ਰੰਜੀਵ ਅਤੇ ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ ਹਾਜ਼ਰ ਸਨ।