Ferozepur News
ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਐੱਸ.ਈ ਦਫਤਰ ਫਿਰੋਜ਼ਪੁਰ ਅੱਗੇ ਲੱਗੇ ਧਰਨੇ ਦੇ ਚੌਥੇ ਦਿਨ ਦਰਿਆ ਵਿੱਚ ਪੈ ਰਹੇ ਫਿਰੋਜ਼ਪੁਰ ਦੇ ਫੈਕਟਰੀਆਂ ਤੇ ਸੀਵਰੇਜ ਦੇ ਗੰਦੇ ਪਾਣੀ ਨੂੰ ਬੰਦ ਕਰਨ ਦੀ ਕੀਤੀ ਮੰਗ
ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਐੱਸ.ਈ ਦਫਤਰ ਫਿਰੋਜ਼ਪੁਰ ਅੱਗੇ ਲੱਗੇ ਧਰਨੇ ਦੇ ਚੌਥੇ ਦਿਨ ਦਰਿਆ ਵਿੱਚ ਪੈ ਰਹੇ ਫਿਰੋਜ਼ਪੁਰ ਦੇ ਫੈਕਟਰੀਆਂ ਤੇ ਸੀਵਰੇਜ ਦੇ ਗੰਦੇ ਪਾਣੀ ਨੂੰ ਬੰਦ ਕਰਨ ਦੀ ਕੀਤੀ ਮੰਗ
ਫਿਰੋਜ਼ਪੁਰ, ਜੁਲਾਈ 24, 2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਫਿਰੋਜ਼ਪੁਰ ਦੇ ਨਹਿਰੀ ਵਿਭਾਗ ਦੇ s.e.ਦੇ ਦਫਤਰ ਅੰਦਰ ਚੱਲ ਰਹੇ ਪਾਣੀ ਬਚਾਓ ਪੰਜਾਬ ਬਚਾਓ , ਪਾਣੀ ਬਚਾਓ ਕਿਸਾਨੀ ਬਚਾਓ ਮੋਰਚੇ ਦੇ ਚੌਥੇ ਦਿਨ ਪਿੰਡਾਂ ਤੋਂ ਸੈਕੜਿਆਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਬੀਬਆਂ ਤੇ ਬੱਚਿਆਂ ਨੇ ਹਿੱਸਾ ਲਿਆ ਵੱਡੀ ਗਿਣਤੀ ਵਿੱਚ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਰਾਣਾ ਰਣਬੀਰ ਸਿੰਘ ਠੱਠਾ , ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਜੋਨ ਮਮਦੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ ਤੇ ਜਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲਹੁਕਾ ਕੇ ਕਿਹਾ ਪੰਜਾਬ ਦੀਆਂ ਦੋ ਵੱਡੀਆਂ ਜੱਥੇਬੰਦੀਆਂ ਵੱਲੋਂ ਪਾਣੀਆਂ ਦੇ ਮੁੱਦੇ ਤੇ ਸ਼ੁਰੂ ਕੀਤਾ ਸੰਘਰਸ਼ ਅੱਜ ਚੌਥੇ ਦਿਨ ਵਿੱਚ ਪਹੁੰਚ ਗਿਆ ਹੈ ਤੇ ਇਸ ਮੁੱਦੇ ਤੇ ਪੰਜਾਬ ਦੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਜਾਗਰੂਕ ਹੋਕੇ ਲਾਮਬੰਦ ਹੋ ਰਹੇ ਹਨ ਤੇ ਪ੍ਰਤੀ ਦਿਨ ਧਰਨਿਆਂ ਵਿੱਚ ਇਕੱਠ ਵਧ ਰਿਹਾ ਹੈ ।
ਜਿਲ੍ਹਾ ਪ੍ਰਸ਼ਾਸ਼ਨ ਤੇ ਸਰਕਾਰਾਂ ਨੂੰ ਲੰਮੇਹੱਥੀਂ ਲੈੰਦਿਆਂ ਕਿਹਾ ਕੇ ਫਿਰੋਜ਼ਪੁਰ ਕੋਲ ਦੀ ਲੰਘ ਰਹੇ ਸਤਲੁਜ ਦਰਿਆ ਜਿਹੜਾ ਪਿੱਛੋਂ ਲੁਧਿਆਣੇ ਦੇ ਗੰਦੇ ਪਾਣੀ ਤੇ ਬੁੱਡੇ ਨਾਲੇ ਦੀ ਮਾਰ ਝੱਲ ਰਿਹਾ ਫਿਰੋਜ਼ਪੁਰ ਆਣਕੇ ਜਵਾਂ ਮੌਤ ਦਾ ਦਰਿਆ ਬਣ ਜਾਂਦਾ ਹੈ ਫਿਰੋਜ਼ਪੁਰ ਸ਼ਹਿਰ ਦਾ ਸਾਰਾ ਸੀਵਰੇਜ ਤੇ ਫੈਕਟਰੀਆਂ ਦਾ ਕੈਮੀਕਲ ਪ੍ਰਸ਼ਾਸ਼ਨ ਤੇ ਸਰਕਾਰ ਦੀ ਮਿਲੀਭੁਗਤ ਨਾਲ ਸਤਲੁਜ ਦਰਿਆ ਵਿੱਚ ਪੈ ਰਿਹਾ ਹੈ ਤੇ ਇਹੇ ਜਹਿਰੀਲਾ ਪਾਣੀ ਮੁੜ ਨਹਿਰਾਂ ਰਾਹੀਂ ਕਿਸਾਨਾਂ ਦੇ ਖੇਤਾਂ ਵਿੱਚ ਜਾ ਰਿਹਾ ਹੈ ਜਿਸ ਨਾਲ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਤੇ ਮਜ਼ਦੂਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ।
ਇੱਥੇ ਹੀ ਬੱਸ ਨਹੀਂ ਇਸ ਜਹਿਰੀਲੇ ਪਾਣੀ ਨਾਲ ਤਿਆਰ ਹੋਇਆ ਹਰਾ ਚਾਰਾ ਖਾਕੇ ਪਸ਼ੂ ਵੀ ਬਿਮਾਰ ਹੋ ਰਹੇ ਹਨ ਤੇ ਉਹਨਾਂ ਪਸ਼ੂਆਂ ਦਾ ਦੁੱਧ ਪੀਣ ਵਾਲੇ ਲੋਕ ਵੀ ਇਸ ਅਲਾਮਤ ਦਾ ਸ਼ਿਕਾਰ ਹੋ ਰਹੇ ਪਰ ਪ੍ਰਸ਼ਾਸ਼ਕ ਅਧਿਕਾਰੀ ਕੁੰਭ ਕਰਨੀ ਨੀਂਦ ਸੁੱਤੇ ਪਏ ਹਨ ਕਹਾਵਤ ਸੱਚ ਹੈ ਕੇ ਫਿਰੋਜ਼ਪੁਰ ਮਰ ਰਿਹਾ ਹੈ ਤੇ ਨੀਰੋ ਬੰਸਰੀ ਵਜਾ ਰਿਹਾ ਹੈ । ਦਰਿਆ ਵਿੱਚ ਪੈ ਰਹੀ ਸ਼ਹਿਰ ਦੀ ਗੰਦਗੀ ਖਿਲਾਫ ਧਰਨੇ ਵਿੱਚ ਆਏ ਲੋਕਾਂ ਨੇ ਭਾਰੀ ਵਿਰੋਧਤਾ ਕੀਤੀ ਤੇ ਜਿਲ੍ਹਾ ਪ੍ਰਸ਼ਾਸ਼ਨ ਤੇ ਸਰਕਾਰਾਂ ਖਿਲਾਫ ਜੰਮਕੇ ਨਾਹਰੇਬਾਜੀ ਕੀਤੀ ।
ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕੇ ਸ਼ਹਿਰ ਦੇ ਸੀਵਰੇਜ ਦਾ ਪਾਣੀ ਦਰਿਆ ਵਿੱਚ ਪੈਣ ਤੋਂ ਤਰੁੰਤ ਬੰਦ ਕੀਤਾ ਜਾਵੇ ਤੇ ਇਸ ਗੰਦੇ ਪਾਣੀ ਨੂੰ ਟਰੀਟਮੈੰਟ ਪਲਾਟ ਲਗਾ ਕੇ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ ਤੇ ਫੈਕਟਰੀਆਂ ਦਾ ਵਾਧੂ ਵੇਸਟ ਕੈਮੀਕਲ ਨਸ਼ਟ ਕਰਨ ਲਈ ਸਰਕਾਰ ਪੁਖਤਾ ਪ੍ਰਬੰਧ ਕਰੇ ਜੇਕਰ ਸਰਕਾਰ ਨੇ ਇਹਨਾਂ ਮਸਲਿਆਂ ਨੂੰ ਅਮਲ ਵਿੱਚ ਨਾ ਲਿਆਂਦਾ ਤਾਂ ਜੱਥੇਬੰਦੀ ਇਸ ਤੇ ਸਖਤ ਐਕਸ਼ਨ ਲੈਣ ਲਈ ਤਿਆਰੀ ਕਰੇਗੀ ਜਿਸਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਦੀ ਹੋਵੇਗੀ ।
ਜਿਕਰਯੋਗ ਹੈ ਕਿ ਇਹ ਮੋਰਚਾ ਪੰਜਾਬ ਵਿੱਚ 19 ਥਾਵਾਂ ਤੇ ਲੱਗਾ ਹੈ ਜਿਸ ਵਿੱਚ 11 ਥਾਵਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ 9 ਥਾਵਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤਾਲਮੇਲਵਾਂ ਸੰਘਰਸ਼ ਕਰ ਰਹੀ ਹੈ ।
ਇਸ ਮੌਕੇ ਜੋਨ ਸਕੱਤਰ ਮੰਗਲ ਸਿੰਘ ਸਵਾਈਕੇ, ਖਜਾਨਚੀ ਗੁਰਦਿਆਲ ਸਿੰਘ ਟਿੱਬੀ ਕਲਾਂ ਜੋਨ, ਪ੍ਰੈਸ ਸਕੱਤਰ ਰੰਗਾ ਸਿੰਘ ਸਦਰਦੀਨ, ਅਨੂਪ ਸਿੰਘ ਸਵਾਈਕੇ , ਕਸ਼ਮੀਰ ਸਿੰਘ ਨਿਆਜੀਆਂ, ਰਣਜੀਤ ਸਿੰਘ ਹਰਪਾਲ ਸਿੰਘ ਜਤਾਲਾ , ਬਲਰਾਜ ਸਿੰਘ, ਸ਼ਿੰਗਾਰਾ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
HARISH MONGA