ਕਿਸਾਨ ਮਜ਼ਦੂਰ ਸ਼ੰਘਰਸ ਕਮੇਟੀ ਪੰਜਾਬ ਵਲੋਂ ਅੱਜ ਵੱਖ ਵੱਖ ਪਿੰਡਾਂ ਵਿਚ ਦੁਸਹਿਰੇ ਵਾਲੇ ਦਿਨ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ
ਕਿਸਾਨ ਮਜ਼ਦੂਰ ਸ਼ੰਘਰਸ ਕਮੇਟੀ ਪੰਜਾਬ ਵਲੋਂ ਅੱਜ ਵੱਖ ਵੱਖ ਪਿੰਡਾਂ ਵਿਚ ਦੁਸਹਿਰੇ ਵਾਲੇ ਦਿਨ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ
ਫਿਰੋਜ਼ਪੁਰ , 25.10.2020: ਕਿਸਾਨ ਮਜ਼ਦੂਰ ਸ਼ੰਘਰਸ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ਿਲਾ ਫਿਰੋਜ਼ਪੁਰ ਦੇ ਸੈਂਕਡ਼ੇ ਵੱਖ ਵੱਖ ਪਿੰਡਾਂ ਤੇ ਕਸਬਿਆਂ ਵਿੱਚ ਦੁਸਹਿਰੇ ਵਾਲੇ ਦਿਨ ਬਦੀ ਦੇ ਪ੍ਰਤੀਕ ਰਾਵਣ ਰੂਪੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੇ ਜੋਟੀਦਾਰ ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ।
ਵੱਖ ਵੱਖ ਥਾਵਾਂ ਤੇ ਪੁਤਲੇ ਫੂਕ ਮੁਜ਼ਾਹਰਿਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਧਰਮ ਸਿੰਘ ਸਿੱਧੂ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਤੇ ਨਰਿੰਦਰ ਪਾਲ ਸਿੰਘ ਜਤਾਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਪੱਖੀ ਨਾ ਹੋ ਕੇ ਕਾਰਪੋਰੇਟਸ ਜਗਤ ਦੇ ਮਨਸੂਬਿਆਂ ਨੂੰ ਪ੍ਰਫੁਲਤ ਕਰਨ ਤੇ ਕੰਮ ਕਰ ਰਹੀ ਹੈ ਤੇ ਜਿਸ ਤਰ੍ਹਾਂ ਅੰਗਰੇਜ਼ਾਂ ਵੱਲੋਂ ਈਸਟ ਇੰਡੀਆ ਨਾਮ ਦੀ ਕੰਪਨੀ ਨੂੰ ਲਿਆ ਕੇ ਦੇਸ਼ ਤੇ ਰਾਜ ਕੀਤਾ ਸੀ। ਉਸੇ ਤਰ੍ਹਾਂ ਹੀ ਮੋਦੀ ਵੀ ਅੰਬਾਨੀਆ ਤੇ ਅਡਾਨੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਦੇਸ਼ ਨੂੰ ਇਨ੍ਹਾਂ ਦੇ ਹੱਥਾਂ ਵਿਚ ਦੇਣ ਲਈ ਤਿਆਰ ਹੈ ਤੇ ਕਿਸਾਨ ਮਾਰੂ ਖੇਤੀ ਸਬੰਧੀ ਕਾਲੇ ਕਨੂੰਨ ਬਣਾ ਕੇ ਦੇਸ਼ ਦੀ ਕਿਸਾਨੀ ਤੇ ਕਿਸਾਨਾਂ ਨੂੰ ਕਾਰਪੋਰੇਟ ਜਗਤ ਦਾ ਗ਼ੁਲਾਮ ਬਣਾਉਣ ਦੀ ਨੀਤੀ ਤੇ ਕੰਮ ਕਰ ਰਿਹਾ ਹੈ। ਜਿਸ ਨੂੰ ਦੇਸ਼ ਤੇ ਪੰਜਾਬ ਦੇ ਕਿਸਾਨ ਕਿਸੇ ਵੀ ਹਾਲਤ ਵਿਚ ਮਨਜ਼ੂਰ ਨਹੀਂ ਕਰਨਗੇ ਤੇ ਜੇਕਰ ਆਪਣੀਆਂ ਜਾਨਾਂ ਦੇ ਕੇ ਇਹ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਕਰਾਉਣੇ ਪੲੇ ਤਾਂ ਪਿੱਛੇ ਨਹੀਂ ਹਟਣਗੇ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਨੂੰਨਾਂ ਨੂੰ ਵਾਪਸ ਨਾ ਲੈਣ ਦੇ ਬਿਆਨ ਦੀ ਕਿਸਾਨ੍ਹਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਕੀਤੇ ਜਾ ਰਹੇ ਪ੍ਰਚਾਰ ਵਿਚ ਕਿਤੇ ਵੀ ਕੋਈ ਵੀ ਸਚਾਈ ਨਜ਼ਰ ਨਹੀਂ ਆ ਰਹੀ ਹੈ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀ ਆਵਾਜ਼ ਸੁਣ ਕੇ ਤਿੰਨੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਤੇ ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ 23 ਫਸਲਾਂ ਦੇ ਭਾਅ ਲਾਗਤ ਖਰਚਿਆਂ ਵਿਚ 2ਸੀ ਧਾਰਾ ਮੁਤਾਬਕ 50% ਮੁਨਾਫ਼ਾ ਜੋੜ ਕੇ ਦਿੱਤੇ ਜਾਣ ਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਜੋ ਵਿਧਾਨ ਸਭਾ ਚ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਢਿੰਡੋਰਾ ਪਿੱਟ ਕੇ ਕਾਨੂੰਨ ਰੱਦ ਕਰਨ ਦੀ ਗੱਲ ਕਹੀ ਜਾ ਰਹੀ ਹੈ, ਸਿਰਫ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ । ਪੰਜਾਬ ਵਿੱਚ ਵਾਪਰ ਰਹੀਆਂ ਬਲਾਤਕਾਰ ਦੀਆਂ ਹਰ ਰੋਜ਼ ਘਟਨਾਵਾਂ ਦੀ ਜਥੇਬੰਦੀ ਵੱਲੋਂ ਕਰਡ਼ੇ ਸ਼ਬਦਾਂ ਵਿਚ ਨਿੰਦਿਆ ਕੀਤੀ ਜਾਂਦੀ ਹੈ ਅਤੇ ਬਲਾਤਕਾਰੀਆਂ ਨੂੰ ਸਖ਼ਤ ਕਾਨੂੰਨ ਬਣਾ ਕੇ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਘਰੇਲੂ ਬਿਜ਼ਲੀ 1 ਰੁਪਏ ਯੂਨਿਟ ਕੀਤੀ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਰੇਤ ਮਾਈਨਿੰਗ ਦੇ ਕਾਲੇ ਧੰਦੇ ਨੂੰ ਬੰਦ ਕੀਤਾ ਜਾਵੇ।
ਇਸ ਮੌਕੇ ਸਾਹਿਬ ਸਿੰਘ ਦੀਨੇਕੇ, ਰਣਬੀਰ ਸਿੰਘ ਠੱਠਾ, ਬਲਵਿੰਦਰ ਸਿੰਘ, ਸੁਖਵੰਤ ਸਿੰਘ ਲੋਹੁਕਾ, ਗੁਰਬਖ਼ਸ਼ ਸਿੰਘ ਪੰਜਗਰਾਈਂ, ਸੁਰਿੰਦਰ ਸਿੰਘ ਜਲਾਲਾਬਾਦ, ਅਮਨਦੀਪ ਸਿੰਘ ਕੱਚਰਭੰਨ, ਰਣਜੀਤ ਸਿੰਘ ਖੱਚਰ ਵਾਲਾ, ਗੁਰਮੇਲ ਸਿੰਘ ਫੱਤੇਵਾਲਾ, ਮੇਜਰ ਸਿੰਘ ਗਜਨੀ ਵਾਲਾ, ਗੁਰਨਾਮ ਸਿੰਘ ਆਲੀਕੇ, ਸੁਰਿੰਦਰ ਸਿੰਘ ਘੁੱਦੂਵਾਲਾ, ਬਲਰਾਜ ਸਿੰਘ ਫੇਰੋਕੇ,ਖਿਲਾਰਾ ਸਿੰਘ ਪੰਨੂ ਲਖਵਿੰਦਰ ਸਿੰਘ ਆਦਿ ਆਗੂ ਵੀ ਮੌਜੂਦ ਸਨ।—-ਬਲਜਿੰਦਰ ਤਲਵੰਡੀ