Ferozepur News
ਕਿਸਾਨ ਘਰੇਲੂ ਬਗੀਚੀ ਲਈ ਸੁਧਰੇ ਬੀਜਾਂ ਦੀ ਕਿੱਟ ਬਾਗ਼ਬਾਨੀ ਵਿਭਾਗ ਤੋਂ ਖਰੀਦਣ-ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀ ਕਿੱਟ ਰਿਲੀਜ਼
ਫ਼ਿਰੋਜ਼ਪੁਰ 05 ਸਤੰਬਰ 2018 Manish Bawa
ਡਿਪਟੀ ਕਮਿਸ਼ਨਰ ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਦੌਰਾਨ ਘਰ ਦੀ ਵਰਤੋਂ ਲਈ ਸਬਜ਼ੀਆਂ ਘਰੇਲੂ ਬਗੀਚੀ ਵਿੱਚ ਉਗਾਉਣ ਸਬੰਧੀ ਬੀਜਾਂ ਦੀ ਇੱਕ ਕਿੱਟ ਰਿਲੀਜ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਦੀ ਰੁੱਤ ਦੀਆਂ ਸਬਜ਼ੀਆਂ ਆਪਣੀ ਘਰੇਲੂ ਬਗੀਚੀ ਵਿੱਚ ਉਗਾਉਣ ਲਈ ਬਾਗ਼ਬਾਨੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਗੁਰਮੀਤ ਸਿੰਘ ਮੁਲਤਾਨੀ, ਐੱਸ. ਡੀ.ਐੱਮ. ਸ੍ਰੀ. ਅਮਿਤ ਗੁਪਤਾ, ਡਿਪਟੀ ਡਾਇਰੈਕਟਰ ਬਾਗ਼ਬਾਨੀ ਸ੍ਰ. ਨਰਿੰਦਰ ਸਿੰਘ ਮੱਲ੍ਹੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਲੋਕ ਆਪਣੇ ਘਰੇਲੂ ਬਗੀਚੀ ਵਿੱਚ ਖ਼ੁਦ ਸਬਜ਼ੀਆਂ ਤਿਆਰ ਕਰਨਗੇ ਤਾਂ ਉਨ੍ਹਾਂ ਨੂੰ ਤਾਜ਼ੀਆਂ ਸਬਜ਼ੀਆਂ ਤਾਂ ਮਿਲਦੀਆਂ ਹੀ, ਨਾਲ ਹੀ ਉਹ ਸਿਹਤ ਪੱਖੋਂ ਵੀ ਤੰਦਰੁਸਤ ਰਹਿ ਸਕਦੇ ਹਨ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗ਼ਬਾਨੀ ਨਰਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਇਹ ਕਿੱਟ ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਹੈਦਾਰਾਬਦ ਦੇ ਸੰਤੁਲਿਤ ਖ਼ੁਰਾਕ ਦੇ ਮਾਪਦੰਡਾਂ ਅਨੁਸਾਰ ਹਰ ਵਿਅਕਤੀ ਲਈ ਪ੍ਰਤੀ ਦਿਨ 300 ਗ੍ਰਾਮ ਤਾਜ਼ਾ ਸਬਜ਼ੀਆਂ, ਜਿਸ ਵਿੱਚ 120 ਗ੍ਰਾਮ ਹਰੇ ਪੱਤੇ ਵਾਲੀਆਂ ਸਬਜ਼ੀਆਂ, 90 ਗ੍ਰਾਮ ਜੜ੍ਹਾਂ ਵਾਲੀਆਂ ਸਬਜ਼ੀਆਂ ਅਤੇ 90 ਗ੍ਰਾਮ ਹੋਰ ਸਬਜ਼ੀਆਂ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਕਿੱਟ ਵਿਚ ਸਰਦੀ ਰੁੱਤ ਦੀ ਬਿਜਾਈ ਲਈ ਮੂਲ਼ੀ, ਗਾਜਰ, ਸ਼ਲਗਮ, ਮਟਰ, ਮੇਥੀ, ਧਨੀਆ, ਬਰੋਕਲੀ, ਚੀਨੀ ਸਰ੍ਹੋਂ ਲੋਟਸ ਅਤੇ ਚੁਕੰਦਰ ਦੇ ਬੀਜ ਹਨ ਜਿਸ ਦੀ ਲਗਭਗ 6 ਮਰਲੇ ਵਿੱਚ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਇਹ ਕਿੱਟ ਦਫ਼ਤਰ ਡਿਪਟੀ ਡਾਇਰੈਕਟਰ ਬਾਗ਼ਬਾਨੀ ਮੋਗਾ ਰੋਡ ਮੱਲਵਾਲ ਫ਼ਿਰੋਜ਼ਪੁਰ ਪਾਸੋਂ ਪ੍ਰਤੀ ਕਿੱਟ 80 ਰੁਪਏ ਦੇ ਹਿਸਾਬ ਨਾਲ ਖ਼ਰੀਦ ਸਕਦੇ ਹਨ।