ਕਿਸਾਨਾਂ ਨੂੰ ਪਰਾਲੀ ਖੇਤ 'ਚ ਖਪਾਉਣ ਬਦਲੇ ਸਰਕਾਰ ਪ੍ਰਤੀ ਕੁਇੰਟਲ 200 ਰੁਪਏ ਦੇਵੇ ਬੋਨਸ: ਕਿਸਾਨ
01 ਅਕਤੂਬਰ, ਫਿਰੋਜ਼ਪੁਰ: ਕਿਸਾਨਾਂ ਨੂੰ ਪਰਾਲੀ ਖੇਤ ਵਿਚ ਖਪਾਉਣ ਬਦਲੇ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਿੱਤਾ ਜਾਵੇ ਜਾਂ 5000 ਰੁਪਏ ਪ੍ਰਤੀ ਏਕੜ ਦਿੱਤਾ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਬਲਦੇਵ ਸਿੰਘ ਨੇ ਤਲਵੰਡੀ ਭਾਈ ਵਿਖੇ ਸੱਦੀ ਗਈ ਕਿਸਾਨੀ ਮਸਲਿਆਂ ਨੂੰ ਲੈ ਕੇ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਤੇ ਸਮੂਹ ਕਿਸਾਨਾਂ ਵਲੋਂ ਬਲਦੇਵ ਸਿੰਘ ਦੀ ਅਗੁਵਾਈ ਵਿਚ ਇਕ ਮਤਾ ਪਾਸ ਕੀਤਾ ਗਿਆ ਜਿਸ ਵਿਚ ਆਖਿਆ ਕਿ ਕਿਸਾਨਾਂ ਨੂੰ ਪਰਾਲੀ ਖੇਤ ਵਿਚ ਖਪਾਉਣ ਬਦਲੇ ਜਾਂ ਤਾਂ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਿੱਤਾ ਜਾਵੇ ਜਾਂ ਫਿਰ ਪ੍ਰਤੀ ਏਕੜ ਪੰਜ ਹਜ਼ਾਰ ਰੁਪਏ ਦਿੱਤੇ ਜਾਣ। ਪਰਾਲੀ ਕੁਤਰਨ ਵਾਲੇ ਸੰਦ 90 ਪ੍ਰਤੀਸ਼ਤ ਸਬਸਿਡੀ ਤੇ ਉਪਲਬੱਧ ਕਰਵਾਏ ਜਾਣ। ਕਿਸਾਨਾਂ ਦਾ ਕਰਜ਼ੇ ਤੇ ਤੁਰੰਤ ਲਕੀਰ ਮਾਰੀ ਜਾਵੇ ਅਤੇ ਸਹਿਕਾਰੀ ਸਭਾ ਤੋਂ ਖਾਦ ਦੁਆਈ ਜਾਵੇ। ਕਿਸਾਨਾਂ ਨੂੰ 1 ਨਵੰਬਰ ਤੱਕ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਸਰਕਾਰ ਦੇ ਨਿਰਦੇਸ਼ਾਂ ਦੇ ਮੁਤਾਬਿਕ ਇਕ ਅਕਤੂਬਰ ਤੋਂ ਨਿਰਵਿਘਨ ਝੋਨੇ ਦੀ ਖਰੀਦ ਕੀਤੀ ਜਾਵੇ ਅਤੇ 36 ਘੰਟੇ ਵਿਚ ਕਿਸਾਨਾਂ ਨੂੰ ਪੇਮੈਂਟ ਦਿੱਤੀ ਜਾਵੇ। ਮੰਡੀ ਵਿਚ ਸ਼ੁੱਧ ਫਿਲਟਰ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਕਿਸਾਨੀ ਮੰਗਾਂ ਤੇ ਤੁਰੰਤ ਗੌਰ ਕਰਕੇ ਲਾਗੂ ਕੀਤੀਆਂ ਜਾਣ ਨਹੀਂ ਤਾਂ ਕਿਸਾਨ ਪਰਾਲੀ ਸਾੜਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਤੇ ਜਗਤਾਰ ਸਿੰਘ ਚੋਟੀਆ ਖੁਰਦ, ਕਿਰਨਪਾਲ ਸਿੰਘ ਸੋਢੀਨਗਰ, ਰਣਜੀਤ ਸਿੰਘ ਖੋਸਾ, ਬਖਸੀਸ ਸਿੰਘ, ਗੁਰਬਿੰਦਰ ਸਿੰਘ ਛੀਨਾ, ਹਰਬੰਸ ਸਿੰਘ ਕਰਮਿੱਤੀ, ਵੀਰ ਸਿੰਘ ਚੰਦੜ, ਜਗਸੀਰ ਸਿੰਘ ਸੋਢੀ, ਗੁਰਮੁੱਖ ਸਿੰਘ ਸੋਢੀ, ਸੁਰਜੀਤ ਸਿੰਘ, ਜੋਗਿੰਦਰ ਸਿੰਘ ਕੋਟ ਕਰੋੜ, ਬਿੱਕਰ ਸਿੰਘ ਤਲਵੰਡੀ, ਰਾਮਜੀਤ ਸਿੰਘ ਹਰਦਾਸਾ, ਜਤਿੰਦਰ ਸਿੰਘ ਕੋਟ ਕਰੋੜ ਖੁਰਦ, ਰਾਜਵੀਰ ਸਿੰਘ, ਗੁਰਨਾਮ ਸਿੰਘ ਭੰਗਾਲੀ, ਮਲਕੀਤ ਸਿੰਘ ਪੰਡੋਰੀ ਖੁਰਦ, ਜਸਪਾਲ ਸਿੰਘ ਕੋਟ ਕਰੋੜ ਕਲਾਂ ਜਸਵਿੰਦਰ ਸਿੰਘ ਕੋਟ ਕਰੋੜ ਕਲਾਂ, ਹਰਪ੍ਰੀਤ ਸਿੰਘ ਉਪ ਸਕੱਤਰ, ਗੁਰਤੇਜ ਸਿੰਘ, ਨਿਰੰਜਣ ਸਿੰਘ ਤਲਵੰਡੀ ਭਾਈ, ਜਗਸੀਰ ਸਿੰਘ ਕਲਸੀ, ਜਗਤਾਰ ਸਿੰਘ ਸਰਪੰਚ ਸੁਲਹਾਣੀ ਅਤੇ ਹਰਜਿੰਦਰ ਸਿੰਘ ਛੀਨਾ ਆਦਿ ਹਾਜ਼ਰ ਸਨ।