ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਜ਼ਖਮੀਂ ਹੋਏ ਵਿਅਕਤੀ ਦੀ ਹੋਈ ਮੌਤ
ਫਿਰੋਜ਼ਪੁਰ 4 ਅਪ੍ਰੈਲ(ਏ. ਸੀ. ਚਾਵਲਾ) : ਫਿਰੋਜ਼ਪੁਰ ਮੋਗਾ ਰੋਡ ਤੇ ਸਥਿਤ ਪਿੰਡ ਫਿਰੋਜ਼ਸ਼ਾਹ ਦੇ ਸਾਹਮਣੇ ਇੰਜੀਨੀਅਰ ਕਾਲਜ ਦੇ ਕੋਲ ਸਕੌਡਾ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਜ਼ਖਮੀਂ ਹੋਏ ਮੋਟਰਸਾਈਕਲ ਸਵਾਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਸਬੰਧ ਵਿਚ ਥਾਣਾ ਘੱਲਖੁਰਦ ਦੀ ਪੁਲਸ ਨੇ ਕਾਰ ਚਾਲਕ ਖਿਲਾਫ 304-ਏ, 427 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਕਰਮੂਵਾਲਾ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਉਰਫ ਭਿੰਦਰ ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਸੁਖਰਾਜ ਸਿੰਘ ਪੁੱਤਰ ਦਰਸ਼ਨ ਸਿੰਘ ਆਪਣੇ ਮੋਟਰਸਾਈਕਲ ਪਲਟੀਨਾ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਸੁਖਰਾਜ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਖਾਈ ਫੇਮੇਕੀ ਨੇ ਆਪਣੀ ਸਕੌਡਾ ਕਾਰ ਰੰਗ ਚਿੱਟਾ ਨੰਬਰ ਸੀ. ਐਚ-40 (ਟੀ) 3888 ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਉਸ ਦੇ ਭਤੀਜੇ ਦੇ ਮੋਟਰਸਾਈਕਲ ਵਿਚ ਜਾ ਮਾਰੀ। ਇਸ ਹਾਦਸੇ ਵਿਚ ਉਸ ਦਾ ਭਤੀਜਾ ਸੁਖਰਾਜ ਸਿੰਘ ਜ਼ਖਮੀਂ ਹੋ ਗਿਆ ਅਤੇ ਮੋਟਰਸਾਈਕਲ ਵੀ ਨੁਕਸਾਨਿਆਂ ਗਿਆ। ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਤੀਜੇ ਸੁਖਰਾਜ ਸਿੰਘ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੀ ਜਾਣਕਾਰੀ ਉਨ•ਾਂ ਵਲੋਂ ਥਾਣਾ ਘੱਲਖੁਰਦ ਪੁਲਸ ਨੂੰ ਦੇ ਦਿੱਤੀ ਹੈ। ਇਸ ਮਾਮਲੇ ਦੀ ਕਾਰਵਾਈ ਕਰ ਰਹੇ ਹੈੱਡਕਾਂਸਟੇਬਲ ਰਤਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਭੁਪਿੰਦਰ ਸਿੰਘ ਦੇ ਬਿਆਨਾਂ ਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।