Ferozepur News

ਕਰਜ਼ਾ ਰਹਿਤ ਸਕੀਮ ਤਹਿਤ ਅੱਜ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਕਿਸਾਨਾਂ ਨੂੰ ਮਿਲੇਗਾ ਲਾਭ- ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ 28 ਮਈ 2018  (Vikramditya Sharma/Manish Bawa) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਮੁਤਾਬਿਕ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਕਿਸਾਨਾਂ ਦਾ ਫ਼ਸਲੀ ਕਰਜ਼ਾ ਮੁਆਫ਼ ਕਰਨ ਲਈ ਮਿਤੀ 29 ਮਈ 2018 ਨੂੰ ਸਵੇਰੇ 10 ਵਜੇ ਰਿਜੀ ਰਿਜ਼ੋਰਟਸ ਗੁਰੂਹਰਸਹਾਏ ਵਿਖੇ ਪਹਿਲੇ ਪੜਾਅ ਅਧੀਨ ਕਰਜ਼ਾ ਮੁਕਤੀ ਸਮਾਗਮ ਕਰਵਾਇਆ ਜਾ ਰਿਹਾ ਹੈ।  ਜਿਸ ਵਿਚ ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਆਈ.ਏ.ਐਸ ਨੇ  ਦਿੱਤੀ। 
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਕਰਜ਼ਾ ਮੁਕਤੀ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਗੁਰਹਰਸਹਾਏ ਦੇ  ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਸੀਮਾਂਤ ਕਿਸਾਨ ਜਿਨ੍ਹਾਂ ਵੱਲੋਂ ਕੇਂਦਰੀ ਸਹਿਕਾਰੀ ਬੈਂਕ ਨਾਲ ਲੱਗਦੀਆਂ ਖੇਤੀਬਾੜੀ ਸਭਾਵਾਂ ਪਾਸੋਂ 2 ਲੱਖ ਰੁਪਏ ਤੱਕ ਦਾ ਫ਼ਸਲੀ ਕਰਜ਼ਾ ਲਿਆ ਗਿਆ ਸੀ ਨੂੰ ਕਰਜ਼ਾ ਮੁਆਫ਼ੀ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਕਰਜ਼ਾ ਰਹਿਤ ਸਕੀਮ ਤਹਿਤ ਅੱਜ ਹਲਕੇ ਦੇ 2100  ਕਿਸਾਨਾਂ ਦੇ ਕਰੀਬ 15 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ।  ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੀਮਾਂਤ ਕਿਸਾਨ ਦਾ ਕਰਜ਼ਾ ਮੁਆਫ਼ ਕਰਨ ਲਈ ਇਤਿਹਾਸਕ ਫੈਂਸਲਾ ਕੀਤਾ  ਹੈ ਤਾਂ ਜੋ ਉਨ੍ਹਾਂ ਦੀ ਵਿਤੀ ਮੱਦਦ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਖੇਤੀ ਕਰਜ਼ੇ ਦੀ ਮੁਆਫ਼ੀ ਦੇ ਫ਼ੈਸਲੇ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿਚ ਹੀ ਅਮਲੀ ਜਾਮਾ ਪਹਿਨਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ ਤੇ ਹੁਣ ਤੱਕ ਕਈ ਥਾਵਾਂ ਤੇ ਅਜਿਹੇ ਸਮਾਗਮ ਕਰਕੇ ਕਿਸਾਨਾਂ ਨੂੰ ਖੇਤੀ ਕਰਜ਼ਿਆਂ ਤੋਂ ਰਾਹਤ ਦਿੱਤੀ ਵੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਯੋਗ ਕਿਸਾਨਾਂ ਨੂੰ ਇਹ ਲਾਭ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਇਸ ਤੋਂ ਪਹਿਲਾ ਫਿਰੋਜਪੁਰ ਜਿਲ੍ਹੇ ਦੇ 8991 ਕਿਸਾਨਾਂ ਦੇ 58.73 ਕਰੋੜ ਰੁਪਏ ਦਾ  ਕਰਜਾ ਮੁਆਫ਼ ਕੀਤਾ ਜਾ ਚੁੱਕਾ ਹੈ।
 
 

Related Articles

Back to top button