Ferozepur News

ਕਮਿਸ਼ਨਰ ਸ੍ਰੀ.ਵੀ.ਕੇ ਮੀਨਾ ਅਤੇ ਡਿਪਟੀ ਕਮਿਸ਼ਨਰ ਵੱਲੋਂ ਸ਼ੈਲਰ ਮਾਲਕਾਂ, ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ, ਆੜ੍ਹਤੀਆਂ ਤੇ ਟਰਾਂਸਪੋਟਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਕਮਿਸ਼ਨਰ ਸ੍ਰੀ.ਵੀ.ਕੇ ਮੀਨਾ ਅਤੇ ਡਿਪਟੀ ਕਮਿਸ਼ਨਰ ਵੱਲੋਂ ਸ਼ੈਲਰ ਮਾਲਕਾਂ, ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ, ਆੜ੍ਹਤੀਆਂ ਤੇ ਟਰਾਂਸਪੋਟਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ।
ਸਾਰੀਆਂ ਧਿਰਾਂ ਨੂੰ ਖ਼ਰੀਦ ਪ੍ਰਕ੍ਰਿਆ ਆਪਸੀ ਤਾਲ ਮੇਲ ਤੇ ਮਿਲਵਰਤਨ ਨਾਲ ਮੁਕੰਮਲ ਕਰਨ ਦੀ ਅਪੀਲ
PROC MEETING
ਫਿਰੋਜ਼ਪੁਰ 24 ਸਤੰਬਰ (Harish Monga ) ਪੰਜਾਬ ਸਰਕਾਰ ਵੱਲੋ ਫਿਰੋਜ਼ਪੁਰ ਜਿਲ੍ਹੇ ਅੰਦਰ ਝੋਨੇ ਦੇ ਖਰੀਦ ਪ੍ਰਬੰਧਾਂ ਲਈ ਨਿਯੁਕਤ ਨੋਡਲ ਅਫਸਰ ਕਮਿਸ਼ਨਰ ਫਿਰੋਜ਼ਪੁਰ/ਫਰੀਦਕੋਟ ਡਵੀਜਨ ਸ੍ਰੀ.ਵੀ.ਕੇ ਮੀਨਾ ਅਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ਪ੍ਰਕ੍ਰਿਆ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ, ਸ਼ੈਲਰ ਮਾਲਕਾ, ਆੜ੍ਹਤੀਆਂ ਤੇ ਟਰਾਂਸਪੋਟਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਕਮਿਸ਼ਨਰ ਸ੍ਰੀ.ਮੀਨਾ ਨੇ ਕਿਹਾ ਕਿ ਸ਼ੈਲਰ ਮਾਲਕ, ਖ਼ਰੀਦ ਏਜੰਸੀਆਂ ਦੇ ਅਧਿਕਾਰੀ, ਆੜ੍ਹਤੀਏ, ਟਰੱਕ ਅਪਰੇਟਰਾਂ ਅਤੇ ਲੇਬਰ ਆਪਸੀ ਤਾਲ ਮੇਲ ਨਾਲ ਖ਼ਰੀਦ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਣਕ ਦੀ ਲਿਫ਼ਟਿੰਗ ਅਤੇ ਭਰਾਈ ਆਦਿ ਲਈ ਰੇਟ ਨਿਸ਼ਚਤ ਕੀਤੇ ਗਏ ਹਨ ਅਤੇ ਪੂਰੇ ਭਾਰਤ ਵਿਚ ਇਨ੍ਹਾਂ ਰੇਟਾਂ ਅਨੁਸਾਰ ਅਦਾਇਗੀ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਲਿਫ਼ਟਿੰਗ ਤੇ ਭਰਾਈ ਆਦਿ ਦੇ ਟੈਂਡਰ ਮੁਕੰਮਲ ਕਰ ਲਏ ਜਾਣ।  ਇਸ ਮੌਕੇ ਜਿਲ੍ਹੇ ਨਾਲ ਸਬੰਧਿਤ ਟਰੱਕ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਰਹਿੰਦੀਆਂ ਮੰਡੀਆਂ ਦੇ ਟੈਂਡਰ ਪਾ ਕੇ ਝੋਨੇ ਦੀ ਲਿਫਟਿੰਗ ਲਈ ਜਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣਗੇ। ਸ੍ਰੀ.ਮੀਨਾ ਨੇ ਕਿਹਾ ਕਿ ਜ਼ਿਲ੍ਹੇ ਦੇ 131 ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਇਨ੍ਹਾਂ ਖ਼ਰੀਦ ਕੇਂਦਰਾਂ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 7 ਲੱਖ 25 ਹਜਾਰ 75 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ ਜਦੋਂ ਕਿ ਇਸ ਸਾਲ 7 ਲੱਖ 25 ਹਜਾਰ 100 ਮੀਟਰਕ ਟਨ ਝੋਨੇ ਦੀ ਖਰੀਦ ਹੋਣ ਦੀ ਸੰਭਾਵਨਾਂ ਹੈ। ਉਨ੍ਹਾਂ ਦੱਸਿਆ ਕਿ ਖਰੀਦੇ ਗਏ ਝੋਨੇ ਦੀ ਨਾਲੋ ਨਾਲ ਢੋਆ ਢੁਆਈ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀ ਵਰਤੋਂ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਇਸ ਦੇ ਬਣਦੇ ਕਿਰਾਏ ਦੀ ਅਦਾਇਗੀ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਿਥੇ ਮੰਡੀਆਂ ਵਿੱਚ ਖਰੀਦਿਆ ਗਿਆ ਝੋਨਾ ਇਕੱਠਾ ਨਹੀਂ ਹੋਵੇਗਾ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਲੈ ਕੇ ਆਉਣ ਵਿੱਚ ਵੀ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਸ ਮੌਕੇ ਕਮਿਸ਼ਨਰ ਸ੍ਰੀ.ਵੀ.ਕੇ ਮੀਨਾ ਅਤੇ ਡਿਪਟੀ ਕਮਿਸ਼ਨਰ ਇੰਜੀ:ਡੀ.ਪੀ.ਐਸ ਖਰਬੰਦਾ ਨੇ ਸ਼ੈਲਰ ਮਾਲਕਾ, ਆੜ੍ਹਤੀਆਂ, ਟਰੱਕ ਅਪਰੇਟਰਾਂ ਦੀਆਂ ਖਰੀਦ, ਢੁਆਈ, ਲੁਹਾਈ ਆਦਿ ਸਬੰਧੀ ਮੁਸ਼ਕਿਲਾਂ ਵੀ ਸੁਣੀਆਂ। ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਟਰੱਕ ਅਪਰੇਟਰਾਂ, ਆੜ੍ਹਤੀਆਂ ਦਾ ਪਿਛਲਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ 92 ਸ਼ੈਲਰਾਂ ਨੂੰ ਝੋਨਾ ਅਲਾਟ ਕੀਤਾ ਜਾਵੇਗਾ।
 ਮੀਟਿੰਗ ਵਿਚ ਅਡਰ ਟ੍ਰੇਨਿੰਗ ਆਈ.ਏ.ਐਸ ਸ੍ਰੀ.ਜਤਿੰਦਰਾ ਜੋਰਵਾਲ, ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਸ੍ਰ.ਜਰਨੈਲ ਸਿੰਘ ਐਸ.ਡੀ.ਐਮ ਜ਼ੀਰਾ, ਸ੍ਰ. ਹਰਦੀਪ ਸਿੰਘ ਧਾਲੀਵਾਲ ਐਸ.ਡੀ.ਐਮ ਗੁਰੂਹਰਸਹਾਏ,  ਸ੍ਰ.ਚਰਨਦੀਪ ਸਿੰਘ ਡੀ.ਟੀ.ਓ, ਮਿਸ ਜਸਲੀਨ ਕੋਰ ਜੀ.ਏ, ਜ਼ਿਲ੍ਹਾ ਮੰਡੀ ਅਫ਼ਸਰ ਸ੍ਰ.ਮਨਜੀਤ ਸਿੰਘ,  ਸ੍ਰੀ. ਸਿਕੰਦਰ ਸਿੰਘ ਹੀਰ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ, ਪ੍ਰਧਾਨ ਸ੍ਰ.ਗੁਰਮੀਤ ਸਿੰਘ ਪ੍ਰਧਾਲ ਸ਼ੈਲਰ ਯੂਨੀਅਨ, ਸ੍ਰ.ਬਾਬੂ ਸਿੰਘ ਸਮੇਤ ਟਰੱਕ ਅਪਰੇਟਰਾਂ, ਸ਼ੈਲਰ ਮਾਲਕ, ਆੜ੍ਹਤੀਆਂ ਐਸੋਸੀਏਸ਼ਨ ਦੇ  ਨੁਮਾਇੰਦਿਆਂ ਤੋ ਇਲਾਵਾ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ।

Related Articles

Back to top button