ਔਨਲਾਈਨ ਕਵੀ ਦਰਬਾਰ ਵਿੱਚ ਰਸ਼ਪਾਲ ਦਇਆ ਸਿੰਘ ਦੀ ਹਾਜ਼ਰੀ – ਰਿਸ਼ਤਿਆਂ ਦਾ ਸੈਕਲ
ਰਿਸ਼ਤਿਆਂ ਦਾ ਸੈਕਲ
ਰਿਸ਼ਤਿਆਂ ਦਾ ਸੈਕਲ ਨਾ
ਆਪਸੀ ਸਹਿਯੋਗ ਬਿਨ੍ਹਾਂ ਨਹੀਂ ਚੱਲਦਾ
ਕਈ ਵਾਰ ਹੋਇਆ
ਟੱਕਰੇ ਨੇ ਸਾਨੂੰ
ਆ ਬਾਹਲ਼ੇ ਤੱਤੇ
ਬਾਹਲੀਆਂ ਗੱਲਾਂ ਦੇ ਜ਼ੋਰ
ਨਾਲ ਪੈਡਲ ਮਾਰਦੇ
ਤੇ ਬਾਹਲੀ ਯਾਰੀ ਯਾਰੀ ਕਰਦੇ
ਜਿਨ੍ਹਾਂ ਦੇ ਰਿਸ਼ਤਿਆਂ ਦੀਆਂ ਚੈਨਾ
ਥੋੜਾਂ ਜਿਹਾਂ ਜ਼ੋਰ ਪਾਇਆ
ਈ ਲੱਥ ਜਾਂਦੀਆਂ
ਜਾਂ ਟੁੱਟ ਜਾਂਦੀਆਂ ਨੇ ,
ਤੇ ਰਿਸ਼ਤੇ ਦੀ ਸੈਕਲ ਉੱਥੇ ਖੜ੍ਹੀ
ਉਡੀਕਦੀ ਹੈ ਕੋਈ ਨਵਾਂ ਰਾਹੀਂ
ਜੋ ਲੱਥੀ ਚੈਨ ਚੜਾਵੇ ਆਪਣੇ ਹੱਥ
ਤੇ ਲੀੜੇ ਲਬੇੜੇ ਤੇ ਰਿਸ਼ਤਾ ਅੱਗੇ ਤੋਰੇ ,
ਕਈ ਰਿਸ਼ਤਿਆਂ ਦੀ
ਟੂਪ ਠੀਕ ਹੁੰਦੀ ਹੈ
ਤੇ ਟੈਅਰ ਵੀ ਠੀਕ
ਪਰ ਪਤੰਦਰ ਦਾ ਹਵਾ ਵਾਲ ਲੀਕ ਹੁੰਦਾ ਏ ,
ਦੋਵੇਂ ਬਨਿਓ ਵਾਅ ਪੂਰੀ ਹੁੰਦੀ ਹੈ
ਨਿਭਣ ਨਿਭਾਉਣ ਦੀ ,
ਪਰ ਨਿੱਕੀ ਜਿਹੀ ਗੱਲੋਂ
ਆਏ ਦਿਨ ਰੌਲ਼ਾ ਪੈਂਦਾ ਏ ,
ਫੇਰ ਪਤਾ !
ਉਹਨਾਂ ਨੂੰ ਵੱਖੋ ਵੱਖ
ਕੀਤਿਆ ਈ ਗੱਲ ਬਣਦੀ ਏ ,
ਕਿ ਦਿੱਕਤ ਸੀ ਕਿੱਥੇ ਸੀ
ਪਤਾ ਲੱਗਦੈ ,
ਦੂਰ ਹੋਇਆਂ ਈ ਸਹੀ
ਚੱਲੋਂ ਰਿਸ਼ਤੇ ਦਾ ਸੈਕਲ ਮੁੜ ਤੋਂ
ਸਹੀ ਤਾਂ ਚੱਲੇ ,
ਸਾਡੇ ਭਾਰਤ ਦੇ
ਸੈਕਲ ਸਟਾਇਲ
ਤੇ ਸਮਾਜ ਚ ਨਾ
ਅਗਲੇ ਟੈਰ ਦਾ ਬਾਹਲਾ
ਰੋਹਬ ਹੁੰਦਾ ਏ
ਰਸਤਾ ਜੋ ਦੱਸਦਾ ਏ
ਅੱਗੇ ਅੱਗੇ ਚੱਲਦਾ ਏ
ਆਹੀ ਮਰਦਾਂ ਵਾਂਗ
ਪਰ ਰਿਸ਼ਤਿਆਂ ਤੇ ਸਮਾਜ
ਦੀ ਸਮਝ ਪਰਖ ਅਣਖ
ਸ਼ਰਮ ਤੇ ਲੱਜ ਦੇ ਭਾਰ
ਵਾਲੀ ਕਾਠੀ ਤਾ
ਪਿਛਲੇ ਟੈਰ ਦੇ ਲੱਗਦੀ ਏ
ਔਰਤ ਵਾਂਗ ,
ਕੰਮ ਦੋਹਾਂ ਦਾ ਬਰਾਬਰ
ਸੈਕਲ ਤੇ ਰਿਸ਼ਤਾ
ਇੱਕ ਟੈਰ ਤੇ ਨਹੀਂ ਚੱਲਦਾ ,
ਲੰਬੇ ਸਫ਼ਰ ਲੀ ਬ੍ਰੇਕ ਤੇ ਖੁੱਲ੍ਹ
ਬਰਾਬਰ ਚਾਹੀਦੀ ਹੈ
ਜ਼ਿਆਦਾ ਬ੍ਰੇਕ ਤੇ ਖੁੱਲ੍ਹ
ਦਿਸ਼ਾ ਦਸ਼ਾ ਖਰਾਬ ਕਰਦੇ ਨੇ
ਕਿੰਨੀ ਸੋਹਣੀ ਗੱਲ ਏ
ਅਗਲੇ ਟੈਰ ਦੇ
ਬ੍ਰੇਕ ਤੇ ਪਿਛਲੇ ਨੂੰ
ਵੀ ਨਾਲੇ ਰੁੱਕਣਾ ਪੈਦਾ ਏ
ਤੇ ਪਿਛਲੇ ਦੇ ਰੁਕਿਆਂ ਅਗਲੇ ਨੂੰ
ਇਹੀ ਤਾਂ ਸੋਹਣਾ
ਰਿਸ਼ਤਾ ਹੁੰਦਾ ਏ
ਹੋਰ ਸੋਹਣੇ ਰਿਸ਼ਤੇ ਨੂੰ
ਫੁੱਲ ਲੱਗੇ ਹੁੰਦੇ ਨੇ ,
ਰਿਸ਼ਤੇ ਦੇ ਪੈਡਲ ਤੇ ਭਾਰ
ਪਾਉਂਦਿਆਂ ,
ਕਾਠੀ ਤੇ ਸਵਾਰ ਹੁੰਦਿਆਂ
ਚਾਵਾਂ ਦੀ ਹਵਾ ਭਰਦਿਆਂ
ਤੇ ਕਿਸੇ ਗੱਲੋਂ ਬ੍ਰੇਕ ਲਾਉਂਦਿਆਂ
ਧਿਆਨ ਰੱਖੋਂ
ਰਿਸ਼ਤੇ ਦਾ ਸੈਕਲ ਆਪਸੀ
ਸਹਿਯੋਗ ਬਿਨ੍ਹਾਂ ਨਹੀਂ ਚੱਲਦਾ ,
ਰਸ਼ਪਾਲ ਦਇਆ ਸਿੰਘ
*ਰਸ਼ਪਾਲ ਦਇਆ ਸਿੰਘ ਐਮ ਏ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਦਿਆਰਥੀ ਹਾਂ , ਸਾਹਿਤ ਦਾ ਚੰਗਾ ਪਾਠਕ ਤੇ ਮਾੜਾ ਮੋਟਾ ਕਲਮ ਕੜੀਸ ਹਾਂ ਜਿਵੇਂ ਪਾਰਟ ਟਾਇਮ ਰਾਇਟਰ