ਐਸ ਬੀ ਐਸ ਕੈਂਪਸ ਵਿਚ ਦੋ-ਰੋਜ਼ਾ 'ਨਿਰਮਾਣ-2017' ਦਾ ਉਦਘਾਟਨ
ਫਿਰੋਜ਼ਪੁਰ:- ਸਥਾਨਕ ਤਕਨੀਕੀ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਸਿਵਲ ਇੰਜੀ. ਵਿਭਾਗ ਵੱਲੋਂ 'ਇਨਫਰਾਟੈਕ ਸੋਸਾਇਟੀ ਆਫ ਸਿਵਲ ਇੰਜੀਨੀਅਰਿੰਗ' ਦੁਆਰਾ ਆਯੋਜਿਤ ਦੋ ਰੋਜ਼ਾ ਤਕਨੀਕੀ ਸਮਾਰੋਹ 'ਨਿਰਮਾਣ-2017' ਦਾ ਉਦਘਾਟਨ ਕੀਤਾ ਗਿਆ।ਇਸ ਵਿੱਚ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਡਾ. ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਡਾ. ਏ ਕੇ ਤਿਆਗੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਕੀਤੀ।ਇਸ ਉਪਰੰਤ ਸ਼•ਮਾਂ ਰੌਸ਼ਨ ਕਰਕੇ ਇਸ ਸਮਾਰੋਹ ਦਾ ਰਸਮੀ ਉਦਘਾਟਨ ਕੀਤਾ ਗਿਆ।ਸਿਵਲ ਇੰਜੀ. ਵਿਭਾਗ ਦੇ ਮੁਖੀ ਮੈਡਮ ਪਰਮਪ੍ਰੀਤ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਨੂੰ ਕਿਹਾ।ਸੋਸਾਇਟੀ ਦੇ ਇੰਚਾਰਜ ਇੰਜੀ. ਗੁਰਪ੍ਰੀਤ ਸਿੰਘ ਨੇ ਸੋਸਾਇਟੀ ਦੇ ਮੰਤਵਾਂ ਬਾਰੇ ਰੌਸ਼ਨੀ ਪਾਈ ਅਤੇ ਦੱਸਿਆ ਕਿ ਇਸ ਦੋ ਰੋਜ਼ਾ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਤਕਨੀਕੀ ਗਤੀਵਿਧੀਆਂ ਜਿਵੇਂ ਮਾਡਲ ਮੇਕਿੰਗ, ਕਾਰਪੋਰੇਟ ਰੋਡੀਜ਼, ਮਿਸਟਰ ਬੀਰਬਲ, ਬਰੇਨ ਕਰੱਸ਼ਰ, ਮੌਕ ਪਲੇਸਮੈਂਟ, ਟਰੀਅਰ ਹੰਟ, ਐਪਟੀਚਿਉਡ, ਪੇਪਰ ਆਰਟਸ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ।
ਡਾ. ਸਿੱਧੂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਰੋਜ਼ਗਾਰ ਪ੍ਰਾਪਤੀ ਦੀ ਸਮਰੱਥਾ ਵਧਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ ਅਤੇ ਵਿਦਿਆਰਥੀਆਂ ਦੀ ਤਕਨੀਕੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਸਹਾਈ ਸਾਬਤ ਹੁੰਦੇ ਹਨ।ਡਾ. ਤਿਆਗੀ ਨੇ ਆਪਣੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।ਉਹਨਾ ਸਮਾਰੋਹ ਦੇ ਇੰਚਾਰਜ ਮੈਡਮ ਪਰਮਪ੍ਰੀਤ ਕੌਰ, ਪ੍ਰੋ. ਬੋਹੜ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਦੀਪਿੰਦਰਦੀਪ ਸਿੰਘ ਨੂੰ 'ਨਿਰਮਾਣ-2017' ਦੇ ਆਯੋਜਨ ਲਈ ਮੁਬਾਰਕਬਾਦ ਦਿੱਤੀ।ਇਸ ਮੌਕੇ ਡਾ. ਰਾਜੀਵ ਗਰਗ ਕੰਟਰੋਲਰ ਪ੍ਰੀਖਿਆਵਾਂ, ਲਾਇਬਰੇਰੀਅਨ ਪ੍ਰੋ. ਤੇਜਪਾਲ, ਕੈਂਪਸ ਪੀਆਰਓ ਬਲਵਿੰਦਰ ਸਿੰਘ ਮੋਹੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।ਇਸ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਤ੍ਰਿਪਤ ਅਤੇ ਵੈਭਵ ਨੇ ਬਾਖੂਬੀ ਨਿਭਾਈ।