ਐਮਰਜੰਸੀ ਦੀ ਸੂਰਤ ਵਿੱਚ ਲੋੜਵੰਦਾਂ ਲਈ ਵਰਦਾਨ ਸਾਬਤ ਹੋ ਰਹੀ ਹੈ 108 ਐਂਬੂਲੈਂਸ ਸੇਵਾ
ਫਿਰੋਜਪੁਰ 4 ਮਈ (ਮਦਨ ਲਾਲ ਤਿਵਾੜੀ) ਲੋੜਵੰਦ ਲੋਕਾਂ ਨੂੰ ਸਮੇਂ ਸਿਰ ਇਲਾਜ ਅਤੇ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਦਾ ਸੰਕਲਪ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 108-ਐਂਬੂਲੈਂਸ ਸੇਵਾ ਐਮਰਜੈਂਸੀ ਵੇਲੇ ਫਿਰੋਜ਼ਪੁਰ ਜ਼ਿਲ•ੇ ਦੇ ਲੋੜਵੰਦਾਂ ਲਈ ਵੱਡਾ ਵਰਦਾਨ ਸਾਬਤ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਅਪ੍ਰੈਲ 2011 ਤੋਂ ਸ਼ੁਰੂ ਹੋਈ ਇਸ ਐਂਬੂਲੈਂਸ ਸੇਵਾ ਅਧੀਨ ਹੁਣ ਤੱਕ 76165 ਜ਼ਿਲ•ੇ ਦੇ ਲੋੜਵੰਦ ਲੋਕਾਂ ਨੂੰ ਫ਼ੌਰੀ ਸਿਹਤ ਸਹੂਲਤਾਂ ਮੁਹੱਈਆ ਕਰਦੇ ਹੋਏ ਕੀਮਤੀ ਜਾਨਾਂ ਬਚਾਈਆਂ ਗਈਆਂ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿੱਚ ਫਿਰੋਜਪੁਰ ਸ਼ਹਿਰ, ਗੁਰੂਹਰਸਹਾਏ, ਜ਼ੀਰਾ, ਮੱਖੂ ਅਤੇ ਮਮਦੋਟ ਦੇ ਸਿਵਲ ਹਸਪਤਾਲ ਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਇਹ ਐਂਬੂਲੈਂਸ ਮੌਜੂਦ ਹਨ। ਉਨ•ਾਂ ਦੱਸਿਆ ਕਿ ਐਮਰਜੰਸੀ ਦੀ ਹਾਲਤ ਵਿੱਚ ਲੋੜਵੰਦਾਂ ਵੱਲੋਂ ਟੋਲ ਫ਼ਰੀ ਨੰਬਰ 108 'ਤੇ ਜਾਣਕਾਰੀ ਦੇਣੀ ਹੁੰਦੀ ਹੈ ਜਿਸ ਉਪਰੰਤ ਸ਼ਹਿਰੀ ਖੇਤਰ ਵਿੱਚ 20 ਮਿੰਟ ਬਾਅਦ ਅਤੇ ਦਿਹਾਤੀ ਖੇਤਰ ਵਿੱਚ 30 ਮਿੰਟ ਬਾਅਦ ਇਹ ਐਂਬੂਲੈਂਸ ਸਮੇਤ ਸਿਖਲਾਈ ਪ੍ਰਾਪਤ ਪੈਰਾ ਮੈਡੀਕਲ ਸਟਾਫ਼ ਪਹੁੰਚ ਜਾਂਦੀ ਹੈ ਅਤੇ ਲੋੜਵੰਦਾਂ ਨੂੰ ਨੇੜਲੇ ਹਸਪਤਾਲ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ। ਉਨ•ਾਂ ਜ਼ਿਲ•ੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਲੋੜ ਸਮੇਂ ਜਦੋਂ ਇਸ ਸਹਾਇਤਾ ਲਈ ਟੈਲੀਫ਼ੋਨ 'ਤੇ ਜਾਣਕਾਰੀ ਦਿੱਤੀ ਜਾਵੇ ਤਾਂ ਆਪਣੇ ਜ਼ਿਲ•ੇ, ਤਹਿਸੀਲ ਦੀ ਸਹੀ ਜਾਣਕਾਰੀ ਅਤੇ ਐਮਰਜੰਸੀ ਦੀ ਸਥਿਤੀ ਵੀ ਦੱਸੀ ਜਾਵੇ ਤਾਂ ਜੋ ਲੋੜਵੰਦ ਤੱਕ ਤੁਰੰਤ ਇਹ ਐਂਬੂਲੈਂਸ ਭੇਜੀ ਜਾ ਸਕੇ। ਇੰਜੀ.ਖਰਬੰਦਾ ਨੇ ਦੱਸਿਆ ਕਿ ਜਾਨਵਰਾਂ ਤੇ ਸੱਪ ਦੁਆਰਾ ਕੱਟੇ ਜਾਣ ਦੇ 83 ਕੇਸਾਂ 'ਚ, ਅੱਗ ਜਾਂ ਹੋਰ ਰਸਾਇਣਾਂ ਨਾਲ ਸੜਨ ਦੇ 275 ਕੇਸਾਂ 'ਚ, 1056 ਕੇਸ ਦਿਲ ਦੇ ਦੌਰੇ ਦੇ, 940 ਕੇਸ ਵੱਖ-ਵੱਖ ਖੇਤੀਬਾੜੀ ਅਤੇ ਸਥਾਨਕ ਹਾਦਸਿਆਂ ਤੋਂ ਪੀੜਤ ਮਰੀਜ਼ਾਂ, 16793 ਜਨਨੀ ਸੁਰੱਖਿਆ ਯੋਜਨਾ ਦੇ ਕੇਸਾਂ ਅਤੇ ਜਣੇਪੇ ਦੇ 32596 ਕੇਸਾਂ, 6136 ਮੈਡੀਕਲ ਐਮਰਜੈਂਸੀ ਕੇਸਾਂ ਅਤੇ 11927 ਹੋਰ ਮੈਡੀਕਲ ਸਹੂਲਤਾਂ ਦੇ ਮਾਮਲਿਆਂ ਵਿੱਚ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਲਿਜਾਉਣ ਅਤੇ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਸੇਵਾ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 6291 ਸੜਕ ਹਾਦਸਿਆਂ 'ਚ ਐਂਬੂਲੈਂਸ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਪੀੜਤਾਂ ਨੂੰ ਸਮੇਂ ਸਿਰ ਮੈਡੀਕਲ ਸਹਾਇਤਾ ਉਪਲਬਧ ਕਰਵਾਉਣ 'ਚ ਆਪਣਾ ਯੋਗਦਾਨ ਪਾਇਆ ਅਤੇ ਆਤਮ ਹੱਤਿਆ ਕਰਨ ਵਰਗੇ 68 ਮਾਮਲਿਆਂ 'ਚ ਤੁਰੰਤ ਮੈਡੀਕਲ ਸਹਾਇਤਾ ਦੇ ਕੇ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 108-ਐਂਬੂਲੈਂਸ ਗੱਡੀਆਂ ਦੀ ਇਹ ਸੇਵਾ 24 ਘੰਟੇ ਲੋਕਾਂ ਦੀ ਸੇਵਾ ਕਰਨ ਲਈ ਤਤਪਰ ਹੈ। ਸਿਵਲ ਸਰਜਨ ਡਾ.ਵਾਈ.ਕੇ.ਗੁਪਤਾ ਨੇ ਦੱਸਿਆ ਕਿ 108 ਐਂਬੂਲੈਂਸ ਰਾਹੀਂ ਗਰਭਵਤੀ ਔਰਤਾਂ, ਸੜਕ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ, ਦਿਲ ਦੇ ਰੋਗਾਂ ਦੇ ਮਰੀਜ਼ਾਂ, ਆਤਮ ਹੱਤਿਆ ਦੇ ਕੇਸਾਂ, ਬਿਮਾਰੀਆਂ ਤੋਂ ਪੀੜਤਾਂ ਅਤੇ ਡਲਿਵਰੀ ਤੋਂ ਬਾਅਦ ਔਰਤਾਂ ਨੂੰ ਘਰ ਛੱਡਣ ਵਰਗੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।