ਐਨ.ਡੀ.ਆਰ.ਐਫ. ਦੀਆਂ ਟੀਮਾਂ ਹੜ੍ਹਾਂ ਤੋਂ ਬਚਾਅ ਲਈ ਝੋਕ ਹਰੀਹਰ ਵਿਖੇ ਕੀਤਾ ਅਭਿਆਸ
ਐਨ.ਡੀ.ਆਰ.ਐਫ. ਨਾਲ ਜ਼ਿਲ੍ਹੇ ਦੇ ਸਾਰੇ ਭਾਈਵਾਲ ਵਿਭਾਗਾਂ ਨੇ ਹਿੱਸਾ ਲਿਆ
ਐਨ.ਡੀ.ਆਰ.ਐਫ. ਦੀਆਂ ਟੀਮਾਂ ਹੜ੍ਹਾਂ ਤੋਂ ਬਚਾਅ ਲਈ ਝੋਕ ਹਰੀਹਰ ਵਿਖੇ ਕੀਤਾ ਅਭਿਆਸ
– ਮਾਨਸੂਨ ਦੌਰਾਨ ਹੜ੍ਹਾਂ ਤੋਂ ਇਲਾਵਾ ਹੋਰ ਹੰਗਾਮੀ ਸਥਿਤੀਆਂ ਦੌਰਾਨ ਬਚਾਅ ਕਾਰਜਾਂ ਦਾ ਕੀਤਾ ਅਭਿਆਸ
– ਐਨ.ਡੀ.ਆਰ.ਐਫ. ਨਾਲ ਜ਼ਿਲ੍ਹੇ ਦੇ ਸਾਰੇ ਭਾਈਵਾਲ ਵਿਭਾਗਾਂ ਨੇ ਹਿੱਸਾ ਲਿਆ
ਫਿਰੋਜ਼ਪੁਰ, 17 ਫਰਵਰੀ 2023:
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੀ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਝੋਕ ਹਰੀਹਰ ਵਿਖੇ ਫ਼ਿਰੋਜ਼ਪੁਰ ਫੀਡਰ ਨਹਿਰ ਵਿੱਚ ਹੜ੍ਹਾਂ ਨਾਲ ਹੋਣ ਵਾਲੀ ਕੁਦਰਤੀ ਤਬਾਹੀ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਅਤਿ ਜਰੂਰੀ ਪ੍ਰਬੰਧਾਂ ਤੇ ਬਚਾਅ ਸਬੰਧੀ ਅਭਿਆਸ (ਮੋਕ-ਡਰਿਲ) ਕੀਤਾ। ਇਸ ਮੋਕ ਡਰਿਲ ਵਿਚ ਐਨ.ਡੀ.ਆਰ.ਐਫ. ਨਾਲ ਜ਼ਿਲ੍ਹੇ ਦੇ ਸਾਰੇ ਭਾਈਵਾਲ ਵਿਭਾਗਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ ਅਤੇ ਡੀ.ਐਸ.ਪੀ.(ਐਚ) ਸ੍ਰੀ ਮਨਜੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਅਭਿਆਸ ਦੌਰਾਨ ਲੋਕਾਂ ਨੂੰ ਹੜ੍ਹ ਵਰਗੀਆਂ ਹੰਗਾਮੀ/ਵਿਨਾਸ਼ਕਾਰੀ ਸਥਿਤੀਆਂ ਦਾ ਪ੍ਰਭਾਵਸ਼ਾਲੀ ਅਤੇ ਕੁਸ਼ਲਤਾ ਨਾਲ ਮੁਕਾਬਲਾ ਕਰਨ ਲਈ ਅਤੇ ਇਸ ਤੋਂ ਬਚਾਅ ਤੇ ਮੁਢਲੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਐਨ.ਡੀ.ਆਰ.ਐਫ. ਦੇ ਬਚਾਅ ਕਾਰਜਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ।
ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ ਨੇ ਕਿਹਾ ਕਿ ਐਨ.ਡੀ.ਆਰ.ਐਫ. ਵੱਲੋਂ ਇਸ ਅਭਿਆਸ ਨਾਲ ਵਿਭਾਗਾਂ ਨੂੰ ਹੰਗਾਮੀ ਹਾਲਤਾਂ ਅਤੇ ਕੁਦਰਤੀ ਆਫਤਾਂ ਸਮੇਂ ਜਾਨੀ ਮਾਲੀ ਨੁਕਸਾਨ ਨੂੰ ਕਿਵੇਂ ਰੋਕਣਾ ਹੈ, ਬਾਰੇ ਜ਼ਰੂਰੀ ਟ੍ਰੇਨਿੰਗ ਅਤੇ ਜਾਣਕਾਰੀ ਹਾਸਿਲ ਹੋਈ। ਇਸ ਅਭਿਆਸ ਵਿਚ ਸਮੂਹ ਵਿਭਾਗਾਂ ਨੇ ਦਿਲਚਸਪੀ ਨਾਲ ਭਾਗ ਲਿਆ ਅਤੇ ਔਖੇ ਸਮੇਂ ਵਿੱਚ ਉਨ੍ਹਾਂ ਵੱਲੋਂ ਨਿਭਾਈ ਜਾਣ ਵਾਲੀ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ। ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਜਦੋਂ ਵੀ ਲੋੜ ਪੈਂਦੀ ਹੈ ਜਾਂ ਇਨ੍ਹਾਂ ਨੂੰ ਬਚਾਅ ਕਾਰਜਾਂ ਲਈ ਸੰਪਰਕ ਕੀਤਾ ਜਾਂਦਾ ਹੈ ਤਾਂ ਕਿ ਫੌਰੀ ਮੱਦਦ ਪਹੁੰਚਾ ਕੇ ਕੀਮਤੀ ਜਾਨ ਅਤੇ ਮਾਲ ਦੀ ਰਾਖੀ ਹੋ ਸਕੇ।
ਇਸ ਮੌਕੇ ਐਨ.ਡੀ.ਆਰ.ਐਫ਼ ਦੇ ਅਸਿਸਟੈਂਟ ਕਮਾਂਡੈਂਟ ਡੀ.ਐਲ. ਜਾਖੜ ਨੇ ਕਿਹਾ ਕਿ ਪੰਜਾਬ ਦਰਿਆਵਾਂ ਅਤੇ ਨਹਿਰਾਂ ਦੀ ਧਰਤੀ ਹੈ ਜਿੱਥੇ ਮਾਨਸੂਨ ਦੌਰਾਨ ਜੂਨ ਤੋਂ ਸਤੰਬਰ ਤੱਕ ਹੜ੍ਹਾਂ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਲਈ ਐਨ.ਡੀ.ਆਰ.ਐਫ. ਵੱਲੋਂ ਆਯੋਜਿਤ ਅਭਿਆਸ ਦਾ ਖਾਸ ਮਹੱਤਵ ਹੈ। ਉਨ੍ਹਾਂ ਦੱਸਿਆ ਕਿ ਭਾਗੀਦਾਰ ਵਿਭਾਗਾਂ ਨਾਲ ਸੰਯੁਕਤ ਰੂਪ ਵਿਚ ਅਭਿਆਸ ਕਰਨ ਦਾ ਵਿਸ਼ੇਸ਼ ਮੰਤਵ ਹੁੰਦਾ ਹੈ ਕਿ ਅਸੀਂ ਲੋੜ ਪੈਣ ਆਪਣਾ ਰੋਲ ਅਦਾ ਕਰ ਸਕੀਏ ਅਤੇ ਤਾਲਮੇਲ ਨਾਲ ਬੇਹਤਰ ਨਤੀਜੇ ਹਾਸਲ ਕਰ ਸਕੀਏ। ਇਸ ਦੇ ਨਾਲ ਹੀ ਆਪਣੀ ਕਮੀਆਂ ਨੂੰ ਵੀ ਸਮਝ ਸਕੀਏ। ਉਨ੍ਹਾਂ ਦੱਸਿਆ ਕਿ ਇਸ ਅਭਿਆਸ ਦਾ ਮੁੱਖ ਉਦੇਸ਼ ਕਿਸੇ ਵੀ ਤਰ੍ਹਾਂ ਦੀਆਂ ਕੁਦਰਤੀ /ਵਿਨਾਸ਼ਕਾਰੀ ਸਥਿਤੀਆਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਨਾਗਰਿਕਾਂ ਨੂੰ ਇਸ ਤੋਂ ਬਚਾਅ ਸਬੰਧੀ ਤਰੀਕਿਆਂ ਤੋਂ ਜਾਣੂ ਕਰਵਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਇਨ੍ਹਾਂ ਸਥਿਤੀਆਂ ਨਾਲ ਨਜਿੱਠਣ ਦਾ ਤਜ਼ਰਬਾ ਹੋਣਾ ਚਾਹੀਦਾ ਹੈ।
ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ, ਸਕੱਤਰ ਰੈਡ ਕਰਾਸ ਸ੍ਰੀ ਅਸ਼ੋਕ ਬਹਿਲ, ਸਲਾਹਕਾਰ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਨਰਿੰਦਰ ਕੁਮਾਰ ਚੌਹਾਨ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।