ਫਿਰੋਜ਼ਪੁਰ – ਉਡਾਨ ਸਕੀਮ ਤਹਿਤ ਸੈਨੇਟਰੀ ਪੈਡਾਂ ਦੀ ਕੀਤੀ ਵੰਡ
ਫਿਰੋਜ਼ਪੁਰ ਉਡਾਨ ਸਕੀਮ ਤਹਿਤ ਸੈਨੇਟਰੀ ਪੈਡਾਂ ਦੀ ਕੀਤੀ ਵੰਡ
ਫਿਰੋਜ਼ਪੁਰ 23 ਮਈ 2022: ਪੰਜਾਬ ਸਰਕਾਰ ਵੱਲੋਂ 28 ਮਈ ਨੂੰ ਅੰਤਰਰਾਸ਼ਟਰੀ ਮਾਹਵਾਰੀ ਸਵੱਛਤਾ ਦਿਵਸ ਮੌਕੇ ‘ਤੇ ਸੂਬੇ ਭਰ ਵਿੱਚ ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਦੀ ਇੱਕ ਸਕੀਮ ਸ਼ੁਰੂ ਕੀਤੀ ਗਈ। ਇਸ ਸਕੀਮ ਤਹਿਤ ਸਕੂਲ ਛੱਡਣ ਵਾਲੀਆਂ, ਸਕੂਲੋਂ ਬਾਹਰ ਜਾਣ ਵਾਲੀਆਂ ਕੁੜੀਆਂ, ਕਾਲਜ ਨਾ ਜਾਣ ਵਾਲੀਆਂ ਕੁੜੀਆਂ, ਬੀਪੀਐਲ ਪਰਿਵਾਰਾਂ ਦੀਆਂ ਔਰਤਾਂ, ਬੇਘਰ ਔਰਤਾਂ, ਝੁੱਗੀ-ਝੌਂਪੜੀ ਵਾਲੇ ਖੇਤਰਾਂ ਦੇ ਵਸਨੀਕਾਂ ਅਤੇ ਜੋ ਕਿਸੇ ਹੋਰ ਸਕੀਮ ਤਹਿਤ ਮੁਫਤ ਸੈਨੇਟਰੀ ਪੈਡ ਦਾ ਲਾਭ ਨਹੀਂ ਲੈ ਰਹੇ ਉਨ੍ਹਾਂ ਨੂੰ ਕਵਰ ਕੀਤਾ ਜਾਵੇਗਾ।ਹਰੇਕ ਲਾਭਪਾਤਰੀ ਨੂੰ ਪ੍ਰਤੀ ਮਹੀਨਾ 09 ਸੈਨੇਟਰੀ ਪੈਡ ਦਿੱਤੇ ਜਾਣਗੇ।
ਇਸ ਸਕੀਮ ਤਹਿਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੰਮ੍ਰਿਤ ਸਿੰਘ ਦੀ ਅਗਵਾਈ ਹੇਠ ਚੇਤਨਾ ਹਾਲ ਫਿਰੋਜ਼ਪੁਰ ਛਾਉਣੀ ਵਿਖੇ ਰਤਨਦੀਪ ਸੰਧੂ ਜ਼ਿਲਾ ਪ੍ਰੋਗਰਾਮ ਅਫਸਰ ਫਿਰੋਜ਼ਪੁਰ ਵੱਲੋਂ ਲਗਭਗ 100 ਲਾਭਪਾਤਰੀਆਂ ਨੂੰ ਸੈਨੇਟਰੀ ਪੈਡ ਵੰਡੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਨੇ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਮਾਹਵਾਰੀ ਦੀ ਸਫਾਈ ਬਾਰੇ ਜਾਗਰੂਕਤਾ ਫੈਲਾਉਣਾ, ਬੁਨਿਆਦੀ ਉਤਪਾਦਾਂ ਤੱਕ ਪਹੁੰਚ ਵਿੱਚ ਸੁਧਾਰ ਕਰਨਾ, ਜੀਵਨ ਦੇ ਬਿਹਤਰ ਮਿਆਰ ਨੂੰ ਉਤਸ਼ਾਹਿਤ ਕਰਨਾ ਹੈ। ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ, ਔਰਤਾਂ ਦੇ ਸਵੈ-ਮਾਣ ਨੂੰ ਵਧਾਉਣਾ ਅਤੇ ਸੈਨੇਟਰੀ ਪੈਡਾਂ ਦੇ ਸੁਰੱਖਿਅਤ ਨਿਪਟਾਰੇ ਨੂੰ ਯਕੀਨੀ ਬਣਾਉਣਾ ਵੀ ਇਸ ਸਕੀਮ ਦਾ ਮਕਸਦ ਹੈ।ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਆਂਗਣਵਾੜੀ ਵਰਕਰਾਂ ਰਾਹੀਂ ਯੋਗ ਲਾਭਪਾਤਰੀਆਂ ਨੂੰ ਸੈਨੇਟਰੀ ਪੈਡ ਦਿੱਤੇ ਜਾਣਗੇ। ਇਸ ਦਾ ਮਕਸਦ ਹਰ ਔਰਤ ਨੂੰ ਮਾਹਵਾਰੀ ਦੌਰਾਨ ਸੈਨੇਟਰੀ ਪੈਡ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਬਚਿਆ ਜਾ ਸਕੇ।