Ferozepur News
ਉਘੇ ਲੇਖਕ ਅਤੇ ਸਮਾਜ ਸੇਵੀ ਸੁਖਚੈਨ ਸਿੰਘ ਲਾਇਲਪੁਰੀ ਨਹੀਂ ਰਹੇ, ਭੋਗ ਦੀ ਰਸਮ 18 ਫ਼ਰਵਰੀ ਨੂੰ ਨਿਭਾਈ ਜਾਵੇਗੀ
ਉਘੇ ਲੇਖਕ ਅਤੇ ਸਮਾਜ ਸੇਵੀ ਸੁਖਚੈਨ ਸਿੰਘ ਲਾਇਲਪੁਰੀ ਨਹੀਂ ਰਹੇ, ਭੋਗ ਦੀ ਰਸਮ 18 ਫ਼ਰਵਰੀ ਨੂੰ ਨਿਭਾਈ ਜਾਵੇਗੀ*
ਉੱਘੇ ਲੇਖਕ ਅਤੇ ਸ਼ਹੀਦ ਊਧਮ ਸਿੰਘ ਦੀ ਵਿਰਾਸਤ ਨੂੰ ਸੰਭਾਲਣ ਲਈ ਅਵਾਜ਼ ਬੁਲੰਦ ਕਰਨ ਵਾਲੇ ਇੰਜੀਨੀਅਰ ਸੁਖਚੈਨ ਸਿੰਘ ਲਾਇਲਪੁਰੀ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 57 ਸਾਲਾਂ ਦੇ ਸਨ। ਉਹ ਬਹੁਤ ਹੀ ਮਿਲਣਸਾਰ , ਹੱਸਮੁਖ , ਮਿਹਨਤੀ ਅਤੇ ਨਰਮ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦਾ ਜਨਮ 16 ਜਨਵਰੀ 1965 ਨੂੰ ਪਿਤਾ ਪ੍ਰੀਤਮ ਸਿੰਘ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਹੋਇਆ।
ਉਨ੍ਹਾਂ ਦੀ ਰਿਹਾਇਸ਼ ਕੰਬੋਜ ਨਗਰ, ਫਿ਼ਰੋਜ਼ਪੁਰ ਸ਼ਹਿਰ ਵਿਚ ਹੈ। ਆਪ ਦੋ ਭਰਾ ਸਨ । ਆਪ ਬਚਪਨ ਤੋਂ ਹੀ ਬਹੁਤ ਉੱਦਮੀ ਸਨ । ਪੰਜਾਬ ਵਿਚ ਖ਼ਰਾਬ ਹਾਲਾਤ ਦੌਰਾਨ ਆਪ ਨੇ ਜਗਦੇਵ ਸਿੰਘ ਜੱਸੋਵਾਲ ਨਾਲ ਰਲ ਕੇ ਫ਼ਿਰੋਜ਼ਪੁਰ ਅੰਦਰ ਮੇਲਿਆਂ ਦਾ ਆਗਾਜ਼ ਕਰ ਕੇ ਕੁਰਾਹੇ ਪਈ ਜਵਾਨੀ ਨੂੰ ਸਭਿਆਚਾਰ ਦੇ ਰੰਗ ਵਿਚ ਰੰਗਿਆ । ਸ਼ਹੀਦ ਭਗਤ ਸਿੰਘ ਊਧਮ ਸਿੰਘ ਫੈਡਰੇਸ਼ਨ ਅਤੇ ਆਲ ਇੰਡੀਆ ਕੰਬੋਜ ਮਹਾਸਭਾ ਦੇ ਪੰਜਾਬ ਪ੍ਰਧਾਨ ਵਜੋਂ ਵੀ ਵੱਡੀਆਂ ਸੇਵਾਵਾਂ ਨਿਭਾ ਕੇ ਆਪ ਨੇ ਜਿੱਥੇ ਸਮਾਜ ਸੈਵੀ ਕਾਰਜਾਂ ਨੂੰ ਵੱਡੇ ਪੱਧਰ ਤੇ ਅੰਜਾਮ ਦਿਤਾ, ਉਥੇ ਸਮਾਜ ਨੂੰ ਦੇਸ਼ ਭਗਤੀ ਵਾਲੇ ਰੰਗ ਵਿਚ ਰੰਗਣ ਲਈ ਸ਼ਹੀਦਾਂ ਦੀ ਸੋਚ ਨੂੰ ਨੌਜਵਾਨਾਂ ਤਕ ਪਹੁੰਚਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ। ਸੁਖਚੈਨ ਸਿੰਘ ਲਾਇਲਪੁਰੀ ਦਾ ਵਿਆਹ ਬੀਬਾ ਪ੍ਰਿੰਸੀਪਲ ਰੁਪਿੰਦਰ ਕੌਰ ਨਾਲ ਹੋਇਆ । ਪ੍ਰਮਾਤਮਾ ਆਪ ਦੇ ਘਰ ਦੋ ਪੁੱਤਰਾਂ ਹਰਕੀਰਤ ਸਿੰਘ ਅਤੇ ਐਡਵੋਕੇਟ ਜਸਕੀਰਤ ਸਿੰਘ ਦੀ ਦਾਤ ਬਖਸ਼ੀ। ਆਪ ਨੇ ਪੱਤਰਕਾਰਤਾ, ਸਮਾਜ ਸੇਵਾ ਅਤੇ ਰਾਜਸੀ ਖੇਤਰ ਅੰਦਰ ਵੱਡੀਆਂ ਸੇਵਾਵਾਂ ਨਿਭਾ ਨਾਮਣਾ ਖੱਟਿਆ । 12 ਫ਼ਰਵਰੀ ਨੂੰ ਅਚਾਨਕ ਜ਼ਬਰਦਸਤ ਦਿਲ ਦਾ ਦੌਰਾ ਪੈਣ ਕਾਰਨ ਆਪ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 18 ਫਰਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ( ਜੰਜਾ ਵਾਲਾ) ਕੰਬੋਜ ਨਗਰ, ਫ਼ਿਰੋਜ਼ਪੁਰ ਸ਼ਹਿਰ ਵਿਖੇ ਦੁਪਹਿਰ ਬਾਰਾਂ ਤੋਂ ਇਕ ਵਜੇ ਦਰਮਿਆਨ ਪਾਏ ਜਾਣਗੇ।