ਇਨਕਲਾਬੀ ਲੋਕ ਮੋਰਚਾ ਪੰਜਾਬ ਵਲੋਂ ਸ਼ਹੀਦੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ
ਗੁਰੂਹਰਸਹਾਏ 27 ਮਾਰਚ (ਪਰਮਪਾਲ ਗੁੁਲਾਟੀ) – ਇਨਕਲਾਬੀ ਲੋਕ ਮੋਰਚਾ ਪੰਜਾਬ ਵੱਲੋਂ ਸ਼ਹੀਦੇ-ਏ-ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਪੁਰਾਣੀ ਦਾਣਾ ਮੰਡੀ ਗੁਰੂਹਰਸਹਾਏ ਵਿਖੇ ਸ਼ਹੀਦੀ ਸੱਭਿਆਚਾਰਕ ਸਮਾਗਮ ਮਨਾਇਆ ਗਿਆ। ਇਸ ਮੌਕੇ ਪੂਰਾ ਪੰਡਾਲ ਝੰਡੀਆਂ, ਬੈਨਰਾਂ ਨਾਲ ਸਜਾਇਆ ਗਿਆ ਅਤੇ ਸਮਾਗਮ ਦੀ ਸ਼ੁਰੂਆਤ ਵਿੱਚ ਸ਼ਹੀਦਾਂ ਨੂੰ 2 ਮਿੰਟ ਦਾ ਮੋਨ ਧਾਰ ਕੇ ਸਮੂਹ ਲੋਕਾਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਦੇਸ ਰਾਜੇ ਬਾਜੇ ਕੇ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਝੰਡਾ ਨਿਵਾਇਆ ਗਿਆ, ਝੰਡਾ ਉੱਚਾ ਚੁੱਕਦਿਆਂ ਹੀ ਪੰਡਾਲ ਵਿਚ ਇਨਕਲਾਬ ਜਿੰਦਾਬਾਦ, ਅਮਰ ਸ਼ਹੀਦਾਂ ਨੂੰ ਲਾਲ ਸਲਾਮ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿੱਆ।
ਸਮਾਗਮ ਦੀ ਸ਼ੁਰੂਆਤ ਲੋਕ ਸੰਗੀਤ ਮੰਡਲੀ ਜੀਦਾ ਵੱਲੋਂ ਪ੍ਰਣਾਮ ਸ਼ਹੀਦਾਂ ਨੂੰ ਅਤੇ ਸਿਆਸਤਦਾਨਾਂ ਤੇ ਵਿਅੰਗ ਕਸਦੀਆਂ ਬੋਲੀਆਂ ਅਤੇ ਹੋਰ ਇਨਕਲਾਬੀ ਗੀਤਾਂ ਨਾਲ ਹੋਈ। ਸਮਾਗਮ ਦੌਰਾਨ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਨਾਟਕ, ਅੱਗ ਦਾ ਸਫਾ ਹੈ ਜੋ ਸਾਡੇ ਲੋਕਾਂ ਨੂੰ ਜੰਗ ਵਿਚ ਧੱਕਣ ਵਿਰੁੱਧ ਸੀ, ਭਗਤ ਸਿੰੰਘ ਦੀ ਘੋੜੀ, ਦੁੱਖ ਪੰਜਾਬ ਦਾ ਕੋਰੀਓਗ੍ਰਾਫੀਆਂ ਕੀਤੀਆਂ ਗਈਆਂ, ਜਿਸਨੂੰ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਦੇਖਿਆ। ਇਸ ਸਮੇਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਪ੍ਰਧਾਨ ਲਾਲ ਸਿੰਘ ਗੋਲੇ ਵਾਲਾ ਨੇ ਕਿਹਾ ਕਿ ਸਾਡੇ ਹਾਕਮਾਂ ਵੱਲੋਂ ਸਮੁੱਚੇ ਦੇਸ਼ ਅੰਦਰ ਜੋ ਨਵੀਆਂ ਲੋਕ ਵਿਰੋਧੀ ਆਰਥਿਕ ਸਨਅਤੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਇਹਨਾਂ ਨੀਤੀਆਂ ਤਹਿਤ ਸਾਰੇ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਤੋੜਕੇ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਗਰੀਬੀ, ਮਹਿੰਗਾਈ, ਬੇ-ਰੁਜ਼ਗਾਰੀ, ਬੇ-ਇਨਸਾਫੀ, ਭ੍ਰਿਸ਼ਟਾਚਾਰ, ਫਿਰਕਾ ਪ੍ਰਸਤੀ, ਗੁੰਡਾਗਰਦੀ, ਨਸ਼ਾਖੋਰੀ ਵਧੀ ਹੈ। ਹੱਕ ਮੰਗਦੇ ਲੋਕਾਂ ਉਪਰ ਡਾਗਾਂ ਵਰ੍ਹਾਈਆਂ ਜਾ ਰਹੀਆਂ ਹਨ। ਸੱਚ ਬੋਲਦੇ ਪੱਤਰਕਾਰਾਂ ਉਪਰ ਹਮਲੇ ਕੀਤੇ ਜਾ ਰਹੇ ਹਨ ਜਾਂ ਝੂਠੇ ਕੇਸ ਪਾਏ ਜਾ ਰਹੇ ਹਨ। ਇਹ ਭਗਤ ਸਿੰਘ ਦੇ ਸੁਪਨਿਆ ਦਾ ਭਾਰਤ ਨਹੀਂ ਹੈ ਸਾਨੂੰ ਇਕੱਠੇ ਹੋ ਕੇ ਭਗਤ ਸਿੰਘ ਦੇ ਰਾਹ ਤੇ ਚੱਲਦੇ ਹੋਏ ਭਗਤ ਦੇ ਸੁਪਨਿਆ ਦਾ ਸਮਾਜ ਸਿਰਜਣ ਲਈ ਅੱਗੇ ਆਉਣਾ ਚਾਹੀਦਾ ਹੈ।
¬ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਰੇਸ਼ਮ ਮਿੱਡਾ, ¬ਕ੍ਰਾਂਤੀਕਾਰੀ ਮਜ਼ਦੂਰ ਯੁਨੀਅਨ ਪੰਜਾਬ ਦੇ ਪ੍ਰਧਾਨ ਜੈਲ ਸਿੰੰਘ ਨੇ ਕਿਹਾ ਕਿ ਸਮੁੱਚੇ ਭਾਰਤ ਅੰਦਰ ਕਿਸਾਨਾਂ-ਮਜ਼ਦੂਰਾਂ ਦੀ ਹਾਲਤ ਬਹੁਤ ਮਾੜੀ ਹੈ। ਆਏ ਦਿਨ ਕਿਸਾਨ-ਮਜ਼ਦੂਰ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਰਹੇ ਹਨ, ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ। ਪੰਜਾਬ ਅੰਦਰ ਨਸ਼ਾ ਪੁਲਿਸ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਵਿਕ ਰਿਹਾ ਹੈ, ਆਏ ਦਿਨ ਓਵਰਡੋਜ਼ ਨਾਲ ਨੌਜਵਾਨ ਮਰ ਰਹੇ ਹਨ। ਸਾਨੂੰ ਇਕੱਠੇ ਹੋ ਕੇ ਇਸ ਵਿਰੁੱਧ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਸਮੇਂ ਸਟੇਜ ਦੀ ਕਾਰਵਾਈ ਨਰੇਸ਼ ਸੇਠੀ ਨੇ ਬਾਖੂਬੀ ਨਿਭਾਈ ਅਤੇ ਸਮਾਗਮ ਨੂੰ ਸਫਲ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ।