Ferozepur News

ਆਸਿਫ਼ਾ ਨੂੰ ਇਨਸਾਫ਼ ਦਿਵਾਉਣ ਲਈ ਗੁਰੂਹਰਸਹਾਏ ਅੰਦਰ ਕੱਢਿਆ ਕੈਂਡਲ ਮਾਰਚ

ਗੁਰੂਹਰਸਹਾਏ, 17 ਅਪ੍ਰੈਲ (ਪਰਮਪਾਲ ਗੁਲਾਟੀ)- ਕਠੂਆ ਕਾਂਡ 'ਚ ਅੱਠ ਸਾਲ ਦੀ ਬੱਚੀ ਆਸਿਫਾ ਨਾਲ ਹੋਏ ਦੁਸ਼ਕਰਮ 'ਚ  ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਲਈ ਅਤੇ ਆਸਿਫਾ ਦੇ ਹੱਕ ਵਿਚ ਗੁਰੂਹਰਸਹਾਏ ਸ਼ਹਿਰ ਅੰਦਰ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਬਜ਼ਾਰਾਂ ਅੰਦਰ ਕੈਂਡਲ ਮਾਰਚ ਕੱਢਿਆ ਗਿਆ। ਰੇਲਵੇ ਪਾਰਕ ਅੰਦਰ ਕੈਂਡਲ ਮਾਰਚ ਕੱਢਣ ਲਈ ਅਕਸ ਆਰਟ ਰੰਗ ਮੰਚ ਸਾਹਿਤ ਮੰਚ ਗੁਰੂਹਰਸਹਾਏ, ਜਬਰ ਵਿਰੋਧੀ ਸੰਘਰਸ਼ ਕਮੇਟੀ, ਬੀ.ਐਡ. ਫਰੰਟ ਸਮੇਤ ਕਈ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਇਸ ਕੈਂਡਲ ਮਾਰਚ ਨੂੰ ਰਵਾਨਾ ਕੀਤਾ। ਇਹ ਕੈਂਡਲ ਮਾਰਚ ਸ਼ਹਿਰ ਦੇ ਫਰੀਦਕੋਟ ਰੋਡ, ਮੁਕਤਸਰ ਰੋਡ, ਸ਼ਹੀਦ ਊਧਮ ਸਿੰਘ ਚੌਂਕ, ਸ਼ਹੀਦ ਤਰਲੋਚਨ ਸਿੰਘ ਚੌਂਕ ਸਮੇਤ ਵੱਖ-ਵੱਖ ਬਜ਼ਾਰਾਂ ਵਿਚੋਂ ਪੈਦਲ ਕੱਢਿਆ ਗਿਆ। ਇਸ ਕੈਂਡਲ ਮਾਰਚ 'ਚ ਜਿਥੇ ਸਮਾਜਸੇਵੀ ਜਥੇਬੰਦੀਆਂ ਨੇ ਹਿੱਸਾ ਲਿਆ, ਉਥੇ ਹੀ ਇਸ ਮਾਰਚ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਇਸ ਮੌਕੇ 'ਤੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਇਹ ਕਾਂਡ ਸਮਾਜ ਦੇ ਮੱਥੇ ਤੇ ਕਲੰਕ ਹੈ ਤੇ ਇਸ ਲਈ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਸਜਾਵਾਂ ਦਿੱਤੀਆਂ ਜਾਣ।

Related Articles

Back to top button