ਕੀ ਦੱਸਾਂ??
ਕੀ ਦੱਸਾਂ ਤੂੰ ਮੇਰੇ ਲਈ ਕੀ ਏਂ ?
ਜਿਵੇਂ ਸ਼ਹਿਦ ਬਣਾਉਣ ਦਾ ਹੁਨਰ ਹੋਵੇ
ਜਿਵੇਂ ਕਾਲ ਤੋਂ ਬਾਅਦ ਕੋਈ ਪੁਨਰ ਹੋਵੇ
ਜਿਵੇਂ ਚਰ੍ਹੀ ਨੂੰ ਹੱਥੀਂ ਫੜਿਆ ਨੀ
ਜਿਵੇਂ ਠੂਹਾਂ ਇਸ਼ਕ ਦਾ ਲੜਿਆ ਨੀ
ਜਿਵੇਂ ਬਰਫ਼ ਨੇ ਢੱਕੀਆਂ ਚੋਟੀਆਂ ਨੀ
ਜਿਵੇਂ ਗੁਰਬਤ ਦੇ ਹੱਥ ਰੋਟੀਆਂ ਨੀ
ਜਿਵੇਂ ਕੰਨ ਰਾਂਝੇ ਦੇ ਸਾਬਤ ਨੀ
ਜਿਵੇਂ ਰਾਜੇ ਦਾ ਕੋਈ ਰਾਵਤ ਨੀ
ਜਿਵੇਂ ਧੁੰਦਾਂ ਵਾਲ਼ੀ ਖੁਸ਼ਕੀ ਨੀ
ਜਿਵੇਂ ਰਾਤ ਦੀ ਰਾਣੀ ਮੁਸ਼ਕੀ ਨੀ
ਜਿਵੇਂ ਤਪਦੀ ਧਰਤ ਦੀ ਹਿੱਕ ਉੱਤੇ
ਝੜ੍ਹੀਆਂ ਨਾਲ ਪੈਂਦਾ ਮੀਂਹ ਏ
ਕੀ ਦੱਸਾਂ ਤੂੰ ਮੇਰੇ ਲਈ ਕੀ ਏ ?
ਜਿਵੇਂ ਚੰਗੇ ਮਿਲ ਜਾਣ ਸਹੁਰੇ ਨੀ
ਜਿਵੇਂ ਹਬਸ਼ੀ ਹੋ ਜਾਣ ਗੋਰੇ ਨੀ
ਜਿਵੇਂ ਮਜ਼ਾ ਪਹਾੜੀ ‘ਨੇਰ੍ਹ ਦਾ ਨੀ
ਜਿਵੇਂ ਤਸਬੀ ਸਾਧੂ ਫੇਰਦਾ ਨੀ
ਜਿਵੇਂ ਜੰਗਲੀ ਬੂਟੀ ਮਲ੍ਹਮਾਂ ਤੇ
ਜਿਵੇਂ ਬਰਕਤ ਰੱਬ ਦੀ ਕਲਮਾਂ ਤੇ
ਜਿਵੇਂ ਸ਼ਾਹ ਵੇਲੇ ਦੀ ਨਮਾਜ਼ ਕੋਈ
ਜਿਵੇਂ ਨਵੇਂ ਹੀ ਤੁਰੇ ਰਿਵਾਜ਼ ਕੋਈ
ਜਿਵੇਂ ਆਟੇ ਨਾਲ਼ ਰੰਗੇ ਚੱਪੇ ਨੀ
ਜਿਵੇਂ ਡੱਡੂ ਸਾਉਣ ‘ਚ ਟੱਪੇ ਨੀ
ਜਿਵੇਂ ਮੌਨ ਵਰਤ ਕੋਈ ਟੁੱਟਣ ਤੇ
ਬੁੱਲਾਂ ਤੇ ਪਹਿਲੀ ਸੀ ਏਂ
ਕੀ ਦੱਸਾਂ ਤੂੰ ਮੇਰੇ ਲਈ ਕੀ ਏਂ ?
ਜਿਵੇਂ ਮੋਰਨੀ ਕੱਢੀ ਚਾਦਰ ‘ਤੇ
ਜਿਵੇਂ ਸੇਠ ਕੋਈ ਬਹਿਜੇ ਦਾਦਰ ‘ਤੇ
ਜਿਵੇਂ ਗੁਰੂ ਗ੍ਰੰਥ ਦਾ ਖੋਲ੍ਹਣਾ ਨੀ
ਜਿਵੇਂ ਪਾਠੀ ਦਾ ਸੁਬ੍ਹਾ ਬੋਲਣਾ ਨੀ
ਜਿਵੇਂ ਜੰਮੇ ਬੱਚੇ ਉਬਾਸਣ ਨੀ
ਜਿਵੇਂ ਰੱਬ ਦਾ ਕੋਈ ਸਿੰਘਾਸਣ ਨੀ
ਜਿਵੇਂ ਪਾਸ਼ ਦੀ ਗੱਲ ਕੋਈ ਸੱਚੀ ਨੀ
ਜਿਵੇਂ ਸ਼ਿਵ ਨੇ ਲੂਣਾ ਰਚੀ ਨੀ
ਜਿਵੇ ਇੱਕ ਕਦਮ ਕੋਈ ਅੱਗੇ ਨੀ
ਮੈਂ ਉੱਨੀ ਤੇ ਤੂੰ ਵੀਹ ਏਂ
ਕੀ ਦੱਸਾਂ ਤੂੰ ਮੇਰੇ ਲਈ ਕੀ ਏਂ ?
ਜਿਵੇਂ ਟਿੱਕਾ ਸਜਦਾ ਕੁੜੀਆਂ ਦੇ
ਜਿਵੇਂ ਫੁੱਲ ਵਿੱਚ ਬੱਚੇ ਲੁੜੀਆਂ ਦੇ
ਜਿਵੇਂ ਮੌਲਵੀ ਰੱਖੇ ਰੋਜ਼ੇ ਨੀ
ਜਿਵੇਂ ਇਕੱਠੇ ਰਹਿਣ ਅਲਗੋਜ਼ੇ ਨੀ
ਜਿਵੇਂ ਘੁੰਮ-ਘੁੰਮ ਨੱਚੇ ਮਧਾਣੀ ਨੀ
ਜਿਵੇਂ ਕੰਢੇ ਚੁੰਮਦੇ ਪਾਣੀ ਨੀ
ਜਿਵੇਂ ਮੱਝ ਕੋਈ ਕੱਟੀਆ ਵਾਲ਼ੀ ਨੀ
ਜਿਵੇਂ ਅੱਗ ਕੋਈ ਛਟੀਆ ਵਾਲ਼ੀ ਨੀ
ਜਿਵੇਂ ਠੰਡ ਵਿੱਚ ਬੁੱਕਲ ਦਾਦੀ ਦੀ
ਜਿਵੇਂ ਸਿਰ ਤੇ ਚੁੰਨੀ ਖਾਦੀ ਦੀ
ਜਿਵੇਂ ਖ਼ੁਸ਼ੀਆਂ ਹੁੰਦੀਆ ਟੱਬਰ ‘ਚ
ਜਦੋਂ ਨਵਾਂ ਕੋਈ ਆਉਂਦਾ ਜੀਅ ਏ
ਕੀ ਦੱਸਾਂ ਤੂੰ ਮੇਰੇ ਲਈ ਕੀ ਏਂ?
Deepi
Age 29
MSc IT
Lovely Professional university