ਆਜ਼ਾਦੀ ਘੁਲਾਟੀਏ ਰਾਮ ਚੰਦ ਬਹਾਦਰਕੇ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਸਰਟੀਫਿਕੇਟ ਬਣਾਉਣ ਲਈ ਸਰਕਾਰੀ ਦਫਤਰਾਂ ਚ ਖਾਣੇ ਪੈ ਰਹੇ ਹਨ ਧੱਕੇ
ਆਜ਼ਾਦੀ ਘੁਲਾਟੀਏ ਰਾਮ ਚੰਦ ਬਹਾਦਰਕੇ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਸਰਟੀਫਿਕੇਟ ਬਣਾਉਣ ਲਈ ਸਰਕਾਰੀ ਦਫਤਰਾਂ ਚ ਖਾਣੇ ਪੈ ਰਹੇ ਹਨ ਧੱਕੇ
ਦੋ ਸਾਲਾਂ ਤੋਂ ਦਿੱਤੀਆਂ ਫਾਈਲਾਂ,ਅਧਿਕਾਰੀ ਨਹੀਂ ਕਰ ਰਹੇ ਕਾਰਵਾਈ
ਆਜ਼ਾਦੀ ਘੁਲਾਟੀਏ ਦੇ ਪਰਿਵਾਰਕ ਮੈਂਬਰਾਂ ਨੂੰ ਡੀ ਸੀ ਫਿਰੋਜ਼ਪੁਰ ਸਾਹਮਣੇ ਭੁੱਖ ਹੜਤਾਲ ਕਰਨ ਦਾ ਅੈਲਾਨ
ਫਾਜ਼ਿਲਕਾ 8, ਅਕਤੂਬਰ:ਜ਼ਿਲ੍ਹਾ ਫ਼ਾਜ਼ਿਲਕਾ ਦੀ ਤਹਿਸੀਲ ਜਲਾਲਾਬਾਦ ਅਧੀਨ ਆਉਂਦੇ ਪਿੰਡ ਪੀਰ ਬਖਸ਼ ਚੌਹਾਨ ਦੀ ਵਸਨੀਕ ਸ਼ੁਕੰਤਲਾਂ ਰਾਣੀ ਪੁੱਤਰੀ ਆਜ਼ਾਦੀ ਘੁਲਾਟੀਏ ਰਾਮ ਚੰਦ,ਬਲਵੰਤ ਚੰਦ ਅਤੇ ਹਰਕਿਸ਼ਨ ਲਾਲ ਪੁੱਤਰ ਜੈ ਚੰਦ(ਆਜ਼ਾਦੀ ਘੁਲਾਟੀਏ ਦੇ ਦੋਹਤੇ) ਅਤੇ ਆਜ਼ਾਦੀ ਘੁਲਾਟੀਏ ਦੀ ਪੋਤਰੀ ਨੀਲਮ ਰਾਣੀ ਪਤਨੀ ਛਿੰਦਰਪਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ 'ਤੇ ਲਗਾਏ ਹਨ ਕਿ ਦੋ ਸਾਲਾਂ ਤੋਂ ਉਨ੍ਹਾਂ ਦੇ ਆਜ਼ਾਦੀ ਘੁਲਾਟੀਏ ਦੇ ਬਤੌਰ ਪਰਿਵਾਰਕ ਮੈਂਬਰ ਹੋਣ ਦੇ ਸਰਟੀਫਿਕੇਟ ਬਣਾਉਣ ਲਈ ਸਰਕਾਰੀ ਦਫਤਰਾਂ ਦੇ ਧੱਕੇ ਖਾਣੇ ਪੈ ਰਹੇ ਹਨ।ਅਧਿਕਾਰੀ ਉਹਨਾਂ ਦੇ ਸਰਟੀਫਿਕੇਟ ਬਣਾਉਣ ਦੀ ਬਜਾਏ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਹੇ ਹਨ।ਗੱਲਬਾਤ ਕਰਦਿਆਂ ਆਜ਼ਾਦੀ ਘੁਲਾਟੀਏ ਰਾਮ ਚੰਦ ਦੇ ਦੋਹਤੇ ਬਲਵੰਤ ਚੰਦ ਨੇ ਸਾਲ 2017 ਚ' ਸਰਟੀਫਿਕੇਟ ਬਣਾਉਣ ਸੰਬੰਧੀ ਜਿਲ੍ਹਾ ਫਿਰੋਜ਼ਪੁਰ ਦਫ਼ਤਰ ਨੂੰ ਭੇਜੀਆਂ ਸਰਟੀਫਿਕੇਟ ਦੀਆਂ ਫਾਈਲਾਂ ਦੀਆਂ ਫੋਟੋ ਕਾਪੀਆਂ ਦਿਖਾਉਦਿਆ ਕਿਹਾ ਕਿ ਉਨ੍ਹਾਂ ਨੂੰ ਆਜ਼ਾਦੀ ਘੁਲਾਟੀਏ ਦੇ ਪਰਿਵਾਰਕ ਮੈਂਬਰ ਹੋਣ ਦਾ ਸਰਟੀਫਿਕੇਟ ਬਣਾਉਣ ਦੀਆਂ ਸਹੂਲਤਾਂ ਪ੍ਰਾਪਤ ਹਨ, ਜਿਸ ਤਹਿਤ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਸ਼ਾਸ਼ਨ ਨੂੰ ਆਪਣੇ ਸਰਟੀਫਿਕੇਟ ਬਣਾਉਣ ਫਾਈਲਾਂ ਤਿਆਰ ਕਰਕੇ ਦੋ ਸਾਲ ਪਹਿਲਾਂ ਦਿੱਤੀਆਂ ਸਨ, ਪ੍ਰੰਤੂ ਦੋ ਸਾਲਾਂ ਤੋਂ ਆਪਣੇ ਸਰਟੀਫਿਕੇਟ ਬਣਾਉਣ ਲਈ ਅਸੀਂ ਲਗਾਤਾਰ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਸਰਕਾਰੀ ਦਫ਼ਤਰਾਂ ਦੇ ਬਾਬੂਆਂ ਅਤੇ ਅਧਿਕਾਰੀਆਂ ਵੱਲੋਂ ਸਾਡੀ ਇੱਕ ਨਹੀਂ ਸੁਣੀ ਜਾ ਰਹੀ। ਕੋਈ ਅਧਿਕਾਰੀ ਕਹਿੰਦਾ ਹੈ ਕਿ ਤੁਹਾਡਾ ਜ਼ਿਲ੍ਹਾ ਫ਼ਾਜ਼ਿਲਕਾ ਹੈ, ਤੁਸੀਂ ਉੱਥੇ ਪਹੁੰਚ ਕਰੋ। ਜੇਕਰ ਅਸੀਂ ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਤ ਡੀਸੀ ਦਫ਼ਤਰ ਅਤੇ ਤਹਿਸੀਲ ਜਲਾਲਾਬਾਦ ਦੇ ਐਸਡੀਐਮ ਦਫਤਰ ਪਹੁੰਚ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਤੁਹਾਡਾ ਰਿਸ਼ਤੇਦਾਰ ਆਜ਼ਾਦੀ ਘੁਲਾਟੀਆ ਰਾਮ ਚੰਦ ਬਹਾਦਰਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬਹਾਦਰ ਕੇ ਨਾਲ ਸੰਬੰਧਤ ਹੈ,ਇਸ ਕਰਕੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਤੁਹਾਡੀ ਫਾਈਲ ਨਾਲ ਕੋਈ ਸਬੰਧ ਨਹੀਂ।
ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਕਤ ਆਜ਼ਾਦੀ ਘੁਲਾਟੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਤੀਆਂ ਦਰਖਾਸਤਾਂ ਤੇ ਅਮਲ ਕਰਦਿਆਂ ਪਹਿਲਾਂ ਡੀਸੀ ਫਿਰੋਜ਼ਪੁਰ ਦਫ਼ਤਰ ਦੀ ਫੁੱਟਕਲ ਸ਼ਾਖਾ ਵੱਲੋਂ ਪਿੱਠ ਅੰਕਣ ਨੰਬਰ ਫਸ/ਫਕ-2/2017/3249/ਅੈਮ ਮਿਤੀ 27-11-2017 ਰਾਹੀਂ ਉਪ ਮੰਡਲ ਗੁਰੂਹਰਸਹਾਏ ਪਿੱਠ ਅੰਕਣ ਨੰਬਰ ਸਡ-2/2017 625 ਮਿਤੀ 21-11-2017 ਰਾਹੀਂ ਲਿਖ ਕੇ ਲੋੜੀਂਦੀ ਕਾਰਵਾਈ ਕਰਨ ਲਈ ਭੇਜਿਆ ਗਿਆ ਸੀ, ਪ੍ਰੰਤੂ ਉਸ ਤੋਂ ਬਾਅਦ ਕੋਈ ਅਮਲ ਨਹੀਂ ਹੋਇਆ।ਉਨ੍ਹਾਂ ਅੱਗੇ ਕਿਹਾ ਕਿ ਅਸੀਂ ਐਸਡੀਐਮ ਗੁਰੂਹਰਸਹਾਏ ਦੇ ਮੁਲਾਜ਼ਮਾਂ ਨੂੰ ਕਈ ਵਾਰ ਮਿਲ ਚੁੱਕੇ ਹਾਂ, ਪ੍ਰੰਤੂ ਉਨ੍ਹਾਂ ਵੱਲੋਂ ਕੋਈ ਵੀ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਉਲਟਾ ਖੱਜਲ ਖੁਆਰ ਹੀ ਕੀਤਾ ਜਾ ਰਿਹਾ ਹੈ। ਆਜ਼ਾਦੀ ਘੁਲਾਟੀਏ ਰਾਮ ਚੰਦ ਦੇ ਦੋਹਤੇ ਅਤੇ ਪੀਰ ਬਖ਼ਸ਼ ਚੌਹਾਣ ਪਿੰਡ ਦੇ ਸਰਪੰਚ ਰਹੇ ਬਲਵੰਤ ਚੰਦ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਿਤੀ 27-08-2019 ਨੂੰ ਉੱਚ ਅਧਿਕਾਰੀਆਂ ਨੂੰ ਹੇਠਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੀਆਂ ਦਰਖਾਸਤਾਂ/ਫਾਈਲਾਂ ਨੂੰ ਖੁਰਦ ਬੁਰਦ ਕਰਨ ਖਿਲਾਫ ਕਾਰਵਈ ਕਰਨ ਸਬੰਧੀ ਸ਼ਿਕਾਇਤਾ ਵੀ ਦਿੱਤੀਆਂ ਹਨ,ਪ੍ਰੰਤੂ ਕੋਈ ਵੀ ਜਵਾਬ ਨਹੀਂ ਆਇਆ।ਬਲਵੰਤ ਚੰਦ ਨੇ ਕਿਹਾ ਕਿ ਸਾਡੀ ਖੱਜਲ ਖੁਆਰੀ ਹੋਣ ਦੀ ਹੱਦ ਹੁਣ ਮੁੱਕ ਚੁੱਕੀ ਹੈ ਅਤੇ ਅਸੀਂ ਮਜਬੂਰ ਹੋ ਕੇ ਡੀ ਸੀ ਦਫ਼ਤਰ ਫ਼ਿਰੋਜ਼ਪੁਰ ਸਾਹਮਣੇ ਆਜ਼ਾਦੀ ਘੁਲਾਟੀਏ ਸ੍ਰੀ ਰਾਮ ਚੰਦ ਦੇ ਪਰਿਵਾਰਕ ਮੈਂਬਰ ਆਪਣੇ ਸਰਟੀਫਿਕੇਟ ਬਣਾਉਣ ਖ਼ਾਤਰ ਭੁੱਖ ਹੜਤਾਲ ਕਰਨ ਲਈ ਮਜਬੂਰ ਹੋਵਾਂਗੇ।ਉਨਾਂ ਜ਼ਿਲ੍ਹਾ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਪ੍ਰਸ਼ਾਸਨ ਤੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਆਜ਼ਾਦੀ ਘੁਲਾਟੀਏ ਦੇ ਪਰਿਵਾਰਕ ਮੈਂਬਰਾਂ ਦਾ ਸਰਕਾਰੀ ਦਫ਼ਤਰਾਂ ਵਿੱਚ ਇਹ ਹਾਲ ਹੋ ਰਿਹਾ ਹੈ ਤਾਂ ਆਮ ਲੋਕਾਂ ਦਾ ਕੀ ਬਣਦਾ ਹੋਵੇਗਾ ਇਹ ਇਸ ਖੱਜਲ ਖੁਆਰੀ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।