“ਆਕਰਸ਼ਣ ਦਾ ਰਹੱਸ” ਵਿਜੈ ਗਰਗ
ਹਰ ਵਿਅਕਤੀ ਦੇ ਦਿਮਾਗ ਵਿਚ ਰੋਜ਼ਾਨਾ ਹੀ ਲੱਖਾਂ ਵਿਚਾਰ ਆਉਂਦੇ ਹਨ | ਇਨ੍ਹਾਂ ਵਿਚੋਂ ਕੁਝ ਸਾਕਾਰਾਤਮਕ ਹੁੰਦੇ ਹਨ ਅਤੇ ਕਈ ਨਾਕਾਰਾਤਮਕ | ਪਰ ਕੀ ਇਹ ਸਾਡੀ ਜ਼ਿੰਦਗੀ 'ਤੇ ਅਸਰ ਪਾਉਂਦੇ ਹਨ? ਜੇਕਰ ਇਹ ਸਵਾਲ ਪੁੱਛਿਆ ਜਾਵੇ ਤਾਂ ਸਭ ਦਾ ਜਵਾਬ ਹੋਵੇਗਾ 'ਹਾਂ' | ਪਰ ਕਿਵੇਂ ਇਸ ਬਾਰੇ ਸਭ ਦੇ ਆਪਣੇ ਹੀ ਵਿਚਾਰ ਹਨ | ਅਸੀਂ ਹਮੇਸ਼ਾ ਸੁਣਦੇ ਹਾਂ ਕਿ ਸਾਨੂੰ ਆਪਣੀ ਸੋਚ ਸਾਕਾਰਾਤਮਕ ਰੱਖਣੀ ਚਾਹੀਦੀ ਹੈ | ਇਹ ਸਾਡੀ ਕਾਮਯਾਬੀ ਤੇ ਨਾਕਾਮਯਾਬੀ 'ਤੇ ਵੱਡਾ ਅਸਰ ਪਾਉਂਦੀ ਹੈ | ਕੁਝ ਅਜਿਹਾ ਹੀ ਹੈ ਆਕਰਸ਼ਣ ਦਾ ਨਿਯਮ | ਆਕਰਸ਼ਣ ਦਾ ਨਿਯਮ ਸਾਡੇ ਸਾਰੇ ਵਿਚਾਰਾਂ ਨੂੰ ਅਸਲ ਵਿਚ ਤਬਦੀਲ ਕਰਨ ਦਾ ਨਿਯਮ ਹੈ | ਭਾਵ ਜੋ ਤਸੀਂ ਆਪਣੇ ਦਿਮਾਗ ਵਿਚ ਸੋਚ ਰਹੇ ਹੁੰਦੇ ਹੋ, ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੰੁਦੇ ਹੋ | ਬਹੁਤ ਸਾਰੇ ਮਹਾਨ ਵਿਅਕਤੀਆਂ ਨੇ ਇਸ ਰਹੱਸ ਨੂੰ ਜਾਣਿਆ, ਆਪਣੀ ਜ਼ਿੰਦਗੀ ਵਿਚ ਢਾਲਿਆ ਅਤੇ ਅਪਾਰ ਸਫਲਤਾ ਪ੍ਰਾਪਤ ਕੀਤੀ | ਸੁਕਰਾਤ, ਪਲੈਟੋ, ਪਾਇਥਾਗੋਰਸ, ਨਿਊਟਨ ਨੇ ਇਸ ਨੂੰ ਆਪਣੀ-ਆਪਣੀ ਲੇਖਣੀ ਅਤੇ ਦਰਸ਼ਨ ਰਾਹੀਂ ਵਿਅਕਤ ਕੀਤਾ | ਇਸੇ ਕਾਰਨ ਉਨ੍ਹਾਂ ਦੇ ਨਾਂਅ ਅਮਰ ਹਨ ਅਤੇ ਉਨ੍ਹਾਂ ਦੀ ਮਹਾਨਤਾ ਸਦੀਆਂ ਤੱਕ ਕਾਇਮ ਰਹੇਗੀ |
ਇਸ ਨਿਯਮ ਅਨੁਸਾਰ ਅਸੀਂ ਜਿਸ ਤਰ੍ਹਾਂ ਦੇ ਵਿਚਾਰ ਆਪਣੇ ਦਿਮਾਗ ਵਿਚ ਲਿਆਉਂਦੇ ਹਾਂ ਉਸੇ ਤਰ੍ਹਾਂ ਦਾ ਹੀ ਸਾਡੇ ਜੀਵਨ ਵਿਚ ਹੋਣਾ ਸ਼ੁਰੂ ਹੋ ਜਾਂਦਾ ਹੈ | ਅਸੀਂ ਜੋ ਕੁਝ ਵੀ ਸੋਚਦੇ ਹਾਂ, ਅਸੀਂ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੁੰਦੇ ਹਾਂ | ਸਾਡੇ ਦਿਮਾਗ 'ਚੋਂ ਨਿਕਲ ਰਹੇ ਹਰ ਵਿਚਾਰ ਤਰੰਗਾਂ ਦੇ ਰੂਪ ਵਿਚ ਨਿਕਲਦੇ ਹਨ ਤੇ ਸਾਡੇ ਲਈ ਉਹੋ ਜਿਹੀਆਂ ਪ੍ਰਸਥਿਤੀਆਂ ਬਣਾਉਂਦੇ ਹਨ, ਜਿਹੋ ਜਿਹੀਆਂ ਅਸੀਂ ਆਪਣੇ ਦਿਮਾਗ ਵਿਚ ਸੋਚੀਆਂ ਸੀ | ਅਸੀਂ ਅਕਸਰ ਸੁਣਦੇ ਹਾਂ, 'ਜੇਹੀ ਨੀਤ ਤੈਸੀ ਮੁਰਾਦ' | ਭਾਵ ਜਿਹੋ ਜਿਹੀ ਭਾਵਨਾ ਉਹੋ ਜਿਹਾ ਹੀ ਹੋਵੇਗਾ | ਬਹੁਤ ਸਾਰੇ ਧਰਮ ਗ੍ਰੰਥਾਂ ਵਿਚ ਵੀ ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਪ੍ਰਮਾਤਮਾ ਕੋਲੋਂ ਅਸੀਂ ਜੋ ਮੰਗਦੇ ਹਾਂ ਉਹੋ ਜਿਹਾ ਹੀ ਸਾਨੂੰ ਮਿਲਦਾ ਹੈ | ਆਕਰਸ਼ਣ ਦਾ ਨਿਯਮ ਕਹਿੰਦਾ ਹੈ ਜੇਕਰ ਤੁਸੀਂ ਕਿਸੇ ਵਿਅਕਤੀ ਬਾਰੇ ਲਗਾਤਾਰ ਚੰਗਾ ਸੋਚਦੇ ਹੋ ਤਾਂ ਉਹ ਵੀ ਵਿਅਕਤੀ ਤੁਹਾਡੇ ਬਾਰੇ ਕੁਝ ਦੇਰ ਬਾਅਦ ਚੰਗੇ ਵਿਚਾਰ ਰੱਖਣ ਲੱਗ ਜਾਵੇਗਾ | ਬਹੁਤ ਮੁਸ਼ਕਿਲ ਹੈ ਇਸ ਗੱਲ 'ਤੇ ਯਕੀਨ ਕਰਨਾ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ? ਪਰ ਆਕਰਸ਼ਣ ਦਾ ਨਿਯਮ ਹਰ ਇਕ ਵਿਅਕਤੀ 'ਤੇ ਕੰਮ ਕਰਦਾ ਹੈ, ਉਹ ਵਿਅਕਤੀ ਇਸ ਨੂੰ ਮੰਨਦਾ ਹੈ ਜਾਂ ਨਹੀਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ | ਜਿਵੇਂ ਕੋਈ ਗੁਰੂਤਾਆਕਰਸ਼ਣ ਦੇ ਨਿਯਮ ਨੂੰ ਨਾ ਮੰਨੇ ਤਾਂ ਅਜਿਹਾ ਨਹੀਂ ਹੈ ਕਿ ਉਹ ਹਵਾ ਵਿਚ ਉੱਡਣ ਲੱਗ ਜਾਵੇਗਾ |
ਪਰ ਇਹ ਵੀ ਨਹੀਂ ਹੋ ਸਕਦਾ ਕਿ ਅਸੀਂ ਆਪਣੇ ਹਰ ਇਕ ਵਿਚਾਰ ਨੂੰ ਨਿਗਰਾਨੀ ਹੇਠ ਰੱਖੀਏ ਕਿ ਅਸੀਂ ਕੀ ਸੋਚਣਾ ਹੈ ਅਤੇ ਕੀ ਨਹੀਂ | ਮਨੋਵਿਗਿਆਨੀਆਂ ਤੇ ਖੋਜਕਰਤਾਵਾਂ ਦਾ ਅਨੁਮਾਨ ਹੈ ਕਿ ਵਿਅਕਤੀ ਦੇ ਮਨ ਵਿਚ ਇਕ ਦਿਨ ਵਿਚ ਲਗਪਗ 60,000 ਵਿਚਾਰ ਆਉਂਦੇ ਹਨ | ਪਰ ਇਨ੍ਹਾਂ ਨੂੰ ਰੋਕਣ ਦਾ ਅਸਾਨ ਤਰੀਕਾ ਵੀ ਮੌਜੂਦ ਹੈ ਤੇ ਉਹ ਹੈ ਸਾਡੀਆਂ ਭਾਵਨਾਵਾਂ | ਸਾਡੀਆਂ ਭਾਵਨਾਵਾਂ ਤੋਂ ਹੀ ਸਾਡੇ ਵਿਚਾਰ ਉਤਪੰਨ ਹੁੰਦੇ ਹਨ | ਅਸੀਂ ਸਭ ਜਾਣਦੇ ਹਾਂ ਕਿ ਭਾਵਨਾਵਾਂ ਦੋ ਪ੍ਰਕਾਰ ਦੀਆਂ ਹੀ ਹੁੰਦੀਆਂ ਹਨ : ਚੰਗੀਆਂ ਭਾਵਨਾਵਾਂ ਅਤੇ ਬੁਰੀਆਂ ਭਾਵਨਾਵਾਂ | ਇਹ ਅਸੀਂ ਬਿਹਤਰ ਸਮਝ ਸਕਦੇ ਹਾਂ ਕਿ ਅਸੀਂ ਕਿਸ ਸਮੇਂ ਚੰਗਾ ਮਹਿਸੂਸ ਕਰ ਰਹੇ ਹਾਂ ਅਤੇ ਕਿਸ ਸਮੇਂ ਬੁਰਾ | ਉਮੀਦ ਇਕ ਪ੍ਰਬਲ ਆਕਰਸ਼ਣ ਸ਼ਕਤੀ ਹੈ ਜੋ ਚੀਜ਼ਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ | ਜਿਵੇਂ ਬਾੱਬ ਪ੍ਰਾਕਟਰ ਕਹਿੰਦੇ ਹਨ, 'ਇੱਛਾ ਤੁਹਾਨੂੰ ਇੱਛਿਤ ਵਸਤੂ ਨਾਲ ਜੋੜਦੀ ਹੈ ਅਤੇ ਉਮੀਦ ਉਸ ਨੂੰ ਤੁਹਾਡੇ ਜੀਵਨ ਵਿਚ ਖਿੱਚ ਲਿਆਉਂਦੀ ਹੈ | ਉਨ੍ਹਾਂ ਚੀਜ਼ਾਂ ਦੀ ਉਮੀਦ ਕਰੋ ਜੋ ਤੁਸੀਂ ਚਾਹੰੁਦੇ ਹੋ | ਉਨ੍ਹਾਂ ਚੀਜ਼ਾਂ ਦੀ ਉਮੀਦ ਬਿਲਕੁਲ ਨਾ ਕਰੋ ਜੋ ਤੁਸੀਂ ਆਪਣੇ ਜੀਵਨ ਵਿਚ ਨਹੀਂ ਲਿਆਉਣਾ ਚਾਹੁੰਦੇ |'
ਇਕ ਸਾਕਾਰਾਤਮਕ ਵਿਚਾਰ ਦੀਆਂ ਤਰੰਗਾਂ ਕਿਸੇ ਨਾਕਾਰਾਤਮਕ ਵਿਚਾਰ ਨਾਲੋਂ ਕਈ ਗੁਣਾਂ ਸ਼ਕਤੀਸ਼ਾਲੀ ਹੁੰਦੀਆਂ ਹਨ | ਐਡੀਸਨ ਨੇ ਜਦ ਬੱਲਬ ਦੀ ਖੋਜ ਕੀਤੀ ਤਾਂ ਇਸ ਦੀ ਪਹਿਲਾਂ ਉਸ ਨੇ ਕਲਪਨਾ ਕੀਤੀ | ਗਰਾਹਮ ਬੈੱਲ ਨੇ ਟੈਲੀਫੋਨ ਬਣਾਉਣ ਤੋਂ ਪਹਿਲਾਂ ਇਸ ਬਾਰੇ ਕਲਪਨਾ ਹੀ ਕੀਤੀ ਹੋਵੇਗੀ | ਹਰ ਇਕ ਖੋਜ, ਕੰਮ ਕਰਨ ਤੋਂ ਪਹਿਲਾਂ ਇਕ ਵਿਚਾਰ ਹੀ ਆਉਂਦਾ ਹੈ, ਜੋ ਕਿਸੇ ਵੱਡੀ ਸਫਲਤਾ ਦਾ ਕਾਰਨ ਬਣਦਾ ਹੈ | ਜਦੋਂ ਕੋਈ ਵਿਅਕਤੀ ਅਪਰਾਧ ਕਰਦਾ ਹੈ ਤਾਂ ਉਹ ਇਸ ਬਾਰੇ ਸੋਚਦਾ ਰਹਿੰਦਾ ਹੈ ਕਿ ਮੈਂ ਇਸ ਕੰਮ ਨੂੰ ਕਿਵੇਂ ਕਰਾਂਗਾ | ਇਸ ਲਈ ਕਿਹਾ ਜਾਂਦਾ ਹੈ ਕਿ ਹਮੇਸ਼ਾ ਚੰਗਾ ਸੋਚਣਾ ਚਾਹੀਦਾ ਹੈ ਤਾਂ ਜੋ ਸਾਡੇ ਜੀਵਨ ਵਿਚ ਵੀ ਚੰਗਾ ਹੋਵੇ | ਸਾਨੂੰ ਹਮੇਸ਼ਾ ਉਸ ਵਿਚਾਰ ਵਲ ਧਿਆਨ ਦੇਣਾ ਚਾਹੀਦਾ ਹੈ ਜੋ ਅਸੀਂ ਸੱਚ ਕਰਨਾ ਚਾਹੁੰਦੇ ਹਾਂ | ਤੁਸੀਂ ਸੋਚ ਰਹੇ ਹੋਵੋਗੇ ਇਹ ਤਾਂ ਬਿਲਕੁਲ ਅਲਾਦੀਨ ਦੇ ਚਿਰਾਗ ਵਾਲੀ ਕਹਾਣੀ ਹੋ ਗਈ | ਪਰ ਅਲਾਦੀਨ ਵਾਲੀ ਕਹਾਣੀ ਵਿਚ ਸਿਰਫ ਤਿੰਨ ਹੀ ਇੱਛਾਵਾਂ ਪੂਰੀਆਂ ਹੁੰਦੀਆਂ ਸਨ | ਪਰ ਇਸ ਵਿਚ ਕੋਈ ਅੰਤ ਨਹੀਂ ਹੈ | ਬਸ ਇਹ ਸਭ ਨਿਰਭਰ ਕਰੇਗਾ ਤੁਹਾਡੇ ਯਕੀਨ ਉੱਪਰ | ਮੈਂ ਕੋਈ ਤੁਹਾਨੂੰ ਸ਼ੇਖਚਿਲੀ ਵਾਂਗ ਸੁਪਨੇ ਦੇਖਣ ਲਈ ਪ੍ਰੇਰਿਤ ਨਹੀਂ ਕਰਨਾ ਚਾਹੁੰਦਾ ਕਿ ਬਸ ਬੈਠ ਕੇ ਸੋਚੀ ਜਾਓ ਤੇ ਤੁਹਾਡਾ ਹਰ ਕੰਮ ਆਪਣੇ-ਆਪ ਹੋ ਜਾਵੇਗਾ | ਸਗੋਂ ਸਵਾਮੀ ਵਿਵੇਕਾਨੰਦ ਦੇ ਅਨੁਸਾਰ, 'ਇਕ ਵਿਚਾਰ ਲਓ, ਉਸ ਨੂੰ ਆਪਣਾ ਜੀਵਨ ਬਣਾ ਲਓ | ਉਸ ਦੇ ਬਾਰੇ ਸੋਚੋ, ਉਸ ਦੇ ਸੁਪਨੇ ਵੇਖੋ | ਆਪਣੇ ਦਿਮਾਗ, ਮਾਸਪੇਸ਼ੀਆਂ, ਨਸਾਂ, ਸਰੀਰ ਦੇ ਹਰ ਹਿੱਸੇ ਨੂੰ ਉਸ ਵਿਚਾਰ ਵਿਚ ਡੁਬੋ ਦੇਵੋ ਅਤੇ ਬਾਕੀ ਸਭ ਵਿਚਾਰਾਂ ਨੂੰ ਕਿਨਾਰੇ ਰੱਖ ਦੇਵੋ | ਇਹੀ ਸਫਲ ਹੋਣ ਦਾ ਤਰੀਕਾ ਹੈ |' ਮਹਾਤਮਾ ਬੁੱਧ ਨੇ ਵੀ ਕਿਹਾ ਹੈ, 'ਅਸੀਂ ਅੱਜ ਜੋ ਵੀ ਹਾਂ, ਆਪਣੇ ਪੁਰਾਣੇ ਵਿਚਾਰਾਂ ਦੇ ਕਾਰਨ ਹਾਂ' ਇਸ ਉਪਰ ਵਿਸ਼ਵਾਸ ਨੂੰ ਦਿ੍ੜ੍ਹ ਕਰਕੇ ਆਪਣੀ ਉਮੀਦ ਨੂੰ ਸੱਚ ਕਰਨ ਲਈ ਪ੍ਰੇਰਿਤ ਕਰ ਰਿਹਾ ਹਾਂ | ਦੁਨੀਆ ਦੇ ਬਹੁਤ ਸਾਰੇ ਮਹਾਨ ਲੋਕਾਂ ਨੇ ਇਸ ਵਿਚਾਰਾਂ ਦੇ ਰਹੱਸ ਨੂੰ ਸਮਝਿਆ ਤੇ ਆਪਣੇ ਜੀਵਨ ਵਿਚ ਲਾਗੂ ਕੀਤਾ | ਇਸ ਰਹੱਸ ਨੂੰ ਅਸੀਂ ਜਾਣ ਤਾਂ ਚੁੱਕੇ ਹਾਂ ਪਰ ਇਸ ਨੂੰ ਲਾਗੂ ਕਿਵੇਂ ਕੀਤਾ ਜਾਵੇ, ਇਹ ਇਕ ਵੱਡਾ ਸਵਾਲ ਹੋਵੇਗਾ | ਇਸ ਨਿਯਮ ਨੂੰ ਰਾਂਡਾ ਬਰਨ (Rhonda 2yrne) ਨਾਂਅ ਦੀ ਲੇਖਿਕਾ ਨੇ ਆਪਣੀ ਪੁਸਤਕ 'ਦ ਸੀਕ੍ਰੇਟ' (The Secret) ਵਿਚ ਬਿਆਨ ਕੀਤਾ ਹੈ | ਇਸ ਲੇਖਿਕਾ ਨੇ ਉਨ੍ਹਾਂ ਵੱਖ-ਵੱਖ ਲੋਕਾਂ ਦੀਆਂ ਸੱਚੀਆਂ ਘਟਨਾਵਾਂ ਨੂੰ ਦਰਜ ਕੀਤਾ ਹੈ ਜਿਨ੍ਹਾਂ ਨੇ ਇਸ ਰਹੱਸ ਨੂੰ ਸਮਝਿਆ ਤੇ ਆਪਣੇ ਜੀਵਨ ਵਿਚ ਲਾਗੂ ਕੀਤਾ | ਆਸਟ੍ਰੇਲੀਅਨ ਲੇਖਿਕਾ ਵੱਲੋਂ ਲਿਖੀ ਇਹ ਪੁਸਤਕ ਲਗਪਗ 46 ਭਾਸ਼ਾਵਾਂ ਵਿਚ ਅਨੁਵਾਦ ਕੀਤੀ ਜਾ ਚੁੱਕੀ ਹੈ, ਜਿਸ ਦੀ ਵਿਕਰੀ ਕਰੋੜਾਂ ਵਿਚ ਹੋ ਰਹੀ ਹੈ ਤੇ ਅਜੇ ਵੀ ਜਾਰੀ ਹੈ | ਇਸ ਆਕਰਸ਼ਣ ਦੇ ਨਿਯਮ ਤੇ ਇਸੇ ਸਿਰਲੇਖ ਹੇਠ ਇਕ ਫ਼ਿਲਮ ਦਾ ਵੀ ਨਿਰਮਾਣ ਕੀਤਾ ਗਿਆ ਸੀ | ਲੋਕ ਸੱਚਮੁੱਚ ਇਸ ਫਿਲਾਸਫੀ 'ਤੇ ਯਕੀਨ ਕਰ ਰਹੇ ਹਨ, ਉਨ੍ਹਾਂ ਨੂੰ ਯਕੀਨ ਹੈ ਕਿ ਸੱਚਮੁੱਚ ਅਜਿਹਾ ਵੀ ਹੋ ਸਕਦਾ ਹੈ | ਆਕਰਸ਼ਣ ਦੇ ਨਿਯਮ ਦੇ ਤਿੰਨ ਪੜਾਅ ਹਨ:-
1. ਮੰਗਣਾ : ਲਗਪਗ ਅਸੀਂ ਸਭ ਪ੍ਰਮਾਤਮਾ ਵਿਚ ਯਕੀਨ ਰੱਖਣ ਵਾਲੇ ਲੋਕ ਹਾਂ | ਅਸੀਂ ਸਭ ਪ੍ਰਮਾਤਮਾ ਕੋਲੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮੰਗਦੇ ਹਾਂ | ਆਕਰਸ਼ਣ ਦਾ ਨਿਯਮ ਵੀ ਅਜਿਹਾ ਹੀ ਕਹਿੰਦਾ ਹੈ ਕਿ ਅਸੀਂ ਆਪਣੇ ਵਿਚਾਰ ਉਸ ਬਾਰੇ ਬਣਾਈਏ ਜੋ ਸਾਨੂੰ ਚਾਹੀਦਾ ਹੈ | ਸਾਨੂੰ ਆਪਣੇ ਦਿਮਾਗ ਵਿਚ ਇਹ ਸਾਫ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ |
2. ਵਿਸ਼ਵਾਸ ਕਰਨਾ : ਸਾਨੂੰ ਇਹ ਯਕੀਨ ਬਣਾਈ ਰੱਖਣਾ ਚਾਹੀਦਾ ਹੈ, ਜੋ ਅਸੀਂ ਬ੍ਰਹਿਮੰਡ ਦੀ ਸ਼ਕਤੀ ਕੋਲੋਂ ਮੰਗ ਰਹੇ ਹਾਂ, ਉੇਹ ਸਾਨੂੰ ਹਰ ਹਾਲਤ ਵਿਚ ਮਿਲ ਜਾਵੇਗਾ | ਇਸ ਬਾਰੇ ਲਗਾਤਾਰ ਮਿਹਨਤ ਤੇ ਕੋਸ਼ਿਸ਼ ਕਰਦੇ ਰਹਿਣਾ ਸਾਡਾ ਕੰਮ ਹੈ | ਪਰ ਸਾਨੂੰ ਉਹ ਸਭ ਕਿਵੇਂ ਮਿਲੇਗਾ ਇਹ ਸਭ ਬ੍ਰਹਿਮੰਡ ਆਪ ਤੈਅ ਕਰੇਗਾ |
3. ਪ੍ਰਾਪਤ ਕਰਨਾ : ਇਹ ਆਖਰੀ ਪੜਾਅ ਹੋਵੇਗਾ ਜਦ ਤੁਸੀਂ ਆਪਣੀ ਮੰਜ਼ਿਲ ਨੂੰ ਪਾ ਲਵੋਗੇ |
ਆਇਨਸਟਾਈਨ ਨੇ ਇਕ ਇਸ਼ਾਰੇ ਵਜੋਂ ਸਵਾਲ ਕੀਤਾ ਹੈ, 'ਕੀ ਸੱਚਮੱਚ ਇਹ ਬ੍ਰਹਿਮੰਡ ਮਿੱਤਰਤਾਪੂਰਨ ਹੈ?'
ਇਸ ਦਾ ਜਵਾਬ ਹੈ 'ਹਾਂ' | ਸੱਚਮੁੱਚ ਇਹ ਬ੍ਰਹਿਮੰਡ ਮਿੱਤਰਤਾਪੂਰਨ ਹੈ | ਸ਼ਾਇਦ ਉਸ ਵਿਗਿਆਨੀ ਦੀ ਇਸ ਗੱਲ ਵਿਚ ਵੀ ਸਾਡੇ ਲਈ ਇਸ ਰਹੱਸ ਵੱਲ ਇਸ਼ਾਰਾ ਸੀ ਤਾਂ ਕਿ ਅਸੀਂ ਇਸ ਨੂੰ ਖੋਜ ਸਕੀਏ | ਆਓ ਨਾਕਾਰਾਤਮਕ ਵਿਚਾਰਾਂ ਨੂੰ ਤਿਆਗ ਕੇ ਸਾਕਾਰਾਤਮਕ ਵਿਚਾਰਾਂ ਨੂੰ ਅਪਣਾਈਏ ਅਤੇ ਆਪਣੇ ਜੀਵਨ ਵਿਚ ਇਕ ਨਵੀਂ ਸੋਚ ਅਪਣਾਈਏ