ਅੱਜ ਭੋਗ 'ਤੇ ਵਿਸ਼ੇਸ਼ – ਹਜ਼ਾਰਾਂ ਜ਼ਿੰਦਗੀਆਂ ਰੌਸ਼ਨ ਕਰਨ ਵਾਲੇ ਕਸ਼ਮੀਰੀ ਲਾਲ ਅਮਰ ਰਹਿਣਗੇ
ਅੱਜ ਭੋਗ 'ਤੇ ਵਿਸ਼ੇਸ਼
ਹਜ਼ਾਰਾਂ ਜ਼ਿੰਦਗੀਆਂ ਰੌਸ਼ਨ ਕਰਨ ਵਾਲੇ ਕਸ਼ਮੀਰੀ ਲਾਲ ਅਮਰ ਰਹਿਣਗੇ
( ਨੇਤਰਹੀਣ ਹੁੰਦੇ ਹੋਏ ਵੀ ਹਜ਼ਾਰਾਂ ਅਧਿਆਪਕ ਪੈਦਾ ਕੀਤੇ)
ਉਹਨਾਂ ਦੇ ਜੀਵਨ ਦਾ ਹਨੇਰਾ ਕਦੇ ਵੀ ਉਹਨਾਂ ਦੀ ਹਿੰਮਤ ਸ਼ਕਤੀ ਨੂੰ ਰੋਕ ਨਹੀਂ ਸਕਿਆ, ਸਗੋਂ ਅੰਦਰਲੀ ਇੱਛਾ ਸ਼ਕਤੀ ਨਾਲ ਆਪਣੇ ਅਧਿਆਪਨ ਰਾਹੀਂ ਕਸ਼ਮੀਰੀ ਲਾਲ ਸ਼ਰਮਾ ਨੇ ਜ਼ਿੰਦਗੀਆਂ ਰੌਸ਼ਨ ਕੀਤੀਆਂ । ਕਸ਼ਮੀਰੀ ਲਾਲ ਸ਼ਰਮਾ ਦਾ ਜਨਮ 13 ਅਪ੍ਰੈਲ 1947 ਨੂੰ ਵਿਸਾਖੀ ਵਾਲੇ ਦਿਨ ਪਾਕਿਸਤਾਨ ਦੇ ਕਸੂਰ ਜ਼ਿਲੇ ਦੇ ਪਿੰਡ ਰਾਜਾ ਜੰਗ ਵਿਖੇ ਹੋਇਆ । ਜਨਮ ਤੋਂ ਚਾਰ ਮਹੀਨੇ ਬਾਅਦ ਉਹਨਾਂ ਦਾ ਪਰਿਵਾਰ ਭਾਰਤ-ਪਾਕਿ ਵੰਡ ਵੇਲੇ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਬਜੀਦਪੁਰ ਵਿਖੇ ਆ ਵੱਸਿਆ । ਉਹ ਅੱਠ ਮਹੀਨੇ ਦੇ ਸਨ ਜਦੋਂ ਚੇਚਕ ਨੇ ਅੱਖਾਂ ਦੀ ਰੌਸ਼ਨੀ ਖੋਹ ਲਈ । ਫਿਰੋਜ਼ਪੁਰ ਦੇ ਅੰਧ-ਵਿਦਿਆਲੇ ਵਿੱਚ ਆ ਕੇ ਰਹਿਣ ਲੱਗੇ ਤੇ ਇੱਥੇ ਹੀ ਵੱਡੇ ਹੋਏ । ਉਹਨਾਂ ਨੇ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਮੰਨੀ । ਬਰੇਲ ਲਿਪੀ ਵਿੱਚ ਐੱਮ.ਏ. ਬੀ.ਐੱਡ. ਕਰਕੇ ਬਲਾਈਂਡ ਸਕੂਲ ਵਿੱਚ ਪੜਾਉਣਾ ਸ਼ੁਰੂ ਕੀਤਾ ਅਤੇ 1993 ਤੱਕ ਉੱਥੇ ਪੜ੍ਹਾਇਆ । ਫਿਰ 1993 ਵਿੱਚ ਸਰਕਾਰੀ ਨੌਕਰੀ ਵਿੱਚ ਆਏ ਤੇ ਡਾਈਟ ਫਿਰੋਜ਼ਪੁਰ ਵਿੱਚ ਹਿੰਦੀ ਲੈਕਚਰਾਰ ਬਣੇ । ਇੱਥੇ ਹਜ਼ਾਰਾਂ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣਦੇ ਹੋਏ ਸਮਾਜ ਨੂੰ ਹਜ਼ਾਰਾਂ ਅਧਿਆਪਕ ਦਿੰਦੇ ਹੋਏ ਅਪ੍ਰੈਲ 2006 ਵਿੱਚ ਸੇਵਾ ਮੁਕਤ ਹੋਏ । ਸਾਰੇ ਵਿਦਿਆਰਥੀ "ਪਿਤਾ ਜੀ" "ਗੁਰੂ ਜੀ" ਦੇ ਨਾਮ ਨਾਲ ਪੁਕਾਰਦੇ । ਉਹਨਾਂ ਦੇ ਪੁੱਤਰ ਦੀਪਕ ਸ਼ਰਮਾ ਅਤੇ ਕਮਲ ਸ਼ਰਮਾ ਦੱਸਦੇ ਹਨ ਕਿ ਕਿਵੇਂ ਉਹਨਾਂ ਨੇ ਅਣਥੱਕ ਮਿਹਨਤ ਕੀਤੀ, ਕੁਰਸੀਆਂ ਬੁਣ-ਬੁਣ ਕੇ ਸਾਨੂੰ ਪੜ੍ਹਾਇਆ -ਲਿਖਾਇਆ ਅਤੇ ਸਮਾਜ ਵਿੱਚ ਪਰਿਵਾਰ ਦੀ ਸਨਮਾਨਜਨਕ ਥਾਂ ਬਣਾਈ । ਸੇਵਾ ਮੁਕਤ ਹੋਣ ਤੋਂ ਬਾਅਦ ਹੋਮ ਫਾਰ ਦੀ ਬਲਾਈਂਡ ਵਿਖੇ ਆਪਣਾ ਸਮਾਂ ਉੱਥੇ ਪੜ੍ਹਨ ਵਾਲੇ ਬੱਚਿਆਂ ਨਾਲ ਗੁਜ਼ਾਰਿਆ । ਸੱਚ-ਮੁੱਚ ਹਜ਼ਾਰਾਂ ਜ਼ਿੰਦਗੀਆਂ ਰੌਸ਼ਨ ਕਰਨ ਵਾਲੇ ਕਸ਼ਮੀਰੀ ਲਾਲ ਸ਼ਰਮਾ ਹਮੇਸ਼ਾ ਅਮਰ ਰਹਿਣਗੇ ।
ਇਸ ਦੁੱਖ ਦੀ ਘੜੀ ਵਿਚ ਸ਼ਰਮਾ ਪਰਿਵਾਰ ਨਾਲ ਐੱਮ.ਐੱਲ.ਏ. ਪਰਮਿੰਦਰ ਸਿੰਘ ਪਿੰਕੀ, ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਭਾਜਪਾ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਅਸ਼ਵਨੀ ਮਹਿਤਾ, ਚੰਦਰ ਮੋਹਨ ਹਾਂਡਾ ਪ੍ਰਧਾਨ ਵਪਾਰ ਮੰਡਲ, ਪਰਮਿੰਦਰ ਹਾਂਡਾ, ਰਜਿੰਦਰ ਛਾਬੜਾ, ਰਿੰਕੂ ਗਰੋਵਰ, ਰਿਸ਼ੀ ਸ਼ਰਮਾ, ਅਨਿਰੁਧ ਗੁਪਤਾ, ਕੋਮਲ ਅਰੋੜਾ, ਜਗਜੀਤ ਸਿੰਘ, ਪ੍ਰਿੰਸੀਪਲ ਮਧੂ ਪਰਾਸ਼ਰ, ਪ੍ਰਿੰਸੀਪਲ ਸ਼ਾਲੂ ਰਤਨ, ਪ੍ਰਿੰਸੀਪਲ ਰਾਜੇਸ਼ ਮਹਿਤਾ, ਬਲਵਿੰਦਰ ਸ਼ਰਮਾ ਸਰਪੰਚ, ਅਸ਼ੋਕ ਬਹਿਲ, ਪੰਡਿਤ ਅਸ਼ਵਨੀ ਸ਼ਰਮਾ, ਹਰੀਸ਼ ਮੌਂਗਾ, ਅਸ਼ੋਕ ਗੁਪਤਾ, ਮੈਨੇਜਮੈਂਟ ਹੋਮ ਫਾਰ ਦੀ ਬਲਾਈਂਡ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ, ਮਯੰਕ ਫਾਊਂਡੇਸ਼ਨ, ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਆਦਿ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਪੰਡਿਤ ਕਸ਼ਮੀਰੀ ਲਾਲ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।