ਅੰਤਰ-ਜ਼ੋਨਲ ਯੁਵਕ ਮੇਲੇ ਵਿੱਚ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
ਅੰਤਰ-ਜ਼ੋਨਲ ਯੁਵਕ ਮੇਲੇ ਵਿੱਚ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
ਫਿਰੋਜ਼ਪੁਰ, 14.11.2022: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਸ.ਪੀ.ਐਨ. ਕਾਲਜ, ਮੁਕੇਰੀਆਂ ਵਿਖੇ ਕਰਵਾਏ ਗਏ 63ਵੇਂ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਉਤਸਵ ਮੁਕਾਬਲਿਆਂ ਵਿੱਚ ਕਾਲਜ ਦਾ ਨਾਮ ਰੌਸ਼ਨ ਕੀਤਾ।
ਕਾਲਜ ਦੇ ਚੇਅਰਮੈਨ ਸ਼੍ਰੀ ਨਿਰਮਲ ਸਿੰਘ ਢਿੱਲੋਂ ਜੀ ਦੀ ਰਹਿਨੁਮਾਈ ਹੇਠ ਅਤੇ ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਦੀ ਅਗਵਾਈ ਹੇਠ ਕਾਲਜ ਦੇ ਪ੍ਰਤੀਯੋਗੀਆਂ ਨੇ ਆਪਣੀ ਕਲਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ । ਇਸ ਤੋਂ ਪਹਿਲਾਂ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਸ਼ਹਿਰ, ਵਿਖੇ ਹੋਏ ਮੋਗਾ ਫਿਰੋਜ਼ਪੁਰ ਜ਼ੋਨ-ਬੀ ਦੇ ਜ਼ੋਨਲ ਯੁਵਕ ਮੇਲੇ ਵਿੱਚ ਵੀ ਕਾਲਜ ਨੇ ਲਗਾਤਾਰ ਓਵਰਆਲ ਟਰਾਫੀ ਜਿੱਤੀ ਸੀ।
ਸੱਭਿਆਚਾਰਕ ਮਾਮਲਿਆਂ ਦੀ ਡੀਨ ਸ੍ਰੀਮਤੀ ਪਲਵਿੰਦਰ ਕੌਰ ਨੇ ਦੱਸਿਆ ਕਿ 10 ਤੋਂ 13 ਨਵੰਬਰ ਤੱਕ ਚੱਲੇ ਇਸ ਅੰਤਰ-ਜ਼ੋਨਲ ਯੁਵਕ ਮੇਲੇ ਵਿੱਚ ਕਾਲਜ ਦੇ ਪ੍ਰਤੀਭਾਗੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ। ਉਨ੍ਹਾਂ ਦੱਸਿਆ ਕਿ ਕਾਲਜ ਦੀ ਟੀਮ ਲੰਮੀ ਹੇਕ ਵਾਲਾ ਗੀਤ, ਪੱਖੀ ਮੇਕਿੰਗ, ਮੁਹਾਵਰੇਦਾਰ ਵਾਰਤਾਲਾਪ ਅਤੇ ਲੰਮੀ ਹੇਕ ਵਾਲੇ ਗੀਤਾਂ ਵਿੱਚ ਦੂਜੇ ਸਥਾਨ ਅਤੇ ਫੋਟੋਗ੍ਰਾਫੀ ਮੁਕਾਬਲੇ, ਫੁਲਕਾਰੀ, ਨਾਟਕ, ਹਿਸਟ੍ਰੋਨਿਕ ਵਿੱਚ ਤੀਜੇ ਸਥਾਨ ’ਤੇ ਰਹੀ। ਇਸ ਤੋਂ ਇਲਾਵਾ ਕਰਮਜੀਤ ਕੌਰ ਨੇ ਲੰਮੀ ਹੇਕ ਵਾਲੇ ਗੀਤ ਵਿੱਚ ਵਿਅਕਤੀਗਤ ਤੌਰ ਤੇ ਦੂਜਾ ਸਥਾਨ ਅਤੇ ਤਨਵੀਰ ਕੌਰ ਨੇ ਕਲੀ ਸਿੰਗਿੰਗ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ।
ਇਸ ਮੌਕੇ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |