Ferozepur News

ਅਸਲਾ ਧਾਰਕ ਆਪਣਾ ਅਸਲਾ 23-02-15 ਤੱਕ ਸਬੰਧਿਤ ਥਾਣਾ/ਡੀਲਰਾਂ ਪਾਸ ਜਮ੍ਹਾਂ ਕਰਾਉਣ 

ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਵੱਲੋਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੌਰਾਨ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ।
WEAPON LOGO
ਫਿਰੋਜਪੁਰ 22 ਫਰਵਰੀ 2015(Madan Lal Tiwari)ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਮਾਨਯੋਗ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਹੋਈਆਂ ਹਦਾਇਤਾਂ ਅਨੁਸਾਰ ਮਿਤੀ 25-02-2015 ਨੂੰ ਸਿਟੀ ਫ਼ਿਰੋਜ਼ਪੁਰ, ਸਿਟੀ ਜ਼ੀਰਾ, ਅਤੇ ਤਲਵੰਡੀ ਭਾਈ ਨਗਰ ਕੌਂਸਲ ਅਤੇ ਮੁੱਦਕੀ, ਮਮਦੋਟ ਨਗਰ ਪੰਚਾਇਤਾਂ ਚੋਣਾਂ ਨਿਰਪੱਖ ਤੇ ਨਿਰਭੈ ਕਰਾਉਣ ਲਈ ਜ਼ਿਲ੍ਹਾ ਪੁਲਿਸ ਫ਼ਿਰੋਜ਼ਪੁਰ ਵੱਲੋਂ ਸੁਰੱਖਿਆ ਦੇ ਹਰ ਪੱਖੋਂ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ। ਇਹਨਾਂ ਚੋਣਾਂ ਦੌਰਾਨ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਹੁੱਲੜਬਾਜ਼ੀ ਵਗ਼ੈਰਾ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ।
ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ 3 ਨਗਰ ਕੌਂਸਲ ਅਤੇ 2 ਨਗਰ ਪੰਚਾਇਤਾਂ ਲਈ ਕੁੱਲ 77 ਵਾਰਡਾਂ ਲਈ, 53 ਪੋਲਿੰਗ ਸਟੇਸ਼ਨ ਅਤੇ 134 ਪੋਲਿੰਗ ਬੂਥ ਬਣਾਏ ਗਏ ਹਨ। ਪੋਲਿੰਗ ਡਿਊਟੀ ਤੋ ਇਲਾਵਾ 10 ਪੈਟਰੋਲਿੰਗ ਪਾਰਟੀਆਂ ਜੋ ਦੋ ਸ਼ਿਫ਼ਟਾਂ ਵਿੱਚ ਲਗਾਤਾਰ ਨਿਗਰਾਨੀ ਰੱਖਣਗੀਆਂ। ਹਰੇਕ ਚੋਣ ਖੇਤਰ ਵਿੱਚ ਗਜ਼ਟਿਡ ਅਫ਼ਸਰ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਲੋੜੀਂਦੀ ਫੋਰਸ ਮੁਹੱਈਆ ਕੀਤੀ ਗਈ ਹੈ। ਇਸ ਤੋ ਇਲਾਵਾ ਕਿਊ.ਆਰ.ਟੀ. ਦੀਆਂ ਟੀਮਾਂ ਵੀ ਤਿਆਰ ਰੱਖੀਆਂ ਗਈਆਂ ਹਨ। ਜ਼ਿਲ੍ਹਾ ਵਿੱਚ ਹੁਣ ਤੱਕ 68 ਪ੍ਰਤਿਸ਼ਤ ਅਸਲਾ ਜਮ੍ਹਾਂ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਅਸਲਾ ਮਿਤੀ  23-02-15 ਤੱਕ ਸਬੰਧਿਤ ਥਾਣਾ/ਡੀਲਰਾਂ ਪਾਸ ਜਮ੍ਹਾਂ ਕਰਾਉਣ ਨਹੀਂ ਤਾਂ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਚੋਣਾਂ ਲਈ ਪੋਲਿੰਗ ਸਟੇਸ਼ਨਾਂ/ਬੂਥਾਂ ਤੇ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਤੋ ਇਲਾਵਾ ਵੱਖ-ਵੱਖ ਪੈਟਰੋਲਿੰਗ ਪਾਰਟੀਆਂ ਲਗਾਈਆਂ ਹਨ ਜੋ ਸਾਰੇ ਪੋਲਿੰਗ ਬੂਥਾਂ ਨੂੰ ਕਵਰ ਕਰਨਗੀਆਂ। ਜ਼ਿਲ੍ਹਾ ਦੇ ਸਾਰੇ ਮੁੱਖ ਅਫਸਰਾਨ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਫ਼ਿਰੋਜ਼ਪੁਰ ਸ਼ਹਿਰ ਵਿੱਚ ਖ਼ਾਸ ਤੌਰ ਤੇ 2 ਡੀ.ਐਸ.ਪੀਜ਼ ਅਤੇ ਇੰਚਾਰਜ ਸੀ.ਆਈ.ਏ. ਸਟਾਫ਼ ਫ਼ਿਰੋਜ਼ਪੁਰ ਆਪਣੀਆਂ-ਆਪਣੀਆਂ ਵੱਖਰੀਆਂ ਰਿਜਰਵਾਂ ਸਮੇਤ ਹਰ ਤਰ੍ਹਾਂ ਦੀ ਹਰਕਤ ਦੀ ਨਿਗਰਾਨੀ ਰੱਖਣਗੇ। ਏਰੀਆ ਨੂੰ ਸੀਲ ਕਰਨ ਲਈ ਨਾਕਾਬੰਦੀ ਕੀਤੀ ਜਾਵੇਗੀ, ਪੋਲਿੰਗ ਸਟੇਸ਼ਨ ਤੋ 100 ਗਜ ਦੇ ਦਾਇਰੇ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਬੂਥ ਨਹੀਂ ਲੱਗਣ ਦਿੱਤਾ ਜਾਵੇਗਾ ਅਤੇ ਪੋਲਿੰਗ ਸਟੇਸ਼ਨ ਦੇ ਆਲੇ-ਦੁਆਲੇ ਮਜ਼ਬੂਤ ਬੈਰੀਕੇਡਿੰਗ ਕੀਤੀ ਜਾਵੇਗੀ।
ਸਮੂਹ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮਿਤੀ 25-02-2015 ਨੂੰ ਬਿਨਾਂ ਕਿਸੇ ਦਬਾਅ/ਡਰ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ। ਜ਼ਿਲ੍ਹਾ ਪੁਲਿਸ ਵੱਲੋਂ ਉਹਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ।

Related Articles

Back to top button