Ferozepur News
ਅਧਿਆਪਕਾਂ ਨਾਲ ਵਾਪਰੇ ਜਾਨਲੇਵਾ ਹਾਦਸੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਫ਼ੋਤ ਹੋਣ ਵਾਲੇ ਅਤੇ ਜਖ਼ਮੀ ਅਧਿਆਪਕਾਂ ਲਈ ਬਣਦੇ ਮੁਆਵਜ਼ੇ ਦੀ ਮੰਗ
ਅਧਿਆਪਕਾਂ ਨਾਲ ਵਾਪਰੇ ਜਾਨਲੇਵਾ ਹਾਦਸੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਫ਼ੋਤ ਹੋਣ ਵਾਲੇ ਅਤੇ ਜਖ਼ਮੀ ਅਧਿਆਪਕਾਂ ਲਈ ਬਣਦੇ ਮੁਆਵਜ਼ੇ ਦੀ ਮੰਗ
ਦੂਰ ਦੁਰਾਡੇ ਸੇਵਾਵਾਂ ਦਿੰਦੇ ਅਧਿਆਪਕਾਂ ਨੂੰ ਲੋੜੀਦੀਆਂ ਸਹੂਲਤਾਂ ਨਾ ਦੇਣਾ ਸਰਕਾਰ ਦੀ ਨਾਕਾਮੀ: ਡੀ.ਟੀ.ਐੱਫ.
ਫਿਰੋਜ਼ਪੁਰ 24 ਮਾਰਚ ( ) ਫਾਜ਼ਿਲਕਾ ਜਿਲ੍ਹੇ ਤੋਂ ਤਰਨ ਤਾਰਨ ਦੇ ਬਲਾਕ ਵਲਟੋਹਾ ‘ਚ ਡਿਊਟੀ ‘ਤੇ ਕਰੂਜ਼ਰ ਗੱਡੀ ਰਾਹੀਂ ਜਾ ਰਹੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਦਰਪੇਸ਼ ਭਿਆਨਕ ਹਾਦਸੇ ਕਾਰਨ ਤਿੰਨ ਅਧਿਆਪਕਾਂ ਅਤੇ ਡਰਾਈਵਰ ਦੀ ਮੌਤ ਹੋਣ ਅਤੇ ਕਈਆਂ ਦੇ ਗੰਭੀਰ ਜਖ਼ਮੀ ਹੋਣ ਨੂੰ ਮੰਦਭਾਗੀ ਘਟਨਾ ਕਰਾਰ ਦਿੰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਡੀ.ਟੀ.ਐੱਫ. ਨੇ ਫ਼ੋਤ ਹੋਣ ਵਾਲਿਆਂ ਅਤੇ ਜਖ਼ਮੀ ਅਧਿਆਪਕਾਂ ਲਈ ਪੰਜਾਬ ਸਰਕਾਰ ਤੋਂ ਢੁੱਕਵੇਂ ਮੁਆਵਜ਼ੇ ਦੇ ਨਾਲ-ਨਾਲ ਇਲਾਜ਼ ਦਾ ਉੱਚ ਪੱਧਰੀ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਹੈ। ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਸੂਬਾ ਜਥੇਬੰਦਕ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਪ੍ਰੈਸ ਸਕੱਤਰ ਪਵਨ ਕੁਮਾਰ ਮੁਕਤਸਰ ਨੇ ਕਿਹਾ ਕੇ ਪਿੱਤਰੀ ਜਿਲ੍ਹਿਆਂ ਵਿਚ ਖਾਲੀ ਪੋਸਟਾਂ ਹੋਣ ਦੇ ਬਾਵਜੂਦ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹਜ਼ਾਰਾਂ ਅਧਿਆਪਕਾਂ ਨੂੰ ਦੂਰ ਦੁਰਾਡੇ ਨੌਕਰੀਆਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਇਹਨਾਂ ਅਧਿਆਪਕਾਂ ਦੇ ਸੁਰੱਖਿਅਤ ਆਉਣ-ਜਾਣ ਅਤੇ ਰਿਹਾਇਸ਼ ਦਾ ਪ੍ਰਬੰਧ ਜਾਂ ਹੋਰ ਸਹੂਲਤਾਂ ਦੇਣ ਵੱਲ ਵੀ ਸਿੱਖਿਆ ਵਿਭਾਗ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਧਿਆਨ ਦੇਣ ਦੀ ਥਾਂ ਨਵ-ਨਿਯੁਕਤ ਅਧਿਆਪਕਾਂ ਨੂੰ ਪਰਖ ਸਮੇਂ ਦੀ ਆੜ ਵਿਚ ਪਹਿਲੇ ਤਿੰਨ ਸਾਲ ਪੂਰੇ ਤਨਖਾਹ ਸਕੇਲ ਅਤੇ ਭੱਤਿਆਂ ਤੋਂ ਵੀ ਵਾਂਝੇ ਰੱਖ ਕੇ ਘੱਟ ਤਨਖਾਹਾਂ ‘ਤੇ ਸੋਸ਼ਣ ਕੀਤਾ ਜਾ ਰਿਹਾ ਹੈ।
ਡੀ.ਟੀ.ਐਫ. ਨੇ ਫ਼ੋਤ ਹੋਣ ਵਾਲੇ ਅਧਿਆਪਕਾਂ ਦੇ ਪਰਿਵਾਰਾਂ ਦੇ ਦੁੱਖ ‘ਚ ਸ਼ਰੀਕ ਹੁੰਦਿਆਂ ਕਿਹਾ ਕੇ ਇਸ ਹਾਦਸੇ ਕਾਰਨ ਅਧਿਆਪਕ ਭਾਈਚਾਰੇ ਵਿਚ ਭਾਰੀ ਸੋਗ ਦੀ ਲਹਿਰ ਹੈ ਅਤੇ ਅਧਿਆਪਕਾਂ ਵੱਲੋਂ ਇਸ ਹਾਦਸੇ ਦੇ ਪੀੜਤਾਂ ਦੇ ਹੱਕ ਵਿਚ ਹਰ ਸੰਭਵ ਯਤਨ ਕਰਨ ਦਾ ਫੈਸਲਾ ਕੀਤਾ ਗਿਆ ਹੈ।