ਫ਼ਿਰੋਜ਼ਪੁਰ ਦੇ ਸਾਰੇ ਸਕੂਲਾਂ ਵਿੱਚ 1.83 ਕਰੋੜ ਰੁਪਏ ਦੀ ਲਾਗਤ ਨਾਲ ਲੱਗਣਗੀਆਂ 282 ਸੈਨੇਟਰੀ ਨੈਪਕਿਨ ਵੇਂਡਿੰਗ ਮਸ਼ੀਨਾਂ, ਛੇਤੀ ਸ਼ੁਰੂ ਹੋਵੇਗਾ ਕੰਮ
ਫ਼ਿਰੋਜ਼ਪੁਰ ਦੇ ਸਾਰੇ ਸਕੂਲਾਂ ਵਿੱਚ 1.83 ਕਰੋੜ ਰੁਪਏ ਦੀ ਲਾਗਤ ਨਾਲ ਲੱਗਣਗੀਆਂ 282 ਸੈਨੇਟਰੀ ਨੈਪਕਿਨ ਵੇਂਡਿੰਗ ਮਸ਼ੀਨਾਂ, ਛੇਤੀ ਸ਼ੁਰੂ ਹੋਵੇਗਾ ਕੰਮ
ਲੜਕੀਆਂ ਵਿੱਚ ਸਿਹਤ, ਸੁਰੱਖਿਆ ਅਤੇ ਸਫ਼ਾਈ ਦੇ ਪ੍ਰਤੀ ਜਾਗਰੂਕਤਾ ਵਧਾਉਣ ਲਈ ਚੁੱਕਿਆ ਗਿਆ ਹੈ ਇਹ ਕਦਮ: ਵਿਧਾਇਕ ਪਿੰਕੀ
ਮਸ਼ੀਨਾਂ ਲੱਗਣ ਤੋਂ ਬਾਅਦ ਸਕੂਲਾਂ ਵਿਚ ਮਾਹਵਾਰੀ ਦੇ ਦਿਨਾਂ ਵਿਚ ਕੁੜੀਆਂ ਦੀ ਹਾਜ਼ਰੀ ਰਹੇਗੀ ਪੂਰੀ
ਫ਼ਿਰੋਜ਼ਪੁਰ 11 ਜਨਵਰੀ 2020 ( ) ਫ਼ਿਰੋਜ਼ਪੁਰ ਦੇ ਸਾਰੇ 217 ਸਰਕਾਰੀ ਸਕੂਲਾਂ ਵਿੱਚ 1.83 ਕਰੋੜ ਰੁਪਏ ਦੀ ਲਾਗਤ ਨਾਲ 282 ਸੈਨੇਟਰੀ ਨੈਪਕਿਨ ਵੇਂਡਿੰਗ ਮਸ਼ੀਨਾਂ ਅਤੇ ਇੰਸੀਨੇਟਰ ਲਗਾਉਣ ਦਾ ਪ੍ਰੋਜੈਕਟ ਸ਼ੁਰੂ ਹੋ ਗਿਆ ਹੈ। ਅਗਲੇ ਕੁੱਝ ਹੀ ਦਿਨਾਂ ਵਿੱਚ ਮਸ਼ੀਨਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦਿੱਤੀ । ਉਨ੍ਹਾਂ ਕਿਹਾ ਕਿ ਮਾਹਵਾਰੀ ਦੇ ਦਿਨਾਂ ਵਿਚ ਕੁੜੀਆਂ ਵਿਚ ਸਫ਼ਾਈ, ਸਿਹਤ ਅਤੇ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ਇਹ ਕਦਮ ਚੁੱਕਿਆ ਗਿਆ ਹੈ ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਿਟੀ ਪ੍ਰੋਗਰਾਮ (ਸੀ.ਐਸ.ਆਰ) ਦੇ ਤਹਿਤ ਪਾਵਰ ਗਰਿੱਡ ਦੇ ਵੱਲੋਂ ਇਹ ਮਸ਼ੀਨਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਸੈਨੇਟਰੀ ਨੈਪਕਿਨ ਵੇਂਡਿੰਗ ਮਸ਼ੀਨਾਂ ਦੇ ਨਾਲ ਇੰਸੀਨੇਟਰ ਮਸ਼ੀਨਾਂ ਵੀ ਲੱਗ ਰਹੀਆਂ ਹਨ, ਜਿਸ ਦੇ ਨਾਲ ਇਸਤੇਮਾਲ ਹੋ ਚੁਕੇ ਸੈਨੇਟਰੀ ਨੈਪਕਿਨਸ ਨੂੰ ਵਿਗਿਆਨਿਕ ਤਰੀਕੇ ਨਾਲ ਖ਼ਤਮ ਕੀਤਾ ਜਾ ਸਕਦਾ ਹੈ । ਹਰੇਕ ਮਸ਼ੀਨ ਦੇ ਨਾਲ ਇੱਕ ਇੰਸੀਨੇਟਰ ਵੀ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਅਪਰ ਪ੍ਰਾਇਮਰੀ ਪੱਧਰ ਦੇ ਲੜਕੀਆਂ ਅਤੇ ਕੋ-ਐਜੂਕੇਸ਼ਨ ਵਾਲੇ ਸਰਕਾਰੀ ਸਕੂਲਾਂ ਵਿੱਚ ਇਹ ਮਸ਼ੀਨਾਂ ਲਗਾਈਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ 4 ਮਹੀਨੇ ਪਹਿਲਾਂ ਉਨ੍ਹਾਂ ਨੇ ਕੁੜੀਆਂ ਦੇ ਇਕ ਸਰਕਾਰੀ ਸਕੂਲ ਵਿਚ ਸਮਾਰੋਹ ਦੌਰਾਨ ਇਹ ਮਸ਼ੀਨਾਂ ਲਗਵਾਉਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਉਨ੍ਹਾਂ ਪੂਰਾ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਲਿਆਉਣ ਲਈ ਕਈ ਉਪਰਾਲੇ ਕੀਤੇ ਗਏ, ਜਿਸ ਤੋਂ ਬਾਅਦ ਇਹ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਸਕੂਲਾਂ ਵਿਚ ਇਸ ਤਰਾਂ ਦੀ ਸੁਵਿਧਾ ਵਾਲਾ ਫਿਰੋਜ਼ਪੁਰ ਪਹਿਲਾ ਜ਼ਿਲ੍ਹਾ ਹੈ। ਬਾਕੀ ਦੀਆਂ ਪਾਰਟੀਆਂ ਇਸ ਮੁੱਦੇ ਤੇ ਸਿਰਫ਼ ਗੱਲਾਂ ਕਰਦੀਆਂ ਹਨ, ਜਦਕਿ ਉਨ੍ਹਾਂ ਨੇ ਜ਼ਮੀਨੀ ਪੱਧਰ ਤੇ ਇਹ ਪ੍ਰੋਜੈਕਟ ਲਿਆਂਦਾ ਹੈ।
ਵਿਧਾਇਕ ਪਿੰਕੀ ਨੇ ਦੱਸਿਆ ਕਿ ਮਾਹਵਾਰੀ ਦੇ ਦਿਨਾਂ ਵਿੱਚ ਸਕੂਲਾਂ ਵਿੱਚ ਸੈਨੇਟਰੀ ਨੈਪਕਿਨ ਦੀ ਸਹੂਲਤ ਨਹੀਂ ਹੋਣ ਦੀ ਵਜ੍ਹਾ ਨਾਲ ਸਕੂਲਾਂ ਵਿੱਚ ਲੜਕੀਆਂ ਦੀ ਗਿਣਤੀ ਕਾਫ਼ੀ ਘੱਟ ਹੋ ਜਾਂਦੀ ਹ,ੈ ਲੇਕਿਨ ਇਨ੍ਹਾਂ ਮਸ਼ੀਨਾਂ ਦੇ ਲੱਗਣ ਕਰਕੇ ਮਾਹਵਾਰੀ ਦੇ ਦਿਨਾਂ ਵਿੱਚ ਵੀ ਲੜਕੀਆਂ ਸਕੂਲ ਵਿੱਚ ਆਪਣੀ ਪੜਾਈ-ਲਿਖਾਈ ਜਾਰੀ ਰੱਖ ਸਕਣਗੀਆਂ ਅਤੇ ਉਨ੍ਹਾਂ ਦੀ ਪੜਾਈ ਤੇ ਕੋਈ ਅਸਰ ਨਹੀਂ ਪਵੇਗਾ। ਸਕੂਲ ਦੀ ਹਾਜ਼ਰੀ ਉੱਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਉੱਤੇ ਟ੍ਰੇਨਿੰਗ ਸੈਂਟਰ ਵੀ ਬਣਾਏ ਜਾ ਰਹੇ ਹਨ, ਜਿੱਥੇ ਇਨ੍ਹਾਂ ਸਕੂਲਾਂ ਨਾਲ ਸਬੰਧਿਤ ਲੜਕੀਆਂ ਨੂੰ ਸੈਨੇਟਰੀ ਨੈਪਕਿਨ ਮਸ਼ੀਨਾਂ ਇਸਤੇਮਾਲ ਕਰਨ ਅਤੇ ਇੰਸੀਨੇਟਰ ਨੂੰ ਇਸਤੇਮਾਲ ਕਰਨ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ । ਇਸ ਟ੍ਰੇਨਿੰਗ ਦੇ ਬਾਅਦ ਉਨ੍ਹਾਂ ਨੂੰ ਮਸ਼ੀਨਾਂ ਇਸਤੇਮਾਲ ਕਰਨ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ । ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ ਲਗਾਤਾਰ ਡਿਵੈਲਪਮੈਂਟ (ਵਿਕਾਸ) ਦੇ ਰਾਹ ਤੇ ਅੱਗੇ ਵੱਧ ਰਿਹਾ ਹੈ। ਇੱਥੇ ਪੀ.ਜੀ.ਆਈ, ਕ੍ਰਿਕੇਟ ਸਟੇਡੀਅਮ, ਨਵੇਂ ਪਾਰਕ, ਗਾਰਡਨ ਜਿੰਮ, ਨਵੀਆਂ ਸੜਕਾਂ, ਪਾਣੀ ਅਤੇ ਸੀਵਰੇਜ ਦੀ 100 ਫ਼ੀਸਦੀ ਪਾਈਪ ਲਾਇਨ ਵਰਗੇ ਕਈ ਪ੍ਰੋਜੈਕਟ ਸਰਕਾਰ ਵੱਲੋਂ ਪਾਸ ਕਰਵਾਏ ਗਏ ਹਨ। ਸਤਲੁਜ ਦਰਿਆ ਦੇ ਕੰਡੇ ਰਹਿਣ ਵਾਲੇ ਲੋਕਾਂ ਨੂੰ ਨਵੀਂ ਕਿਸ਼ਤੀਆਂ ਅਤੇ ਬੇੜੇ ਵੀ ਉਪਲੱਬਧ ਕਰਵਾਏ ਗਏ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਨਾਲ ਫ਼ਿਰੋਜ਼ਪੁਰ ਹੁਣ ਤੇਜ਼ੀ ਨਾਲ ਵਿਕਸਿਤ ਹੋ ਰਹੇ ਸ਼ਹਿਰਾਂ ਦੀ ਸੂਚੀ ਵਿੱਚ ਸ਼ੁਮਾਰ ਹੋ ਗਿਆ ਹੈ ।
ਇਸ ਮੌਕੇ ਡੀ.ਈ.ਓ ਕੁਲਵਿੰਦਰ ਕੌਰ, ਡਿਪਟੀ ਡੀ.ਈ.ਓ ਸੁਖਵਿੰਦਰ ਸਿੰਘ ਅਤੇ ਕੋਮਲ ਅਰੋੜਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਲੜਕੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ, ਜਿਸਦੇ ਨਾਲ ਉਨ੍ਹਾਂ ਨੂੰ ਸਕੂਲ ਪੱਧਰ ਤੇ ਹੀ ਟ੍ਰੇਨਿੰਗ ਦੇ ਕੇ ਸਿਹਤ ਸੁਰੱਖਿਆ ਅਤੇ ਸਵੱਛਤਾ ਦੇ ਪ੍ਰਤੀ ਜਾਗਰੂਕ ਬਣਾਇਆ ਜਾਵੇਗਾ ।