ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਪੰਜਾਬੀ ਸਾਹਿਤ ਸਿਰਜਣ ਅਤੇ ਕਾਵਿ ਗਾਇਨ ਮੁਕਾਬਲੇ ਕਰਵਾਏ ਗਏ
ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਲੇਖ, ਕਹਾਣੀ, ਕਾਵਿ ਸਿਰਜਣ ਅਤੇ ਕਾਵਿ ਗਾਇਨ ਵਿੱਚ ਵਿਖਾਏ ਆਪਣੀ ਕਲਾ ਦੇ ਜੌਹਰ
ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਪੰਜਾਬੀ ਸਾਹਿਤ ਸਿਰਜਣ ਅਤੇ ਕਾਵਿ ਗਾਇਨ ਮੁਕਾਬਲੇ ਕਰਵਾਏ ਗਏ
ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਲੇਖ, ਕਹਾਣੀ, ਕਾਵਿ ਸਿਰਜਣ ਅਤੇ ਕਾਵਿ ਗਾਇਨ ਵਿੱਚ ਵਿਖਾਏ ਆਪਣੀ ਕਲਾ ਦੇ ਜੌਹਰ
ਫ਼ਿਰੋਜ਼ਪੁਰ, ਅਗਸਤ 26, 2022: ਸਾਹਿਤ, ਕਲਾ ਅਤੇ ਸੱਭਿਆਚਾਰ ਨੂੰ ਸਮਰਪਿਤ ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਪੰਜਾਬੀ ਸਾਹਿਤ ਸਿਰਜਣ ਅਤੇ ਕਾਵਿ ਗਾਇਨ ਦੇ ਮੁਕਾਬਲੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਫ਼ਿਰੋਜ਼ਪੁਰ ਛਾਉਣੀ ਵਿਖੇ ਕਰਵਾਏ ਗਏ।
ਇਸ ਮੌਕੇ ’ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਲਈ ਕੰਮ ਕਰਨਾ ਅਤੇ ਉਨ੍ਹਾਂ ਨੂੰ ਸਹੀ ਸੇਧ ਦੇਣ ਲਈ ਉਪਰਾਲੇ ਕਰਨਾ ਭਾਸ਼ਾ ਵਿਭਾਗ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗਾ ਸਾਹਿਤ ਪੜ੍ਹਨ ਅਤੇ ਸਿਰਜਣ ਲਈ ਪ੍ਰੇਰਿਤ ਕਰਦਿਆਂ ਸਾਹਿਤ ਦੇ ਮਹੱਤਵ ਤੋਂ ਜਾਣੂ ਕਰਵਾਇਆ। ਮੰਚ ਸੰਚਾਲਣ ਕਰਦਿਆਂ ਖੋਜ ਅਫ਼ਸਰ ਸ਼੍ਰੀ ਦਲਜੀਤ ਸਿੰਘ ਨੇ ਦੱਸਿਆ ਕਿ ਸਾਹਿਤ ਸਿਰਜਣ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਮੌਕੇ ’ਤੇ ਹੀ ਵਿਸ਼ਾ ਦੇ ਕੇ ਲੇਖ, ਕਵਿਤਾ ਅਤੇ ਕਹਾਣੀ ਲਿਖਣ ਦੇ ਮੁਕਾਬਲੇ ਕਰਵਾਏ ਗਏ। ਸਮਾਗਮ ਦੇ ਦੂਜੇ ਪੜ੍ਹਾਅ ਵਿੱਚ ਪੰਜਾਬੀ ਦੇ ਮਾਣ-ਮੱਤੇ ਸ਼ਾਇਰਾਂ ਦੀਆਂ ਕਾਵਿ ਰਚਨਾਵਾਂ ਦਾ ਗਾਇਨ ਕਰਕੇ ਵਿਦਿਆਰਥੀਆਂ ਨੇ ਸਰੋਤਿਆਂ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਸ. ਰਣਜੀਤ ਸਿੰਘ ਭੁੱਲਰ, ਉੱਪ ਮੰਡਲ ਮੈਜਿਸਟ੍ਰੇਟ (ਐੱਸ.ਡੀ.ਐੱਮ.) ਫ਼ਿਰੋਜ਼ਪੁਰ ਨੇ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ ਪ੍ਰੇਰਣਾ ਲੈ ਕੇ ਸਿਰੜ, ਲਗਨ ਅਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਆ ਅਤੇ ਉਨ੍ਹਾਂ ਕਿਹਾ ਕਿ ਮਨੁੱਖ ਆਪਣੀ ਕਿਰਤ ਨਾਲ ਆਪਣੀ ਤਕਦੀਰ ਬਦਲ ਸਕਦਾ ਹੈ।
ਇਸ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਿਮਰਤਜੀਤ ਕੌਰ, ਸਕੂਲ ਕਮੇਟੀ ਦੇ ਪ੍ਰਧਾਨ ਸ. ਸਤਿੰਦਰਜੀਤ ਸਿੰਘ, ਸਕੱਤਰ ਸ. ਗੁਰਬਚਨ ਸਿੰਘ, ਕੈਸ਼ੀਅਰ ਸ. ਭੁਪਿੰਦਰ ਸਿੰਘ ਅਤੇ ਮੈਂਬਰ ਸ. ਬਲਬੀਰ ਸਿੰਘ ਵਿਸ਼ੇਸ਼ ਤੌਰ ֹ’ਤੇ ਹਾਜ਼ਰ ਸਨ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਦੀ ਜ਼ਿੰਮੇਵਾਰੀ ਬਹੁਤ ਹੀ ਗੰਭੀਰਤਾ ਨਾਲ ਨਿਭਾਉਣ ਵਾਲੇ ਸੁਖਜਿੰਦਰ, ਡਾ. ਕੁਲਬੀਰ ਮਲਿਕ ਅਤੇ ਮੀਨਾ ਮਹਿਰੋਕ ਸਨ, ਜੋ ਕਿ ਪੰਜਾਬੀ ਸਾਹਿਤ ਜਗਤ ਦੇ ਨਾਮਵਰ ਚਿਹਰੇ ਹਨ। ਜੱਜ ਸਾਹਿਬਾਨ ਨੇ ਬਹੁਤ ਹੀ ਸਲੀਕੇ ਅਤੇ ਪਿਆਰ ਨਾਲ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ ਨਾਲ ਪ੍ਰਤਿਭਾ ਦਾ ਪ੍ਰਗਟਾਅ ਕਰਨ ਲਈ ਪ੍ਰੇਰਿਆ। ਇਨ੍ਹਾਂ ਮੁਕਾਬਿਲਾਂ ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ/ਅਰਧ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਲਗਭਗ 70 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਪੰਜਾਬੀ ਸਾਹਿਤ ਸਿਰਜਣ ਦੇ ਮੁਕਾਬਲਿਆਂ ਅਧੀਨ ਲੇਖ ਸਿਰਜਣ ਵਿੱਚ ਪਹਿਲਾ ਸਥਾਨ ਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਪਿੰਡੀ, ਦੂਜਾ ਸਥਾਨ ਦਿਲਕਰਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਅਤੇ ਤੀਜਾ ਸਥਾਨ ਮਮਤਾ ਰਾਣੀ ਸਰਕਾਰੀ ਹਾਈ ਸਕੂਲ ਪਿੰਡੀ ਨੇ ਪ੍ਰਾਪਤ ਕੀਤਾ। ਕਹਾਣੀ ਸਿਰਜਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰਿੰਦਰਪਾਲ ਸਿੰਘ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ, ਦੂਜਾ ਸਥਾਨ ਇਸ਼ਿਤਾ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ ਅਤੇ ਤੀਜਾ ਸਥਾਨ ਪਰਮਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਾ ਹਾਜ਼ੀ ਨੇ ਪ੍ਰਾਪਤ ਕੀਤਾ। ਕਾਵਿ ਸਿਰਜਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪਲਕ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ, ਦੂਜਾ ਸਥਾਨ ਅਰਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਸ਼ਾਹ ਅਤੇ ਤੀਜਾ ਸਥਾਨ ਭੁਪਿੰਦਰ ਕੌਰ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ ਨੇ ਪ੍ਰਾਪਤ ਕੀਤਾ। ਸਮਾਗਮ ਦੇ ਦੂਜੇ ਪੜ੍ਹਾਅ ਵਿੱਚ ਹੋਏ ਪੰਜਾਬੀ ਕਾਵਿ ਗਾਇਨ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਨਵਜੋਤ ਕੌਰ ਸਰਕਾਰੀ ਹਾਈ ਸਕੂਲ ਵਾਹਗੇ ਵਾਲਾ, ਦੂਜਾ ਸਥਾਨ ਅੰਕੁਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਗੇ ਕੇ ਪਿੱਪਲ ਅਤੇ ਤੀਜਾ ਸਥਾਨ ਜਸ਼ਨਦੀਪ ਸੰਧੂ ਸਰਕਾਰੀ ਹਾਈ ਸਕੂਲ ਕਾਮਲ ਵਾਲਾ ਖੁਰਦ ਨੇ ਪ੍ਰਾਪਤ ਕੀਤਾ।
ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 1000/- ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 750/- , ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 500/- ਰੁਪਏ ਨਗਦ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਦੇਣ ਦੀ ਰਸਮ ਮੁੱਖ ਮਹਿਮਾਨ ਵਜੋਂ ਪਹੁੰਚੇ ਸ. ਰਣਜੀਤ ਸਿੰਘ ਭੁੱਲਰ ਉੱਪ ਮੰਡਲ ਮੈਜਿਸਟ੍ਰੇਟ (ਐੱਸ.ਡੀ.ਐੱਮ.) ਫ਼ਿਰੋਜ਼ਪੁਰ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸ਼ਖ਼ਸ਼ੀਅਤਾਂ ਨੇ ਸਾਂਝੇ ਰੂਪ ਵਿੱਚ ਨਿਭਾਈ। ਇਸ ਮੌਕੇ ‘ਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਸ਼੍ਰੀ ਅਵਤਾਰ ਪੁਰੀ ਪੰਜਾਬੀ ਅਧਿਆਪਕ ਸਰਕਾਰੀ ਹਾਈ ਸਕੂਲ ਕਾਮਲ ਵਾਲਾ ਖੁਰਦ ਨੇ ਆਪਣੀ ਪ੍ਰੇਰਣਾਦਾਇਕ ਗਾਇਕੀ ਰਾਹੀਂ ਸਰੋਤਿਆਂ ਦਾ ਖ਼ੂਬ ਮਨੋਰੰਜਨ ਕੀਤਾ। ਸਮਾਗਮ ਦੇ ਅੰਤ ‘ਤੇ ਖੋਜ ਅਫ਼ਸਰ ਸ. ਦਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ, ਸਕੂਲ ਪ੍ਰਿੰਸੀਪਲ, ਸਟਾਫ਼ ਅਤੇ ਮੈਨੇਜ਼ਮੈਂਟ ਕਮੇਟੀ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਸੰਬੰਧਿਤ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਅਤੇ ਕਿਹਾ ਕਿ ਉਹ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਨਾਲ ਜੁੜਨ ਅਤੇ ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਦਾ ਫੇਸਬੁੱਕ ਪੇਜ਼ ਦੇਖਣ ਅਤੇ ਉਸਦਾ ਪ੍ਰਚਾਰ ਅਤੇ ਪਾਸਾਰ ਕਰਨ।
ਸਮਾਗਮ ਨੂੰ ਸਫ਼ਲ ਬਨਾਉਣ ਵਿੱਚ ਭਾਸ਼ਾ ਵਿਭਾਗ ਦੇ ਕਰਮਚਾਰੀ ਸ਼੍ਰੀ ਰਮਨ ਕੁਮਾਰ ਸੀਨੀਅਰ ਸਹਾਇਕ, ਸ. ਨਵਦੀਪ ਸਿੰਘ ਜੂਨੀਅਰ ਸਹਾਇਕ, ਸ਼੍ਰੀ ਸਿਮਰਨਜੀਤ ਸਿੰਘ ਕਲਰਕ, ਸ਼੍ਰੀ ਰਵੀ ਕੁਮਾਰ, ਸ਼੍ਰੀ ਦੀਪਕ ਕੁਮਾਰ ਅਤੇ ਸ਼੍ਰੀ ਗਗਨ ਦਾ ਵਿਸ਼ੇਸ਼ ਯੋਗਦਾਨ ਰਿਹਾ।