ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਨੀਤੀ ਆਯੋਗ ਵੱਲੋਂ ਜਾਰੀ ਕੀਤੀ ਗਈ 4 ਕਰੋੜ 63 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਬਦਲੇਗੀ ਸਿਵਲ ਹਸਪਤਾਲ
ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਨੀਤੀ ਆਯੋਗ ਵੱਲੋਂ ਜਾਰੀ ਕੀਤੀ ਗਈ 4 ਕਰੋੜ 63 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਬਦਲੇਗੀ ਸਿਵਲ ਹਸਪਤਾਲ ਫਿਰੋਜ਼ਪੁਰ ਅਤੇ 4 ਡਿਸਪੈਂਸਰੀਆਂ ਦੀ ਨੁਹਾਰ-ਵਿਧਾਇਕ ਪਿੰਕੀ
2 ਕਰੋੜ 63 ਲੱਖ ਰੁਪਏ ਦੀ ਰਾਸ਼ੀ ਦੇ ਕੰਮਾਂ ਦੇ ਲਈ ਲੱਗ ਚੁੱਕੇ ਹਨ ਟੈਂਡਰ
ਗੱਟੀ ਰਾਜੋ ਕੇ, ਬਾਰੇ ਕੇ ਅਤੇ ਮਹਾਲਮ ਸਮੇਤ 4 ਡਿਸਪੈਂਸਰੀਆਂ ਦੀ ਬਦਲੇਗੀ ਨੁਹਾਰ
ਫਿਰੋਜ਼ਪੁਰ 20 ਜਨਵਰੀ 2021 .
ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਨੀਤੀ ਆਯੋਗ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ 4 ਕਰੋੜ 63 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਜਿੱਥੇ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਆਧੁਨਿਕ ਸਿਹਤ ਸਹੂਲਤਾਂ ਦੇ ਨਾਲ ਨਾਲ ਰੈਨੋਵੇਸ਼ਨ ਕੀਤੀ ਜਾਵੇਗੀ, ਉੱਥੇ ਹੀ ਗੱਟੀ ਰਾਜੋ ਕੇ, ਬਾਰੇ ਕੇ ਅਤੇ ਮਹਾਲਮ ਸਮੇਤ 4 ਡਿਸਪੈਂਸਰੀਆਂ ਦੀ ਕਾਇਆ ਕਲਪ ਬਦਲੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ 4 ਕਰੋੜ 63 ਲੱਖ ਰੁਪਏ ਦੀ ਰਾਸ਼ੀ ਵਿੱਚੋਂ 2ਕਰੋੜ 63 ਲੱਖ ਰੁਪਏ ਹੈਲਥ ਸਿਸਟਮ ਕਾਰੋਪੇਸ਼ਨ ਅਤੇ 2 ਕਰੋੜ ਰੁਪਏ ਨੀਤੀ ਆਯੋਗ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੇ ਗਏ 2 ਕਰੋੜ 63 ਲੱਖ ਰੁਪਏ ਦੀ ਰਾਸ਼ੀ ਦੇ ਟੈਂਡਰ ਵੀ ਲੱਗ ਚੁੱਕੇ ਹਨ ਅਤੇ ਇੱਕ ਸਾਲ ਦੇ ਅੰਦਰ ਅੰਦਰ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਪੂਰੀ ਤਰ੍ਹਾਂ ਕਾਇਆ ਕਲਪ ਬਦਲ ਜਾਵੇਗੀ।
ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਨੀਤੀ ਆਯੋਗ ਭਾਰਤ ਸਰਕਾਰ ਵੱਲੋਂ ਅਲੱਗ ਤੋਂ ਜਾਰੀ ਕੀਤੀ ਗਈ 2 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 75 ਲੱਖ ਰੁਪਏ ਖਰਚ ਕਰਕੇ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਨਵੀਂ ਇਮਾਰਤ ਬਣਵਾਉਣ ਅਤੇ ਨਵੇਂ ਬੈੱਡ ਖਰੀਦਣ ਤੋਂ ਇਲਾਵਾ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਈਆ ਜਾਣਗੀਆਂ, ਜਦਕਿ ਹੋਰ ਰਾਸ਼ੀ ਨਾਲ ਨਵੇਂ ਮੈਡੀਕਲ ਐਕਉਪਮੈਂਟਸ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਨਵੀਂ ਤਕਨੀਕਾਂ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਨਵੀਆਂ ਚਾਦਰਾਂ ਖਰੀਦਣ ਅਤੇ ਸਾਫ ਸਫਾਈ ਲਈ 12 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ 50 ਲੱਖ ਰੁਪਏ ਦੀ ਰਾਸ਼ੀ ਨਾਲ ਆਂਗਣਵਾੜੀ ਸੈਂਟਰਾਂ ਦੀ ਰਿਪੇਅਰ ਕੀਤੀ ਜਾਵੇਗੀ।
ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਸੇ ਤਰ੍ਹਾਂ 60 ਲੱਖ ਰੁਪਏ ਦੀ ਰਾਸ਼ੀ ਨਾਲ ਗੱਟੀ ਰਾਜੋ ਕੇ, ਬਾਰੇ ਕੇ ਅਤੇ ਮਹਾਲਮ ਸਮੇਤ ਕੁੱਲ 4 ਡਿਸਪੈਂਸਰੀਆਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਆਸ ਪਾਸ ਦੇ ਇਲਾਕਾ ਨਿਵਾਸੀਆਂ ਨੂੰ ਇਨ੍ਹਾਂ ਡਿਸਪੈਂਸਰੀਆਂ ਦੇ ਵਿੱਚ ਹੀ ਸਸਤਾ ਅਤੇ ਵਧੀਆ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਡਿਸਪੈਂਸਰੀਆਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਮਰੀਜਾਂ ਨੂੰ ਸਹਿਰ ਜਾ ਕੇ ਇਲਾਜ ਕਰਵਾਉਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਇਨ੍ਹਾਂ ਡਿਸਪੈਂਸਰੀਆਂ ਵਿੱਚ ਮਰੀਜਾਂ ਦਾ ਇਲਾਜ ਹੋ ਸਕੇਗਾ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਸਹਿਰ ਅਤੇ ਜ਼ਿਲ੍ਹਾ ਨਿਵਾਸੀਆਂ ਨੂੰ ਸਿਹਤ ਸੰਭਾਲ ਸਬੰਧੀ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੀ ਕੋਸਿਸ ਹੈ ਕਿ ਪਿੰਡਾਂ ਵਿੱਚ ਸਹਿਰਾਂ ਵਾਂਗੂੰ ਹੀ ਡਿਸਪੈਂਸਰੀਆਂ ਵਿੱਚ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਈਆ ਜਾਣ ਤਾਂ ਜੋ ਕਿਸੇ ਨੂੰ ਵੀ ਪਿੰਡਾਂ ਵਿੱਚੋਂ ਸਹਿਰ ਜਾ ਕੇ ਇਲਾਜ ਕਰਵਾਉਣ ਲਈ ਖੱਜਲ ਖੁਆਰ ਨਾ ਹੋਣਾ ਪਵੇ।ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਜਿੰਨੀਆਂ ਵੀ ਮਾਹਰ ਡਾਕਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ ਉਨ੍ਹਾਂ ਵਿੱਚ ਜਲਦ ਡਾਕਟਰਾਂ ਦੀ ਤੈਨਾਤੀ ਕਰਵਾਈ ਜਾਵੇਗੀ ਤਾਂ ਕਿ ਲੋਕਾਂ ਨੂੰ ਸਿਹਤ ਸਬੰਧੀ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਹੋ ਸਕਣ।