ਹੁਣ ਸਿਰਫ਼ ਵੱਖਰਾ-ਵੱਖਰਾ ਕੂੜਾ ਹੀ ਕਲੈਕਟ ਕਰਨਗੇ ਡੋਰ-ਟੂ ਡੋਰ ਕਲੈਕਟਰ, 12 ਸੈਕੰਡਰੀ ਪੁਆਇੰਟਾਂ ਤੇ ਹੀ ਹੋਵੇਗਾ ਡੰਪ
ਫ਼ਿਰੋਜ਼ਪੁਰ 9 ਅਪ੍ਰੈਲ 2019 (ਹਰੀਸ਼ ਮੌਂਗਾ) ਫ਼ਿਰੋਜ਼ਪੁਰ ਵਿੱਚ ਮੁਹੱਲਾ ਸੁਸਾਇਟੀਆਂ ਨਾਲ ਜੁੜੇ ਹੋਏ ਡੋਰ ਟੂ ਡੋਰ ਵੇਸਟ ਕੁਲੈਕਟਰ ਹੁਣ ਸਿਰਫ਼ ਵੱਖਰਾ-ਵੱਖਰਾ ਕੂੜਾ ਹੀ ਕੁਲੈਕਟ ਕਰਨਗੇ। ਲੋਕਾਂ ਨੂੰ ਕਿਚਨ ਵੇਸਟ ਅਤੇ ਵਾਧੂ ਕੂੜਾ ਅਲੱਗ-ਅਲੱਗ ਰੱਖਣਾ ਹੋਵੇਗਾ, ਜਿਸ ਨੂੰ ਡੋਰ ਟੂ ਡੋਰ ਵੇਸਟ ਕੁਲੈਕਟਰ ਅਲੱਗ-ਅਲੱਗ ਥਾਵਾਂ ਤੇ ਸੁੱਟਣਗੇ। ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਵੇਸਟ ਕੁਲੈਕਟਰਾਂ ਦੀ ਇੱਕ ਬੈਠਕ ਹੋਈ, ਜਿਸ ਵਿੱਚ ਡਿਪਟੀ ਕਮਿਸ਼ਨਰ ਨੇ ਸਾਰੇ ਵੇਸਟ ਕੁਲੈਕਟਰਾਂ ਨੂੰ ਕਿਹਾ ਕਿ ਉਹ ਸਿਰਫ਼ ਨਗਰ ਕੌਂਸਲ ਵੱਲੋਂ ਨਿਰਧਾਰਿਤ 12 ਸਥਾਨਾਂ ਤੇ ਕੂੜਾ ਸੁੱਟਣਗੇ। ਇਸ ਤੋਂ ਇਲਾਵਾ ਜੇਕਰ ਕਿਸੇ ਦੂਸਰੀ ਥਾਂ ਤੇ ਕੂੜਾ ਸੁੱਟਿਆਂ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਰੇਹੜੀ ਵੀ ਜ਼ਬਤ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਸਾਰੇ ਕੁਲੈਕਟਰਾਂ ਨੂੰ ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰ ਵਿੱਚ 60 ਕੰਪੋਸਟ ਪਿੱਟ ਤਿਆਰ ਹੋ ਗਈਆਂ ਹਨ, ਜਿਸ ਵਿੱਚ ਗਿੱਲੇ ਕੂੜੇ( ਕਿਚਨ ਵੇਸਟ) ਨੂੰ ਸੁੱਟਿਆ ਜਾਵੇਗਾ। ਇੱਕ ਨਿਰਧਾਰਿਤ ਸਮੇਂ ਦੇ ਬਾਅਦ ਇਸ ਵੇਸਟ ਦੀ ਖਾਦ ਬਣ ਜਾਂਦੀ ਹੈ, ਜਿਸ ਨੂੰ ਖੇਤਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮੇਂ ਬਾਅਦ ਨਵੀਂ ਕੰਪੋਸਟ ਪਿੱਟ ਤਿਆਰ ਕੀਤੀ ਜਾ ਰਹੀ ਅਤੇ ਹਰੇਕ ਵੇਸਟ ਕੁਲੈਕਟਰ ਨੂੰ ਇੱਕ-ਇੱਕ ਕੰਪੋਸਟ ਪਿੱਟ ਅਲਾਟ ਕਰ ਦਿੱਤੀ ਜਾਵੇਗੀ ਅਤੇ ਕੁਲੈਕਟਰ ਨੂੰ ਆਪਣੀ ਕੰਪੋਸਟ ਪਿੱਟ ਵਿੱਚ ਕਿਚਨ ਵੇਸਟ (ਗਿੱਲਾ ਕੂੜਾ) ਸੁੱਟਣਾ ਹੋਵੇਗਾ। ਕੁੱਝ ਵੇਸਟ ਕੁਲੈਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਨ ਵਿੱਚ ਕਾਫ਼ੀ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਲੋਕ ਇੱਕ ਹੀ ਡਸਟਬਿਨ ਵਿੱਚ ਦੋਵਾਂ ਤਰ੍ਹਾਂ ਦਾ ਕੂੜਾ ਸੁੱਟਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਸਿਰਫ਼ ਉਸ ਘਰ ਤੋਂ ਕੂੜਾ ਕ॥ਲੈਕਟ ਕਰਨ ਜਿੱਥੇ ਪਹਿਲੇ ਹੀ ਕੂੜਾ ਅਲੱਗ-ਅਲੱਗ ਕਰਕੇ ਰੱਖਿਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਦੋ ਡਸਟਬਿਨ ਲਗਾਉਣ। ਰਸੋਈ ਵਾਲੇ ਕਿਚਨ ਵੇਸਟ ਦੇ ਲਈ ਅਲੱਗ ਡਸਟਬਿਨ ਅਤੇ ਹੋਰ ਵਾਧੂ ਕੂੜੇ ਲਈ ਅਲੱਗ ਡਸਟਬਿਨ ਲਗਾਉਣ। ਦੋਵੇਂ ਡਸਟਬਿਨ ਅਲੱਗ-ਅਲੱਗ ਕਰਕੇ ਵੇਸਟ ਕੁਲੈਕਟਰ ਨੂੰ ਦੇਣ ਤਾਂ ਜੋ ਉਹ ਕੂੜੇ ਦਾ ਨਿਸਤਾਰਨ ਉਸ ਹਿਸਾਬ ਨਾਲ ਕਰ ਸਕਣ। ਉਨ੍ਹਾਂ ਨੇ ਘਰਾਂ ਵਿੱਚ ਵੇਸਟ ਕਲੈਕਟ ਕਰਨ ਵਾਲੇ ਕੁਲੈਕਟਰਾਂ ਤੋਂ ਕੂੜਾ ਉਠਾਉਣ ਸਮੇਂ ਸੇਫਟੀ ਕਿੱਟ ਦਾ ਇਸਤੇਮਾਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵੇਸਟ ਕੁਲੈਕਟਰ ਹੱਥਾਂ ਵਿੱਚ ਦਸਤਾਨੇ ਅਤੇ ਰਿਫਲੈਕਟਰ ਵਾਲੀਆਂ ਜੈਕਟਾਂ ਦਾ ਇਸਤੇਮਾਲ ਕਰਨ। ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਨੇ ਕਿਹਾ ਕਿ ਸਾਰੇ ਕੁਲੈਕਟਰ ਘਰਾਂ ਤੋਂ ਕੂੜਾ ਇਕੱਠਾ ਕਰਕੇ ਸਵੇਰੇ 11 ਵਜੇਂ ਤੋਂ ਪਹਿਲਾ-ਪਹਿਲਾ ਨਿਰਧਾਰਿਤ 12 ਥਾਵਾਂ ਤੇ ਸੁੱਟਣ ਤਾਂ ਜੋ ਇੱਥੋਂ ਸਮੇਂ ਤੇ ਕੂੜਾ ਲਿਫ਼ਟ ਕਰਕੇ ਮੇਨ ਡੰਪਿੰਗ ਸਟੇਸ਼ਨ ਤੇ ਸੁੱਟਿਆ ਜਾ ਸਕੇ।