ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ 'ਤੇ ਸਾਰਾਗੜ੍ਹੀ ਗੁਰਦੁਆਰਾ ਵਿਚ ਸ੍ਰੀ ਅਖੰਡ ਪਾਠ ਦਾ ਸ਼ੁੱਭ ਆਰੰਭ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ 'ਤੇ ਸਾਰਾਗੜ੍ਹੀ ਗੁਰਦੁਆਰਾ ਵਿਚ ਸ੍ਰੀ ਅਖੰਡ ਪਾਠ ਦਾ ਸ਼ੁੱਭ ਆਰੰਭ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਸੈਮੀਨਾਰ ਅਤੇ ਵਿਚਾਰ ਗੋਸ਼ਟੀ ਵੀ ਹੋਵੇਗੀ ਆਯੋਜਿਤ, ਐਤਵਾਰ ਨੂੰ ਹੋਵੇਗਾ ਸਮਾਪਨ
ਫ਼ਿਰੋਜ਼ਪੁਰ, 1 ਨਵੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਤਿੰਨ ਦਿਨਾਂ ਸ੍ਰੀ ਅਖੰਡ ਪਾਠ ਦਾ ਸ਼ੁੱਭ ਆਰੰਭ ਸ਼ੁੱਕਰਵਾਰ ਨੂੰ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਚ ਹੋਇਆ। ਤਿੰਨ ਦਿਨਾਂ ਪ੍ਰੋਗਰਾਮ ਦੇ ਤਹਿਤ ਸਾਰਾਗੜ੍ਹੀ ਕੰਪਲੈਕਸ ਵਿਚ ਕਈ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਵਿਚਾਰ ਗੋਸ਼ਟੀਆਂ ਕਰਵਾਈਆਂ ਜਾਣਗੀਆਂ ਨਾਲ ਹੀ ਕੀਰਤਨ ਦਰਬਾਰ ਵੀ ਸਜਾਏ ਜਾਣਗੇ।
ਵਧੇਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪਹਿਲੀ ਤੋਂ ਤਿੰਨ ਨਵੰਬਰ ਤੱਕ ਫ਼ਿਰੋਜ਼ਪੁਰ ਵਿਚ ਏਨਾ ਵੱਡਾ ਆਯੋਜਨ ਕਰਵਾਇਆ ਗਿਆ ਹੈ, ਜਿਸ ਵਿਚ ਸ਼ਾਮਿਲ ਹੋਣ ਲਈ ਸਾਰੇ ਫ਼ਿਰੋਜ਼ਪੁਰ ਵਾਸੀਆਂ ਨੂੰ ਸੱਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਾਡੇ ਲਈ ਮਹੱਤਵਪੂਰਨ ਹਨ ਜਿੰਨੀਆਂ ਉਸ ਜ਼ਮਾਨੇ ਵਿਚ ਸਨ। ਕੁਦਰਤ ਨੂੰ ਗੁਰੂ ਨਾਨਕ ਦੇਵ ਜੀ ਨੇ ਭਗਵਾਨ ਦਾ ਦਰਜਾ ਦਿੱਤਾ ਸੀ। ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਪਿੰਕੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਾਮ 7 ਵਜੇ ਭਾਈ ਸੁਖਜਿੰਦਰ ਸਿੰਘ ਜੀ ਵੱਲੋਂ ਸ਼ਬਦ ਕੀਰਤਨ ਨਾਲ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਜਾਵੇਗਾ। ਇਸੇ ਤਰ੍ਹਾਂ ਰਾਤ 8 ਤੋਂ 9 ਵਜੇ ਤੱਕ ਜੱਥਾ ਨਾਨਕਸਰ ਕਲੇਰਾਂ ਦੀ ਵੱਲੋਂ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।
ਇਸੇ ਤਰ੍ਹਾਂ 2 ਨਵੰਬਰ ਨੂੰ ਸ਼ਾਮ 7 ਤੋਂ 8 ਵਜੇ ਤੱਕ ਭਾਈ ਗੁਰਬਿੰਦਰ ਸਿੰਘ ਜੀ ਸਰਹਾਲੀ ਵੱਲੋਂ ਗੁਰਮਿਤ ਵਿਚਾਰ ਕੀਤੇ ਜਾਣਗੇ, ਜਿਸ ਦੇ ਬਾਅਦ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਰਾਮ 8 ਵਜੇ ਸੰਗਤ ਨੂੰ ਸ਼ਬਦ ਕੀਰਤਨ ਨਾਲ ਨਿਹਾਲ ਕਰਨਗੇ। ਐਤਵਾਰ 3 ਨਵੰਬਰ ਨੂੰ ਸਵੇਰੇ ਸਾਢੇ 9 ਵਜੇ ਸ੍ਰੀ ਅਖੰਡ ਪਾਠ ਦਾ ਭੋਗ ਹੋਵੇਗਾ, ਜਿਸ ਦੇ ਬਾਅਦ ਭਾਈ ਨਿਰਵੈਰ ਸਿੰਘ ਜੀ ਸ਼ਬਦ ਕੀਰਤਨ ਨਾਲ ਸੰਗਤ ਨੂੰ ਗੁਰੂ ਚਰਨਾਂ ਵਿਚ ਜੋੜਨਗੇ। ਸਾਢੇ 10 ਵਜੇ ਤੋਂ ਪੈਗਾਮ-ਏ-ਗੁਰੂ ਨਾਨਕ ਵਿਚਾਰ ਚਰਚਾ ਸ਼ੁਰੂ ਹੋਵੇਗੀ ਅਤੇ ਦੁਪਹਿਰ ਸਾਢੇ 12 ਵਜੇ ਤੋਂ ਡੇਢ ਵਜੇ ਤੱਕ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕਰਨਗੇ। ਇਸੇ ਤਰ੍ਹਾਂ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ।
ਵਿਧਾਇਕ ਪਿੰਕੀ ਨੇ ਦੱਸਿਆ ਕਿ ਗੁਰਦੁਆਰਾ ਸਾਰਾਗੜ੍ਹੀ ਦੇ ਲੰਗਰ ਹਾਲ ਦਾ ਨਵੀਨੀਕਰਨ ਕੀਤਾ ਜਾਵੇਗਾ ਜਿਸ ਵਿਚ ਜਨਰੇਟਰ ਅਤੇ ਗੈਸ-ਚੁੱਲ੍ਹੇ ਦਾ ਪ੍ਰਬੰਧ ਕੀਤਾ ਜਾਵੇਗਾ। ਕੰਪਲੈਕਸ ਦੇ ਲਈ ਇੱਕ ਕਰੋੜ ਰੁਪਏ ਮਿਲ ਚੁੱਕੇ ਹਨ। ਜ਼ਰੂਰਤ ਪੈਣ 'ਤੇ ਹੋਰ ਫੰਡਜ਼ ਮੰਗਵਾਏ ਜਾਣਗੇ। ਉਨ੍ਹਾਂ ਫ਼ਿਰੋਜ਼ਪੁਰ ਦੇ ਸਮੂਹ ਨਾਗਰਿਕਾਂ ਨੂੰ ਐਤਵਾਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।