Ferozepur News
ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਦਿਅਕ ਮੁਕਾਬਲੇ: ਸੁਲੇਖ ਮੁਕਾਬਲੇ 26 ਅਕਤੂਬਰ ਤੋਂ ਫ਼ਿਰੋਜ਼ਪੁਰ :
ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਦਿਅਕ ਮੁਕਾਬਲੇ: ਸੁਲੇਖ ਮੁਕਾਬਲੇ 26 ਅਕਤੂਬਰ ਤੋਂ
ਫ਼ਿਰੋਜ਼ਪੁਰ, 25.10.2020: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਵਿਦਿਅਕ ਮੁਕਾਬਲਿਆਂ ਤਹਿਤ ਸੁੰਦਰ ਲਿਖਾਈ (ਸੁਲੇਖ) ਮੁਕਾਬਲੇ ਭਲਕੇ 26 ਅਕਤੂਬਰ ਤੋਂ ਕਰਵਾਏ ਜਾ ਰਹੇ ਹਨ।
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਰਾਜ ਸਿੱਖਿਆ ਖੋਜ ਤੇ ਸਿਖਲਾਈ ਸੰਸਥਾ ਵੱਲੋਂ ਕਰਵਾਏ ਜਾਣ ਇਨ੍ਹਾਂ ਮੁਕਾਬਲਿਆਂ ਤਹਿਤ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੀਆਂ ਪੇਸ਼ਕਾਰੀਆਂ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਸੁਲੇਖ ਮੁਕਾਬਲਿਆਂ ਸਬੰਧੀ ਇਬਾਰਤ (ਪੈਰ੍ਹਾ) ਮੁੱਖ ਦਫਤਰ ਵੱਲੋਂ ਜਿਲ੍ਹਾ ਨੋਡਲਜ਼ ਅਫਸਰਾਂ ਰਾਹੀਂ ਮੁਕਾਬਲੇ ਤੋਂ ਪਹਿਲਾ ਵਿਦਿਆਰਥੀਆਂ ਤੱਕ ਪੁੱਜਦੀ ਕੀਤੀ ਜਾਵੇਗੀ।
ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਫਿਰੋਜ਼ਪੁਰ ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਉੱਪ ਜ਼ਿਲਾ ਸਿੱਖਿਆ ਅਫਸਰ ਸਕੈਂਡਰੀ ਫਿਰੋਜ਼ਪੁਰ ਸ਼੍ਰੀ ਕੋਮਲ ਅਰੋਡ਼ਾ ਨੇ ਦੱਸਿਆ ਕਿ ਸੁਲੇਖ ਮੁਕਾਬਲੇ ਦੀਆਂ ਪੇਸ਼ਕਾਰੀਆਂ ਨੂੰ ਵਿਦਿਆਰਥੀ 26 ਤੋਂ 30 ਅਕਤੂਬਰ ਤੱਕ ਸੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਅੱਪਲੋਡ ਕਰਨਗੇ ਅਤੇ 31 ਅਕਤੂਬਰ ਰਾਤ 12 ਵਜੇ ਤੱਕ ਸਕੂਲ ਮੁਖੀ ਆਪੋ-ਆਪਣੇ ਸਕੂਲ ਦੇ ਨਤੀਜੇ ਦਿੱਤੇ ਹੋਏ ਲਿੰਕ ‘ਤੇ ਅੱਪਲੋਡ ਕਰਨਗੇ।ਸੁਲੇਖ ਰਚਨਾ ਲਈ ਵਿਭਾਗ ਵੱਲੋਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਪੈਰ੍ਹੇ ਭੇਜੇ ਜਾਣਗੇ। ਜਿੰਨ੍ਹਾਂ ਦੀ ਸੁਲੇਖ ਰਚਨਾ ਲਈ ਪ੍ਰਾਇਮਰੀ ਤੇ ਮਿਡਲ ਵਿੰਗ ਲਈ 40 ਮਿੰਟ ਅਤੇ ਸੈਕੰਡਰੀ ਵਿੰਗ ਲਈ 30 ਮਿੰਟ ਦਾ ਸਮਾਂ ਹੋਵੇਗਾ। ਪ੍ਰਾਇਮਰੀ ਵਰਗ ਲਈ 35 ਸ਼ਬਦਾਂ ਵਾਲਾ ਪੈਰ੍ਹਾ, ਮਿਡਲ ਤੇ ਸੈਕੰਡਰੀ ਵਰਗ ਲਈ 50 ਸ਼ਬਦਾਂ ਵਾਲਾ ਪੈਰ੍ਹਾ ਹੋਵੇਗਾ। ਸੁਲੇਖ ਰਚਨਾ ਕਾਨੇ, ਬਰੂ ਜਾਂ ਬਾਂਸ ਦੀ ਕਲਮ ਰਾਹੀਂ ਇੱਕ ਰੰਗ ਦੀ ਸਿਆਹੀ ਨਾਲ ਕੀਤੀ ਜਾਵੇਗੀ।
ਵਿਭਾਗ ਵੱਲੋਂ ਦਿੱਤੇ ਗਏ ਅਕਾਰ ਅਨੁਸਾਰ ਹੀ ਪੇਪਰ (ਸ਼ੀਟ) ਦੀ ਵਰਤੋਂ ਕੀਤੀ ਜਾਵੇਗੀ। ਨੋਡਲ ਅਫਸਰ ਸਕੈਂਡਰੀ ਸ਼੍ਰੀ ਸੰਦੀਪ ਕੰਬੋਜ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਨੂੰ ਸਰਕਾਰੀ ਸਕੂਲਾਂ ਦੇ ਅਧਿਆਪਕ ਦੀ ਪ੍ਰੇਰਨਾ ਸਦਕਾ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਉਮੀਦ ਹੈ ਕਿ ਬਾਕੀ ਰਹਿੰਦੇ ਮੁਕਾਬਲਿਆਂ ਲਈ ਵੀ ਵਿਦਿਆਰਥੀਆਂ ਦਾ ਹੁੰਗਾਰਾ ਬੇਮਿਸਾਲ ਰਹੇਗਾ।
—