Ferozepur News

ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਬੇਹੱਦ ਚਿੰਤਾ ਦਾ ਵਿਸ਼ਾ – ਡਾ. ਸਤਿੰਦਰ ਸਿੰਘ (ਪੀ ਈ ਐੱਸ )

ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਬੇਹੱਦ ਚਿੰਤਾ ਦਾ ਵਿਸ਼ਾ

ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਬੇਹੱਦ ਚਿੰਤਾ ਦਾ ਵਿਸ਼ਾ - ਡਾ. ਸਤਿੰਦਰ ਸਿੰਘ (ਪੀ ਈ ਐੱਸ )

ਸੋਸ਼ਲ ਮੀਡੀਆ ਮੌਜੂਦਾ ਦੌਰ ਵਿੱਚ ਸੰਚਾਰ ਅਤੇ ਸੂਚਨਾ ਦਾ ਸਭ ਤੋਂ ਤੇਜ਼ ਅਤੇ ਪ੍ਰਮੁੱਖ ਸਾਧਨ ਬਣ ਚੁੱਕਿਆ ਹੈ।ਪੂਰੇ ਵਿਸ਼ਵ ਵਿੱਚ ਇਹ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ ।ਖਾਸ ਤੌਰ ਤੇ ਨੌਜਵਾਨ ਵਰਗ ਦੇ ਜੀਵਨ ਦੀ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਸਨੈਪਚੈਟ, ਵਟਸਐਪ ,ਯੂ ਟਿਊਬ ਅਤੇ ਅਨੇਕਾਂ ਹੋਰ ਸੋਸ਼ਲ ਸਾਈਟਾਂ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਜ ਕਿਸੇ ਵੀ ਜਨਤਕ ਸਥਾਨ ਜਾਂ ਸਮਾਜਿਕ ਇਕੱਠ ਵਿੱਚ ਜਾਉ ਤਾ ਹਰ ਇਨਸਾਨ ਦੇ ਹੱਥ ਵਿੱਚ ਸਮਾਰਟਫੋਨ, ਲੈਪਟਾਪ, ਟੈਬ, ਆਈਪੈਡ ਜਾਂ ਮਿੰਨੀ ਕੰਪਿਊਟਰ ਵਰਗੇ ਇਲੈਕਟ੍ਰਾਨਿਕ ਗੈਜੇਟ ਹੋਣਾ ਅਤੇ ਉਨ੍ਹਾਂ ਉੱਪਰ ਹੀ ਰੁਝੇ ਹੋਣਾ, ਆਲੇ ਦੁਆਲੇ ਕੀ ਵਾਪਰ ਰਿਹਾ ਹੈ, ਇਸ ਤੋਂ ਬੇਖਬਰ ਹੋ ਕੇ, ਸੋਸ਼ਲ ਮੀਡੀਆ ਤੇ ਲੰਮਾ ਸਮਾਂ ਜੁੜੇ ਰਹਿਣਾ ਆਮ ਗੱਲ ਹੋ ਚੁੱਕੀ ਹੈ ।ਸੋਸ਼ਲ ਮੀਡੀਆ ਜਿੱਥੇ ਇਨਸਾਨੀ ਜ਼ਿੰਦਗੀ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ, ਉੱਥੇ ਸਿੱਕੇ ਦਾ ਦੂਸਰਾ ਪਹਿਲੂ ਵੀ ਸਾਹਮਣੇ ਆ ਰਿਹਾ ਹੈ ,ਇਸ ਦੀ ਬੇਲੋੜੀ ਵਰਤੋਂ ਅਤੇ ਇਸ ਉਪਰ ਵਧੇਰੇ ਸਰਗਰਮੀ ਬੇਹੱਦ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ ।ਇਸ ਨੂੰ ਲੋਕਾਂ ਦੇ ਮਾਨਸਿਕ ,ਸਰੀਰਕ ਅਤੇ ਸਮਾਜਿਕ ਵਿਕਾਸ ਤੇ ਪੈ ਰਹੇ ਮਾੜੇ ਪ੍ਰਭਾਵਾਂ ਲਈ ਮੁੱਖ ਰੂਪ ਵਿੱਚ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ।
13 ਸਾਲ ਪਹਿਲਾ 1997 ਵਿੱਚ ਜਦੋਂ ਪਹਿਲੀ ਸੋਸ਼ਲ ਨੈੱਟਵਰਕ ਸਾਈਟ ਸਿਕਸ ਡਿਗਰੀ ਹੋਂਦ ਵਿੱਚ ਆਈ ਤਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਸ ਤੋਂ ਬਾਅਦ ਅਨੇਕਾਂ ਲੋਕਪ੍ਰਿਅ ਸੋਸ਼ਲ ਨੈੱਟਵਰਕ ਸਾਈਟ ਹੋਦ ਵਿੱਚ ਆਉਣਗੀਆਂ ਅਤੇ ਇੰਨੀ ਜਲਦੀ ਪੂਰੇ ਵਿਸ਼ਵ ਨੂੰ ਆਪਣੇ ਆਲੇ ਦੁਆਲੇ ਕੇਂਦਰਿਤ ਕਰ ਲੈਣਗੀਆਂ ।ਸੋਸ਼ਲ ਮੀਡੀਆ ਦੀ ਬਦੌਲਤ ਸੰਚਾਰ ਸਾਧਨਾਂ, ਸਿੱਖਿਆ, ਵਣਜ ,ਪੱਤਰਕਾਰਤਾ ਅਤੇ ਸਮਾਜਿਕ ਰਿਸ਼ਤਿਆਂ ਦੇ ਖੇਤਰ ਵਿੱਚ ਬਹੁਤ ਵੱਡੀ ਤਬਦੀਲੀ ਦੇਖਣ ਨੂੰ ਸਾਹਮਣੇ ਆਈ ।ਇਸ ਦੇ ਨਾਲ ਸੰਚਾਰ ਦੀ ਗਤੀ ਬੇਹੱਦ ਤੇਜ਼ ਹੋਈ ।
ਸੋਸ਼ਲ ਮੀਡੀਆ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ, ਵਿਸ਼ਵ ਦੀ 780 ਕਰੋੜ ਦੀ ਆਬਾਦੀ ਵਿੱਚ 460 ਕਰੋੜ ਤੋਂ ਵੱਧ ਲੋਕਾਂ ਕੋਲ ਇੰਟਰਨੈੱਟ ਦੀ ਸਹੂਲਤ ਉਪਲੱਬਧ ਹੈ ਅਤੇ 381 ਕਰੋੜ ਤੋ ਵੱਧ ਲੋਕ ਸੋਸ਼ਲ ਮੀਡੀਆ ਦੀਆਂ 15 ਤੋ ਵੱਧ ਪ੍ਰਚੱਲਿਤ ਸੋਸ਼ਲ ਸਾਇਟਾਂ ਵਿੱਚੋਂ ਕਿਸੇ ਨਾ ਕਿਸੇ ਨੈੱਟਵਰਕ ਦੀ ਵਰਤੋਂ ਵੱਡੇ ਪੱਧਰ ਤੇ ਕਰਦੇ ਹਨ। ਜੋ ਕੁਲ ਆਬਾਦੀ ਦਾ 49 ਪ੍ਰਤੀਸ਼ਤ ਹੈ ।ਇੱਕ ਆਮ ਇਨਸਾਨ ਦਿਨ ਵਿੱਚ ਔਸਤ 149 ਮਿੰਟ ਸੋਸ਼ਲ ਨੈੱਟਵਰਕ ਸਾਈਟ ਤੇ ਸਰਗਰਮ ਰਹਿੰਦਾ ਹੈ ।ਪ੍ਰਚੱਲਿਤ ਸਾਈਟ ਫੇਸਬੁੱਕ ਤੇ ਹਰ ਮਹੀਨੇ 250 ਕਰੋੜ ਤੋਂ ਵੱਧ ਲੋਕ ਸਰਗਰਮ ਰਹਿੰਦੇ ਹੋਏ ਲਾਈਕ ,ਸ਼ੇਅਰ ਅਤੇ ਪੋਸਟ ਕਰਦੇ ਹਨ, ਅਤੇ ਰੋਜ਼ਾਨਾ 30 ਕਰੋੜ ਤੋਂ ਵੱਧ ਫੋਟੋ ਅਤੇ ਵੀਡੀਓ ਇਸ ਉੱਪਰ ਅਪਲੋਡ ਕੀਤੀਆਂ ਜਾਂਦੀਆਂ ਹਨ । ਟਵਿੱਟਰ ਦੀ 38 ਕਰੋੜ ਤੋਂ ਵੱਧ ਲੋਕ ਵਰਤੋਂ ਕਰਦੇ ਹੋਏ ਸੂਚਨਾ ਅਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹਨ। ਇੰਸਟਾਗ੍ਰਾਮ ਦੀ ਵਰਤੋਂ 100 ਕਰੋੜ ਤੋਂ ਵੱਧ ਲੋਕਾਂ ਦੁਆਰਾ ਕਰਨ ਕਾਰਨ ਇਸ ਦੀ ਪ੍ਰਸਿੱਧੀ ਸਿਖਰਾਂ ਉਪਰ ਹੈ ।ਵਟਸਐਪ ਦੇ ਕਾਰਨ ਸੋਸ਼ਲ ਮੀਡੀਆ ਦੇ ਖੇਤਰ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ, ਸਮਾਜ ਦੇ ਹਰ ਵਰਗ , ਹਰ ਉਮਰ ਦੇ ਲੋਕਾਂ ਵਿੱਚ ਹਰਮਨ ਪਿਆਰੀ ਇਸ ਸਾਈਟ ਦਾ 200 ਕਰੋੜ ਤੋਂ ਵੱਧ ਲੋਕ ਲਾਭ ਪ੍ਰਾਪਤ ਕਰ ਰਹੇ ਹਨ ।ਯੂ ਟਿਊਬ ਦੀ ਵਰਤੋਂ 200 ਕਰੋੜ ਤੋਂ ਵੱਧ ਅਤੇ ਸਨੈਪਚੈਟ 80 ਕਰੋੜ ਤੋਂ ਵੱਧ ਲੋਕ ਵਰਤੋਂ ਕਰ ਰਹੇ ਹਨ ।
ਸੋਸ਼ਲ ਮੀਡੀਆ ਦੀ ਵਰਤੋਂ ਬੇਹੱਦ ਤੇਜ਼ੀ ਨਾਲ ਵਧ ਰਹੀ ਹੈ ।ਇਸ ਦੀ ਬਦੌਲਤ ਨਿਤ ਨਵੇਂ ਨਵੇਂ ਦੋਸਤ ਮਿਲ ਰਹੇ ਹਨ ।ਕੁਝ ਲੋਕ ਪਰਿਵਾਰਕ ਰਿਸ਼ਤਿਆਂ ਦੀ ਹੋਈ ਦੂਰੀ ਦੇ ਇਕੱਲੇਪਨ ਨੂੰ ਦੂਰ ਕਰਨ ਲਈ ਇਨ੍ਹਾਂ ਸਾਈਟਾਂ ਦਾ ਸਹਾਰਾ ਲੈ ਰਹੇ ਹਨ। ਮਨੋਰੰਜਨ ਦੇ ਖੇਤਰ ਵਿੱਚ ਨਿੱਤ ਨਵੀਂ ਪ੍ਰਤਿਭਾ ਨਿਕਲ ਕੇ ਸਾਹਮਣੇ ਆ ਰਹੀ ਹੈ, ਪ੍ਰਤਿਭਾਸ਼ਾਲੀ ਲੋਕਾਂ ਦੀ ਇੱਕ ਵਾਇਰਲ ਵੀਡੀਓ, ਲੇਖ ਜਾਂ ਬਲਾਗ ਉਨ੍ਹਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੰਦਾ ਹੈ ।ਸੂਚਨਾ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਦੇਖਣ ਨੂੰ ਸਾਹਮਣੇ ਆਈ ।ਦੇਸ਼ ਵਿਦੇਸ਼ ਦੀ ਸੂਚਨਾ ਚੰਦ ਸਕਿੰਟਾਂ ਵਿੱਚ ਤੁਹਾਡੇ ਸਾਹਮਣੇ ਆ ਜਾਂਦੀ ਹੈ ।ਉਂਗਲ ਨਾਲ ਇੱਕ ਬਟਨ ਦਬਾਉਣ ਤੇ ਤੁਸੀਂ ਪੂਰੀ ਦੁਨੀਆਂ ਜਾਂ ਆਪਣੇ ਮਿੱਤਰਾਂ ,ਰਿਸ਼ਤੇਦਾਰਾਂ ਜਾਂ ਹੋਰ ਚਾਹੁਣ ਵਾਲਿਆਂ ਨਾਲ ਜੁੜ ਜਾਂਦੇ ਹੋ ।
ਸੋਸ਼ਲ ਮੀਡੀਆ ਦੀ ਬਦੌਲਤ ਭੂਗੋਲਿਕ ਹੱਦਾਂ ਬੰਨ੍ਹੇ ਅਤੇ ਸਰਹੱਦਾਂ ਖ਼ਤਮ ਹੋ ਚੁੱਕੀਆਂ ਹਨ ।ਪੂਰਾ ਵਿਸ਼ਵ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਜਾਪਦਾ ਹੈ। ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਵਾਪਰੀ ਕਿਸੇ ਵੀ ਚੰਗੀ ਜਾਂ ਮਾੜੀ ਘਟਨਾ ਦਾ ਪ੍ਰਭਾਵ ਅਤੇ ਪ੍ਰਤੀਕਰਮ ਪੂਰੇ ਵਿਸ਼ਵ ਵਿੱਚ ਦੇਖਣ ਨੂੰ ਮਿਲਦਾ ਹੈ ।
ਕੋਵਿਡ-19 ਦੇ ਕਾਰਨ ਹੋਏ ਲਾਕਡਾਉਨ ਦੇ ਕਾਰਨ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਤਬਦੀਲੀ ਵੀ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੀ ਬਦੌਲਤ ਹੀ ਦੇਖਣ ਨੂੰ ਮਿਲੀ ।ਸੋਸ਼ਲ ਮੀਡੀਆ ਨੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦੀ ਸਿੱਖਿਆ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਜੋ ਇਸ ਸੰਕਟ ਦੀ ਘੜੀ ਵਿੱਚ ਕਲਾਸ ਰੂਮ ਸਿੱਖਿਆ ਦੇ ਬਦਲ ਵਜੋਂ ਸਾਹਮਣੇ ਆਈ । ਕਿਸੇ ਵੀ ਕਿਸਮ ਦੀ ਸਿੱਖਿਆ ਕਦੇ ਵੀ ਅਧਿਆਪਕ ਦੁਆਰਾ ਦਿੱਤੀ ਸਿੱਖਿਆ ਦਾ ਠੋਸ ਬਦਲ ਨਹੀਂ ਹੋ ਸਕਦੀ । ਪ੍ਰੰਤੂ ਇਸ ਸੰਕਟ ਦੀ ਘੜੀ ਵਿੱਚ ਸੋਸ਼ਲ ਮੀਡੀਆ ਦੀ ਬਦੌਲਤ ਸਿੱਖਿਆ ਗ੍ਰਹਿਣ ਕਰਨ ਦਾ ਤਰੀਕਾ ਆਫਲਾਈਨ (ਕਲਾਸਰੂਮ) ਤੋਂ ਆਨਲਾਈਨ ਵਿੱਚ ਤਬਦੀਲ ਹੋ ਗਿਆ ।
ਪ੍ਰਾਇਮਰੀ ਕਲਾਸ ਦੇ ਵਿਦਿਆਰਥੀ ਤੋਂ ਲੈ ਕੇ ਪ੍ਰੋਫ਼ੈਸ਼ਨਲ ਕਾਲਜਾਂ ਦੇ ਵਿਦਿਆਰਥੀਆਂ ਤੱਕ ਸੋਸ਼ਲ ਮੀਡੀਆ ਦੇ ਵੱਖ ਵੱਖ ਸਰੋਤਾਂ ਰਾਹੀਂ ਵੱਖ ਵੱਖ ਵਿਸ਼ਿਆਂ ਦੇ ਮਾਹਿਰਾਂ ਤੋਂ ਚਾਹੇ ਉਹ ਕਿਸੇ ਵੀ ਸ਼ਹਿਰ ਸੂਬੇ ਜਾਂ ਦੇਸ਼ ਦੇ ਹੋਣ ਤੋਂ ਆਪਣੀ ਮਨਮਰਜ਼ੀ ਅਨੁਸਾਰ ਸਿੱਖਿਆ ਗ੍ਰਹਿਣ ਕਰਨ ਲੱਗੇ। ਇਸੇ ਤਰ੍ਹਾਂ ਹੀ ਪ੍ਰਤਿਭਾਸ਼ਾਲੀ ਅਧਿਆਪਕ ਵੀ ਆਪਣੇ ਲੈਕਚਰ ਤਿਆਰ ਕਰਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਲੱਗੇ ਜਿਸ ਨਾਲ ਯੋਗ ਅਧਿਆਪਕ ਕਲਾਸਰੂਮ ਦੀ ਚਾਰ ਦੀਵਾਰੀ ਤੋਂ ਨਿਕਲ ਕੇ ਕੁਝ ਹੀ ਸਮੇਂ ਵਿੱਚ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਹੋ ਗਏ।ਜੋ ਅਧਿਆਪਕ ਅਤੇ ਵਿਦਿਆਰਥੀ ਦੋਹਾਂ ਲਈ ਲਾਹੇਵੰਦ ਸਾਬਿਤ ਹੋਇਆ ।ਅੱਜ ਤੋਂ ਕੁਝ ਸਮਾਂ ਪਹਿਲਾਂ ਅਧਿਆਪਕ ਅਤੇ ਮਾਪੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰਹਿਣ ਜਾਂ ਘੱਟ ਵਰਤੋਂ ਦੀ ਸਲਾਹ ਦਿੰਦਾ ਸੀ ।ਅੱਜ ਖੁਦ ਬੱਚਿਆਂ ਨੂੰ ਮੋਬਾਇਲ ਉਪਲਬਧ ਕਰਵਾ ਕੇ ਦੇ ਰਹੇ ।
ਚਾਹੇ ਮਾਤਾ ਪਿਤਾ ਬੱਚਿਆਂ ਨੂੰ ਘਰ ਬੈਠ ਕੇ ਪੜਦੇ ਦੇਖ ਕੇ ਕੁਝ ਰਾਹਤ ਮਹਿਸੂਸ ਜ਼ਰੂਰ ਕਰ ਰਹੇ ਹਨ ।ਪਰੰਤੂ ਬਹੁ ਗਿਣਤੀ ਮਾਪਿਆਂ ਦੀ ਚਿੰਤਾ ਇਹ ਹੈ ਕਿ ,ਕੀ ਬੱਚਾ ਸਮਾਰਟਫੋਨ ਦੀ ਵਰਤੋਂ ਸਿਰਫ਼ ਪੜ੍ਹਾਈ ਲਈ ਹੀ ਕਰਦਾ ਹੈ ?ਜ਼ਿਆਦਾ ਸਮਾਂ ਸਕਰੀਨ ਤੇ ਕਿਉਂ ਬਤੀਤ ਕਰ ਰਿਹਾ ਹੈ ?ਬੱਚਾ ਇਸ ਸਮੇਂ ਦੌਰਾਨ ਹੀ ਅਨੇਕਾਂ ਹੋਰ ਸਾਈਟ ਵੀ ਖੋਲ੍ਹ ਕੇ ਦੇਖਦਾ ਹੈ ,ਅਨੇਕਾਂ ਆਨਲਾਈਨ ਗੇਮਜ਼ ਖੇਡਦਾ ਹੈ, ਸੋਸ਼ਲ ਮੀਡੀਆ ਦੀ ਖੁੱਲ੍ਹੀ ਵਰਤੋਂ ਕਰਦਾ ਹੈ ।ਜਿਸ ਨਾਲ ਵਿਦਿਆਰਥੀ ਦੀ ਪੜ੍ਹਾਈ ਤੋਂ ਇਕਾਗਰਤਾ ਭਟਕਦੀ ਹੈ।
ਇਸ ਲਈ ਮਾਤਾ ਪਿਤਾ ਦੀ ਜ਼ਿੰਮੇਵਾਰੀ ਸਿਰਫ ਸਮਾਰਟਫੋਨ ਅਤੇ ਇੰਟਰਨੈੱਟ ਡਾਟਾ ਉਪਲੱਬਧ ਕਰਾਉਣ ਤੱਕ ਹੀ ਸੀਮਤ ਨਹੀਂ । ਬਲਕਿ ਇਹ ਦੇਖਣਾ ਵੀ ਜਰੂਰੀ ਹੈ ਕਿ ਬੱਚਾ ਮੋਬਾਈਲ ਤੇ ਸਿਰਫ਼ ਪੜ੍ਹਾਈ ਤੱਕ ਹੀ ਸੀਮਤ ਰਹੇ, ਮਾਤਾ ਪਿਤਾ ਸਮੇਂ ਸਮੇਂ ਤੇ ਫੋਨ ਜਾਂ ਲੈਪਟਾਪ ਦੀ ਨੈੱਟ ਹਿਸਟਰੀ ਵੀ ਚੈੱਕ ਕਰਨ, ਹੋ ਸਕੇ ਤਾਂ ਵੈੱਬਸਾਈਟਸ ਲਾਕ ਰੱਖਣ ਅਤੇ ਸਮੇਂ ਸਮੇਂ ਤੇ ਬੱਚਿਆਂ ਦੀ ਕੌਂਸਲਿੰਗ ਵੀ ਜ਼ਰੂਰ ਕਰਨ ।ਹਰ ਬੱਚੇ ਵਿੱਚ ਨਵੀਆਂ ਚੀਜ਼ਾਂ ਨੂੰ ਦੇਖਣ ਦੀ ਜਗਿਆਸਾ ਹੁੰਦੀ ਹੈ। ਇਹ ਮਾਪਿਆਂ ਅਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਹਰ ਚੀਜ਼ ਦੇ ਚੰਗੇ ਜਾਂ ਮਾੜੇ ਨਤੀਜਿਆਂ ਤੋਂ ਬੱਚਿਆਂ ਨੂੰ ਜਾਣੂ ਕਰਵਾ ਕੇ ,ਉਨ੍ਹਾਂ ਦੀ ਜਗਿਆਸਾ ਨੂੰ ਦੂਰ ਕਰਨ। ਜੇ ਵਿਦਿਆਰਥੀ ਵਰਗ ਨੂੰ ਜਲਦ ਹੀ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਤੋਂ ਦੂਰ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆਉਣਗੇ।
ਸੋਸ਼ਲ ਮੀਡੀਆ ਦੇ ਲਾਭਕਾਰੀ ਹੋਣ ਦੇ ਨਾਲ ਨਾਲ ਅਨੇਕਾਂ ਨਕਾਰਾਤਮਕ ਪ੍ਰਭਾਵ ਵੀ ਸਾਡੇ ਸਮਾਜ ਸਾਹਮਣੇ ਛੱਡ ਰਿਹਾ ਹੈ। ਜੋ ਸਮਾਜ ਲਈ ਬੇਹੱਦ ਨੁਕਸਾਨਦੇਹ ਸਾਬਿਤ ਹੋ ਰਹੇ ਹਨ। ਸੋਸ਼ਲ ਮੀਡੀਆ ਤੇ ਅਨੇਕਾਂ ਵਾਰ ਅਜਿਹੇ ਲੇਖ ਅਤੇ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਹਨ ,ਜਿਸ ਵਿੱਚ ਕਿਸੇ ਮਨੁੱਖ ਜਾਂ ਵਰਗ ਦੀ ਨਿੱਜਤਾ, ਧਰਮ ਜਾਂ ਵਰਗ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਮਨੁੱਖ ਦੀ ਮਾਨਸਿਕਤਾ ਤੇ ਗਹਿਰਾ ਪ੍ਰਭਾਵ ਪਾਉਂਦੀ ਹੈ ।ਅਨੇਕਾਂ ਵਾਰ ਮਨੁੱਖ ਮਾਨਸਿਕ ਤਣਾਅ ਵਿਚ ਚਲਾ ਜਾਂਦਾ ਹੈ ।ਨੌਜਵਾਨ ਵਰਗ ਦਾ ਸਰੀਰਕ ਖੇਡਾਂ ਜਾਂ ਗਤੀਵਿਧੀਆਂ ਛੱਡ ਕੇ ਘੰਟਿਆਂ ਬੱਧੀ ਮੋਬਾਈਲ ਗੇਮ ਖੇਡਣਾ ਜਾਂ ਸੋਸ਼ਲ ਮੀਡੀਆ ਤੇ ਸਰਗਰਮ ਰਹਿਣਾ ਉਨ੍ਹਾਂ ਦੇ ਸਰੀਰਕ ਅਤੇ ਸਮਾਜਿਕ ਵਿਕਾਸ ਵਿੱਚ ਬਹੁਤ ਵੱਡੀ ਰੁਕਾਵਟ ਬਣ ਰਿਹਾ ਹੈ ।ਸੋਸ਼ਲ ਮੀਡੀਆ ਤੇ ਅਨੇਕਾਂ ਵਾਰ ਅਜਿਹੀਆਂ ਝੂਠੀਆਂ ਅਫਵਾਹਾ
ਫੈਲਾਅ ਦਿੱਤੀਆਂ ਜਾਂਦੀਆਂ ਹਨ, ਜਿਸ ਦੀ ਸਮਾਜ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ ।ਨੌਜਵਾਨ ਪੀੜ੍ਹੀ ਦੀ ਸੋਸ਼ਲ ਮੀਡੀਆ ਤੇ ਵੱਧਦੀ ਸਰਗਰਮੀ ਕਾਰਨ ਨੌਜਵਾਨ ਵਰਗ ਇਕੱਲੇ ਰਹਿਣ ਦਾ ਆਦੀ ਹੋ ਰਿਹਾ ਹੈ ਡਿਪ੍ਰੈਸ਼ਨ, ਮੋਟਾਪਾ ਅਤੇ ਅਨੇਕਾਂ ਹੋਰ ਸਿਹਤ ਸਮੱਸਿਆਵਾਂ ਨੂੰ ਦੇਖਦੇ ਹੋਏ ਮਨੋਵਿਗਿਆਨੀਆਂ ਅਤੇ ਡਾਕਟਰਾਂ ਨੇ ਇਸ ਸਬੰਧੀ ਵਿਸ਼ੇਸ਼ ਕੌਂਸਲਿੰਗ ਕੇਂਦਰ ਖੋਲ੍ਹ ਦਿੱਤੇ ਹਨ ,ਜਿੱਥੇ ਨਸ਼ਿਆਂ ਦੀ ਤਰ੍ਹਾਂ ਸੋਸ਼ਲ ਮੀਡੀਆ ਦੇ ਆਦੀ ਹੋਏ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ।ਸੋਸ਼ਲ ਮੀਡੀਆ ਦੀ ਬਦੌਲਤ ਘਰ ਦੀ ਗ੍ਰਹਿਣੀ ਤੋਂ ਲੈ ਕੇ ਵੱਖ ਵੱਖ ਅਦਾਰਿਆਂ ਦੇ ਕਰਮਚਾਰੀਆਂ , ਅਧਿਕਾਰੀਆਂ ਅਤੇ ਵਿਦਿਆਰਥੀਆਂ ਦੀ ਕਾਰਜਕੁਸ਼ਲਤਾ ਤੇ ਮਾੜਾ ਪ੍ਰਭਾਵ ਪਿਆ ਹੈ।
ਸਿੱਕੇ ਦੇ ਦੋ ਪਹਿਲੂ ਦੀ ਤਰ੍ਹਾਂ ਸੋਸ਼ਲ ਮੀਡੀਆ ਵੀ ਵਰਤਣ ਵਾਲੇ ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਵਿਕਾਸ ਲਈ ਵਰਤਦਾ ਹੈ ਜਾਂ ਵਿਨਾਸ਼ ਲਈ ।ਬੀਤੇ ਦਿਨੀਂ ਕੋਵਿਡ-19 ਕਾਰਨ ਹੋਏ ਲਾਕਡਾਊਨ ਦੌਰਾਨ ਫਿਰੋਜ਼ਪੁਰ ਦੇ ਇੱਕ ਵਟਸਐਪ ਗਰੁੱਪ ਨੇ ਬੇਹੱਦ ਸਕਾਰਾਤਮਕ ਉਦਾਹਰਨ ਦੇਸ਼ ਦੇ ਲੋਕਾ ਸਾਹਮਣੇ ਪੇਸ਼ ਕੀਤੀ ।ਗਰੁੱਪ ਵਿੱਚ ਵਿਚਾਰ ਵਟਾਂਦਰਾ ਕਰਦਿਆਂ ਸਾਹਮਣੇ ਆਇਆ ਕਿ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਵੈਂਟੀਲੇਟਰ ਦੀ ਸਹੂਲਤ ਉਪਲੱਬਧ ਨਹੀਂ ਹੈ। ਸਰਕਾਰ ਤੱਕ ਮੰਗ ਪਹੁੰਚਾਇਆ ਸਮਾਂ ਲੱਗ ਸਕਦਾ ਹੈ, ਇਸ ਲਈ ਗਰੁੱਪ ਮੈਂਬਰਾਂ ਨੇ ਆਪਣੇ ਕੋਲੋਂ ਦਾਨ ਰਾਸ਼ੀ ਇਕੱਠੀ ਕਰਕੇ ,ਅਤਿ ਆਧੁਨਿਕ ਵੈਂਟੀਲੇਟਰ ਕੁਝ ਹੀ ਦਿਨਾਂ ਵਿੱਚ ਸਿਵਲ ਸਰਜਨ ਨੂੰ ਸੌਂਪ ਦਿੱਤਾ ।ਉਥੇ ਹੀ ਹਸਪਤਾਲ ਵਿੱਚ ਮ੍ਰਿਤਕ ਸਰੀਰਾਂ ਨੂੰ ਰੱਖਣ ਲਈ ਡੀਪ ਫਰੀਜ਼ਰ ਦੀ ਘਾਟ ਸਾਹਮਣੇ ਆਈ ਤਾਂ ਗਰੁੱਪ ਦੇ ਮੈਂਬਰਾਂ ਨੇ ਦੋ ਡੀਪ ਫਰੀਜ਼ਰ ਦਾ ਪ੍ਰਬੰਧ ਕਰਕੇ ਹਸਪਤਾਲ ਨੂੰ ਦਿੱਤਾ। ਇਸ ਤੋਂ ਬਾਅਦ ਮੈਂਬਰਾਂ ਨੇ ਲੋੜਵੰਦ ਮਰੀਜ਼ਾਂ ਨੂੰ ਘੱਟ ਰੇਟ ਤੇ ਦਵਾਈਆਂ ਨਿਰੰਤਰ ਉਪਲੱਬਧ ਕਰਾਉਣ ਦਾ ਬੀੜਾ ਵੀ ਚੁਕਿਆ।ਸੋਸ਼ਲ ਮੀਡੀਆ ਦੀ ਅਜਿਹੀ ਵਰਤੋਂ ਸਮਾਜ ਲਈ ਬੇਹੱਦ ਲਾਹੇਵੰਦ ਸਾਬਤ ਹੋ ਸਕਦੀ ਹੈ।
ਮੌਜੂਦਾ ਦੌਰ ਵਿੱਚ ਸਮਾਜ ਨੂੰ ਆਪਣੇ ਦਿਨ ਦੇ ਰੁਟੀਨ ਦੀ ਠੋਸ ਯੋਜਨਾਬੰਦੀ ਬਣਾਉਣੀ ਪਏਗੀ। ਸਰੀਰਕ ਗਤੀਵਿਧੀਆਂ ,ਸੋਸ਼ਲ ਮੀਡੀਆ ਅਤੇ ਜੋ ਵੀ ਅਸੀਂ ਕੰਮ ਕਰਦੇ ਹਾ, ਤਿੰਨਾਂ ਵਿੱਚ ਸੰਤੁਲਨ ਬਣਾਉਣਾ ਸਮੇਂ ਦੀ ਵੱਡੀ ਜ਼ਰੂਰਤ ਹੈ ਖਾਨ ਪੀਣ ਸਮੇਂ ਮੋਬਾਈਲ ਫੋਨ ਨੂੰ ਦੂਰ ਰੱਖਣਾ ਦੀ ਵੀ ਪਹਿਲ ਕਰਨੀ ਪਵੇਗੀ ।ਕਸਰਤ ਕਰਨਾ, ਸਰੀਰਕ ਖੇਡਾਂ ਖੇਡਣਾ, ਨੀਂਦ ਦਾ ਸਮਾਂ ਅਤੇ ਦੋਸਤ ਮਿੱਤਰਾਂ ਨੂੰ ਮਿਲਣ ਦਾ ਸਮਾਂ ਨਿਸ਼ਚਿਤ ਕਰਨਾ ਪਵੇਗਾ। ਕਿੰਨਾ ਸਮਾਂ ਬਿਨਾਂ ਕਿਸੇ ਠੋਸ ਕੰਮ ਤੋਂ ਆਨਲਾਈਨ ਬਿਤਾਇਆ ਜਾਂਦਾ ਹੈ, ਇਸ ਦਾ ਵੀ ਵਿਸ਼ਲੇਸ਼ਣ ਕੀਤਾ ਜਾਵੇ। ਸਵੇਰੇ ਉੱਠਣ ਤੋਂ 01 ਘੰਟਾ ਬਾਅਦ ਅਤੇ ਰਾਤ ਨੂੰ ਸੌਣ ਤੋਂ 01 ਘੰਟਾ ਪਹਿਲਾਂ ਤੱਕ ਹੀ ਜੇ ਮੋਬਾਈਲ ਦੀ ਵਰਤੋਂ ਕੀਤੀ ਜਾਵੇ ।ਹਫ਼ਤੇ ਵਿੱਚ ਇੱਕ ਦਿਨ ਅਜਿਹਾ ਨਿਸ਼ਚਿਤ ਕੀਤਾ ਜਾਵੇ ਜਿਸ ਦਿਨ ਸਮਾਰਟਫੋਨ ਅਤੇ ਅਜਿਹੇ ਹੋਰ ਇਲੈਕਟ੍ਰਾਨਿਕ ਗੈਜੇਟ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ ।ਇਸ ਨੂੰ ਈ- ਫਾਸਟਿੰਗ ਦਾ ਨਾਮ ਦਿੱਤਾ ਜਾਂਦਾ ਹੈ ।ਇਸ ਦਿਨ ਤਕਨੀਕ ਦੀ ਵਰਤੋਂ ਸਿਰਫ ਈ- ਰੀਡਿੰਗ ਜਾਂ ਸੰਗੀਤ ਸੁਣਨ ਲਈ ਹੀ ਕੀਤੀ ਜਾਵੇ। ਅਜਿਹੀ ਆਦਤ ਸਾਡੇ ਮਾਨਸਿਕ ਤਣਾਅ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿੱਚ ਸਹਾਈ ਹੋ ਸਕਦੀ ਹੈ ।
ਬਦਲੇ ਹਾਲਾਤਾਂ ਅਨੁਸਾਰ ਸਕੂਲ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸੋਸ਼ਲ ਮੀਡੀਆ ਦੀ ਯੋਗ ਵਰਤੋਂ ਸਬੰਧੀ ਸਿੱਖਿਆ ਦਾ ਵੱਧ ਤੋ ਵੱਧ ਪਸਾਰ ਕਰਨ।ਮਾਤਾ ਪਿਤਾ ਸਿਰਫ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਨਸੀਹਤ ਦੇਣ ਦੀ ਥਾਂ ਖ਼ੁਦ ਉਦਾਹਰਣ ਬਣ ਕੇ ਸਾਹਮਣੇ ਆਉਣ ।
ਨੌਜਵਾਨ ਵਰਗ ਇਸ ਗੱਲ ਦਾ ਅਹਿਸਾਸ ਕਰੇ ਕਿ ਸੋਸ਼ਲ ਮੀਡੀਆ ਤੋਂ ਗਿਆਨ ਅਤੇ ਸੂਚਨਾ ਪ੍ਰਾਪਤ ਕਰਕੇ ਜ਼ਿੰਦਗੀ ਦੀਆਂ ਵੱਡੀਆਂ ਮੰਜ਼ਿਲਾਂ ਸਰ ਕਰਨੀਆਂ ਹਨ, ਨਾ ਕਿ ਇਸ ਦੇ ਗੁਲਾਮ ਬਣ ਕੇ ਜੀਵਨ ਬਤੀਤ ਕਰਨਾ ਹੈ ।

ਡਾ. ਸਤਿੰਦਰ ਸਿੰਘ (ਪੀ ਈ ਐੱਸ )
ਸਟੇਟ ਅਤੇ ਨੈਸ਼ਨਲ ਅਵਾਰਡੀ
ਪ੍ਰਿੰਸੀਪਲ
ਧਵਨ ਕਲੋਨੀ , ਫਿਰੋਜ਼ਪੁਰ ਸ਼ਹਿਰ
9815427554

Related Articles

Leave a Reply

Your email address will not be published. Required fields are marked *

Back to top button