Ferozepur News
ਸੂਬੇ ਅੰਦਰ ਜੂਨ ਦੇ ਅੰਤ ਤੱਕ ਲਾਗੂ ਕੀਤੀ ਜਾਵੇਗੀ ਨਵੀਂ ਖੇਡ ਨੀਤੀ – ਰਾਣਾ ਗੁਰਮੀਤ ਸਿੰਘ ਸੋਢੀ
ਫ਼ਿਰੋਜ਼ਪੁਰ 26 ਮਈ 2018 ( Vikramditya Sharma ) ਪੰਜਾਬ ਸਵਿਮਿੰਗ ਐਸੋਸੀਏਸ਼ਨ ਵੱਲੋਂ ਅੱਜ 32ਵੀਂ ਪੰਜਾਬ ਰਾਜ ਸਬ ਜੂਨੀਅਰ ਸਵਿਮਿੰਗ ਚੈਂਪੀਅਨਸ਼ਿਪ ਦਾ ਦਿੱਲੀ ਪਬਲਿਕ ਸਕੂਲ ਫ਼ਿਰੋਜ਼ਪੁਰ ਵਿਖੇ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ) ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੀਤਾ ਗਿਆ। ਇਸ ਸਵਿਮਿੰਗ ਚੈਂਪੀਅਨਸ਼ਿਪ ਵਿਚ ਅੱਜ ਰਾਜ ਭਰ ਤੋਂ ਲਗਭਗ 200 ਤੈਰਾਕਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਸਵਿਮਿੰਗ ਐਸੋਸੀਏਸ਼ਨ ਦੇ ਸਕੱਤਰ ਸ਼੍ਰੀ ਬਲਰਾਜ ਸ਼ਰਮਾ ਵੀ ਹਾਜ਼ਰ ਸਨ।
ਇਸ ਮੌਕੇ ਸ੍ਰ: ਰਾਣਾ ਗੁਰਮੀਤ ਸਿੰਘ ਸੋਢੀ ਕੈਬਨਿਟ ਮੰਤਰੀ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਖੇਡਾਂ ਨੂੰ ਉਤਸ਼ਾਹਿਤ ਕਰਨ, ਯੁਵਕ ਗਤੀਵਿਧੀਆਂ ਨੂੰ ਵਧਾਉਣ ਅਤੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਖਿਡਾਰੀ ਪੈਦਾ ਕਰਨ ਲਈ ਜੂਨ ਦੇ ਅੰਤ ਤੱਕ ਨਵੀਂ ਖੇਡ ਨੀਤੀ ਲਾਗੂ ਕੀਤੀ ਜਾਵੇਗੀ, ਜਿਸ ਵਿਚ ਖਿਡਾਰੀਆਂ ਨੂੰ ਆਰਥਿਕ, ਤਕਨੀਕੀ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਣ ਤੇ ਜ਼ੋਰ ਦਿੱਤਾ ਜਾਵੇਗਾ ਅਤੇ ਖਿਡਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਵੀ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਰਾਜ ਵਿਚ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਅੰਤਰਰਾਸ਼ਟਰੀ ਕੋਚਾਂ ਨੂੰ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਨੂੰ ਖੇਡਾਂ ਪੱਖੋਂ ਰਾਜ ਦਾ ਮੋਹਰੀ ਜ਼ਿਲ੍ਹਾ ਬਣਾਉਣ ਲਈ ਫ਼ਿਰੋਜ਼ਪੁਰ ਦੇ ਖੇਡ ਮੈਦਾਨਾਂ ਵਿਚ ਸੁਧਾਰ ਲਿਆ ਕੇ ਵਧੀਆ ਤੇ ਆਧੁਨਿਕ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਰਾਣਾ ਗੁਰਮੀਤ ਸਿੰਘ ਸੋਢੀ ਨੇ ਜ਼ਿਲ੍ਹਾ ਐਸੋਸੀਏਸ਼ਨ ਨੂੰ ਇਸ ਚੇਂਪਿਅਨਸ਼ਿਪ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਨੰਨੇ ਮੁੰਨੇ ਤੈਰਾਕ ਅੱਗੇ ਜਾ ਕੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਜ਼ਿਲ੍ਹਾ ਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਦੇ ਤੈਰਾਕਾਂ ਨੂੰ ਹੋਰ ਵਧੀਆਂ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਵਿਮਿੰਗ ਪੂਲ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਜ਼ਿਲ੍ਹਾ ਸਵਿਮਿੰਗ ਐਸੋਸੀਏਸ਼ਨ ਨੂੰ 3 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਪੂਰੀ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਪੰਜਾਬ ਵਿਚ ਖੇਡਾਂ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਾਂਗਾ।
ਇਸ ਮੌਕੇ ਜ਼ਿਲ੍ਹਾ ਸਵਿਮਿੰਗ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਸੂਚ ਅਤੇ ਸਕੱਤਰ ਤਰਲੋਚਨ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਦੇ ਸਵਿਮਿੰਗ ਚੈਂਪੀਅਨਸ਼ਿਪ ਵਿਚ 200 ਮੀਟਰ ਫ਼ਰੀ ਸਟਾਈਲ ਲੜਕਿਆਂ ਵਿਚੋਂ ਪਰਥ (ਮੋਹਾਲੀ) ਨੇ ਪਹਿਲਾ, ਕੰਵਰ (ਮੋਹਾਲੀ) ਨੇ ਦੂਜਾ ਅਤੇ ਸ਼ਿਵੇਨ ਪਾਯਲ (ਪਟਿਆਲਾ) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 200 ਮੀਟਰ ਫ਼ਰੀ ਸਟਾਈਲ ਲੜਕੀਆਂ ਵਿਚੋਂ ਅਰਸ਼ਪ੍ਰੀਤ ਕੌਰ (ਮੋਹਾਲੀ) ਨੇ ਪਹਿਲਾ, ਮਹਿਕਪ੍ਰੀਤ ਕੌਰ (ਜਲੰਧਰ) ਨੇ ਦੂਜਾ ਅਤੇ ਜਸਲੀਨ ਕੌਰ (ਪਟਿਆਲਾ) ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਸ੍ਰ: ਨਰਿੰਦਰ ਪਾਲ ਸਿੰਘ ਸਿੱਧੂ ਏ.ਆਈ.ਜੀ (ਸੀ.ਆਈ) , ਐਸ.ਡੀ.ਐਮ ਸ੍ਰ. ਹਰਜੀਤ ਸਿੰਘ ਸੰਧੂ, ਸ੍ਰ: ਅਜਮੇਰ ਸਿੰਘ ਬਾਠ ਐਸ.ਪੀ.ਡੀ, ਸ਼੍ਰੀ ਰਵੀ ਸ਼ਰਮਾ, ਸ਼੍ਰੀ ਰਾਜੂ ਸਾਈਆਂ ਵਾਲਾ, ਸ਼੍ਰੀ ਰਾਜੂ ਅਹੂਜਾ, ਡਾ: ਹਰਸ਼ ਭੋਲਾ, ਤੈਰਾਕੀ ਕੋਚ ਗਗਨ ਮਾਟਾ, ਸੁਰੇਸ਼ ਮਾਟਾ, ਵੀ.ਕੇ ਸ਼ਰਮਾ, ਸੰਜੀਵ ਗੁਲਾਟੀ, ਤੇਜਿੰਦਰ ਪਾਲ ਸਿੰਘ, ਸਟੇਟ ਅਵਾਰਡੀ ਗੁਰਿੰਦਰ ਸਿੰਘ, ਸੰਜੇ ਗੁਪਤਾ, ਜਰਨੈਲ ਸਿੰਘ, ਇਕਬਾਲ ਸਿੰਘ ਪਾਲ, ਹਰਪ੍ਰੀਤ ਭੁੱਲਰ, ਨਵਨੀਤ ਭੁੱਲਰ, ਗੁਰਨਾਮ ਸਿੰਘ, ਅੰਮ੍ਰਿਤਪਾਲ ਸੋਢੀ, ਅਸ਼ੋਕ ਕੁਮਾਰ, ਮੇਹਰਦੀਪ ਸਿੰਘ, ਹਰਿੰਦਰ ਭੁੱਲਰ, ਤਰਲੋਕ ਜਿੰਦਲ, ਸੰਜੀਵ ਦੇਵੜਾ, ਰਾਜ ਬਹਾਦਰ ਸਿੰਘ, ਮੈਡਮ ਨੀਰਜ ਦੇਵੜਾ, ਮੈਡਮ ਜਸਵੀਰ ਕੌਰ ਆਦਿ ਐਸੋਸੀਏਸ਼ਨ ਦੇ ਮੈਂਬਰ ਅਤੇ ਨੁਮਾਇੰਦੇ ਹਾਜ਼ਰ ਸਨ ।