ਸਿੱਖਿਆ ਬਚਾਓ ਮੰਚ ਫਿਰੋਜ਼ਪੁਰ ਵਲੋਂ ਬ੍ਰਿਜ ਕੋਰਸ ਦੇ ਬਾਈਕਾਟ ਦਾ ਐਲਾਨ
ਫਿਰੋਜ਼ਪੁਰ 29 ਦਸੰਬਰ () ਐਸ.ਸੀ.ਈ.ਆਰ.ਟੀ ਪੰਜਾਬ ਵਲੋਂ ਪੱਤਰ ਜਾਰੀ ਕਰਕੇ 3 ਸਤੰਬਰ 2001 ਤੋਂ ਬਾਅਦ ਨੌਕਰੀ ਵਿਚ ਆਏ ਬੀਐੱਡ ਅਧਿਆਪਕ ਜੋ ਪਹਿਲੀ ਤੋਂ ਪੰਜਵੀਂ ਜਮਾਤ ਨੂੰ ਪੜ੍ਹਾ ਰਹੇ ਹਨ ਲਈ ਛੇ ਮਹੀਨੇ ਦਾ ਬ੍ਰਿਜ ਕੋਰਸ ਲਾਜ਼ਮੀ ਕਰਨ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਗਿਆ ਹੈ। ਜਿਸ ਦੀ ਸਿੱਖਿਆ ਬਚਾਓ ਮੰਚ ਫਿਰੋਜ਼ਪੁਰ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਅਤੇ ਇਸ ਬੇਲੋੜੇ ਅਤੇ ਸਮੇਂ ਦੀ ਬਰਬਾਦੀ ਵਾਲੇ ਬ੍ਰਿਜ ਕੋਰਸ ਦਾ ਸਮੁੱਚਾ ਸਿੱਖਿਆ ਬਚਾਓ ਮੰਚ ਬਾਈਕਾਟ ਕਰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਬਚਾਓ ਮੰਚ ਫਿਰੋਜ਼ਪੁਰ ਦੇ ਆਗੂ ਸੁਖਜਿੰਦਰ ਸਿੰਘ ਖਾਨਪੁਰੀਆਂ, ਪਰਮਜੀਤ ਸਿੰਘ ਪੰਮਾ, ਗੁਰਜੀਤ ਸਿੰਘ ਸੋਢੀ, ਸਰਬਜੀਤ ਸਿੰਘ ਭਾਵੜਾ ਨੇ ਫਿਰੋਜ਼ਪੁਰ ਛਾਉਣੀ ਦੇ ਗਾਂਧੀ ਗਾਰਡਨ ਵਿਖੇ ਹੋਈ ਮੀਟਿੰਗ ਦੌਰਾਨ ਸਾਂਝੇ ਤੌਰ ਤੇ ਕੀਤਾ। ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਸਿੱਖਿਆ ਬਚਾਓ ਮੰਚ ਫਿਰੋਜ਼ਪੁਰ ਦੇ ਆਗੂਆਂ ਨੇ ਇਕਮੱਤ ਹੁੰਦਿਆਂ ਆਖਿਆ ਕਿ ਨਵੇਂ ਹੁਕਮਾਂ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪ੍ਰਾਇਮਰੀ ਜਮਾਤਾਂ ਵਿਚ ਪੜ੍ਹਾ ਰਹੇ ਬੀਐਡ ਅਧਿਆਪਕ ਜੋ ਸਾਲ 2001 ਤੋਂ ਭਰਤੀ ਹੋਏ ਸਨ, ਉਨ੍ਹਾਂ ਲਈ ਛੇ ਮਹੀਨੇ ਦਾ ਬ੍ਰਿਜ ਕੋਰਸ ਕਰਨਾ ਲਾਜ਼ਮੀ ਹੈ ਅਤੇ 31 ਦਸੰਬਰ 2017 ਤੱਕ ਇਸ ਦੀ ਵੈਰੀਫੇਸ਼ਨ ਲਈ ਰਜਿਸ਼ਟੇਰਸ਼ਨ ਕਰਵਾਉਣੀ ਦੀਆਂ ਹਦਾਇਤਾਂ ਵੀ ਜਾਰੀ ਹੋਈਆਂ ਹਨ ਅਤੇ ਵਿਭਾਗ ਵਲੋਂ ਇਸ ਕੋਰਸ ਦੀ ਰਜਿਸ਼ਟਰੇਸ਼ਨ ਫੀਸ ਪੰਜ ਹਜ਼ਾਰ ਰੁਪਏ ਭਰਨ ਵਾਸਤੇ ਆਖਿਆ ਗਿਆ ਹੈ ਜੋ ਕਿ ਬਿਲਕੁੱਲ ਗਲਤ ਹੈ। ਆਗੂਆਂ ਨੇ ਆਖਿਆ ਕਿ ਜੇਕਰ 17 ਸਾਲ ਪੜ੍ਹਾਉਣ ਦਾ ਤਜਰਬੇ ਦੇ ਨਾਲ-ਨਾਲ ਵਿਭਾਗ ਵਲੋਂ ਸਮੇਂ ਸਮੇਂ ਤੇ ਲਗਾਏ ਜਾਂਦੇ ਅਧਿਆਪਕ ਸੈਮੀਨਾਰ/ਟ੍ਰੇਨਿੰਗ ਲਗਾ ਰਹੇ ਹਨ, ਇਸ ਲਈ ਬ੍ਰਿਜ ਕੋਰਸ ਦੀ ਲੋੜ ਬਾਕੀ ਨਹੀਂ ਰਹਿ ਜਾਂਦੀ ਜੋ ਕਿ ਸਮੇਂ ਅਤੇ ਪੈਸੇ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੇਲੋੜੇ ਫੁਰਮਾਨ ਜਾਰੀ ਕਰਨ ਦੀ ਬਿਜਾਏ ਬੱਚਿਆਂ ਨੂੰ ਸਮੇਂ ਸਿਰ ਕਿਤਾਬਾਂ ਜਾਰੀ ਕਰਨ, ਮਿੱਡ ਡੇ ਮੀਲ ਵਾਸਤੇ ਰਾਸ਼ੀ ਦਾ ਪ੍ਰਬੰਧ ਕਰਨ, ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਅਤੇ ਸਕੂਲਾਂ ਦੀਆਂ ਹੋਰ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇਕਰ ਸਰਕਾਰ ਨੇ ਇਹ ਅਧਿਆਪਕ ਮਾਰੂ ਪੱਤਰ ਤੁਰੰਤ ਵਾਪਸ ਨਾ ਲਿਆ ਤਾਂ ਮਜ਼ਬੂਰਨ ਸਾਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ, ਜਿਸ ਦੀ ਨਿਰੋਲ ਜਿੰਮੇਵਾਰੀ ਸਿੱਖਿਆ ਵਿਭਾਗ ਅਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਜਸਵੰਤ ਸਿੰਘ ਸੈਣੀ, ਭੁਪਿੰਦਰ ਸਿੰਘ ਖਾਹਰਾ, ਹਰਜੀਤ ਸਿੰਘ, ਅਨਿਲ ਪ੍ਰਭਾਕਰ, ਮੇਹਰਦੀਪ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਕੰਬੋਜ਼, ਲਖਵੀਰ ਸਿੰਘ, ਦਲਵਿੰਦਰ ਸਿੰਘ ਲਹੌਰੀਆ, ਵਿਨੋਦ ਕੁਮਾਰ, ਕਸ਼ਮੀਰ ਸਿੰਘ, ਇੰਦਰਪਾਲ ਸਿੰਘ, ਗਗਨਦੀਪ ਸਿੰਘ, ਕਾਰਜ ਸਿੰਘ ਮਮਦੋਟ, ਹਰੀਸ਼ ਕੁਮਾਰ, ਜਤਿੰਦਰਪਾਲ ਸਿੰਘ, ਕਪਿਲ ਦੇਵ, ਕਿਰਪਾਲ ਸਿੰਘ, ਸ਼ਾਮ ਸੁੰਦਰ, ਹਰਦੇਵ ਸਿੰਘ, ਨਵੀਨ ਸੈਮ, ਹਨੂਤ ਕੁਮਾਰ, ਧੀਰਜ ਕੁਮਾਰ, ਕਵਲਜੀਤ ਸਿੰਘ, ਗੁਰਿੰਦਰ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।