ਸਿਰਜਨਹਾਰ: ਇੱਕ ਕੋਸ਼ਿਸ਼ ਸਸ਼ਕਤ ਤੇ ਸਵੱਸਥ ਨਾਰੀ ਲਈ, ਥੀਮ ਤੇ ਔਰਤਾਂ ਅਤੇ ਕਿਸ਼ੋਰ ਲੜਕੀਆਂ ਲਈ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ
ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਬੈਨਰ ਹੇਠ
- “ਸਿਰਜਨਹਾਰ: ਇੱਕ ਕੋਸ਼ਿਸ਼ ਸਸ਼ਕਤ ਤੇ ਸਵੱਸਥ ਨਾਰੀ ਲਈ” ਥੀਮ ਤੇ ਔਰਤਾਂ ਅਤੇ ਕਿਸ਼ੋਰ ਲੜਕੀਆਂ ਲਈ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ
- ਵੱਖ ਵੱਖ ਸੈਸ਼ਨਾ ਰਾਹੀਂ ਲੜਕੀਆਂ ਨਾਲ ਸਬੰਧਿਤ ਜਿੰਦਗੀ ਦੇ ਕਈ ਪਹਿਲੂਆਂ ਤੇ ਦਿੱਤੀ ਗਈ ਜਾਣਕਾਰੀ
- ਆਫਲਾਈਨ ਅਤੇ ਆਨਲਾਈਨ ਮਾਧਿਅਮ ਰਾਹੀਂ ਜ਼ਿਲ੍ਹੇ ਵਿਚ ਲੜਕੀਆਂ ਅਤੇ ਔਰਤਾਂ ਨੇ ਵਰਕਸ਼ਾਪ ਵਿਚ ਲਿਆ ਹਿੱਸਾ
ਫਿਰੋਜ਼ਪੁਰ 12 ਮਈ, 2022: ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀਮਤੀ ਅੰਮ੍ਰਿਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦਫਤਰ ਜ਼ਿਲਾ ਪ੍ਰੋਗਰਾਮ ਅਫਸਰ ਵੱਲੋਂ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਬੈਨਰ ਹੇਠ ਇਕ ਰੋਜ਼ਾ ਵਰਕਸ਼ਾਪ “ਸਿਰਜਨਹਾਰ: ਇੱਕ ਕੋਸ਼ਿਸ਼ ਸਸ਼ਕਤ ਤੇ ਸਵੱਸਥ ਨਾਰੀ ਲਈ” ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਸਮਾਜ ਸੇਵੀ ਡਾ.ਨੀਲਮ ਸੋਢੀ ਐਮਡੀ ਐਮ.ਡੀ ਔਬਸਟੈਟ੍ਰਿਕਸ ਅਤੇ ਗਾਇਨੀਕੋਲੋਜੀ ਜਿਨ੍ਹਾਂ ਨੂੰ ਇਸ ਖੇਤਰ ਵਿਚ 10 ਸਾਲ ਤੋਂ ਵੱਧ ਦਾ ਤਜ਼ਰਬਾ ਹੈ ਨੂੰ ਵਿਸ਼ੇਸ਼ ਤੌਰ ਤੇ ਆਪਣਾ ਤਜਰਬਾ ਸਾਂਝਾ ਕਰਨ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ ਜ਼ਿਲ੍ਹੇ ਦੀਆਂ ਔਰਤਾਂ/ਲੜਕੀਆਂ ਨੂੰ ਜਿੰਦਗੀ ਦੇ ਵੱਖ ਵੱਖ ਪਹਿਲੂਆਂ ਤੇ ਜਾਣਾਕਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਵੀ ਮੌਜੂਦ ਸਨ।
ਵਰਕਸ਼ਾਪ ਵਿਚ ਤਿੰਨ ਵੱਖ ਵੱਖ ਸੈਸ਼ਨਾਂ ਰਾਹੀਂ ਡਾ. ਨੀਲਮ ਸੋਢੀ ਵੱਲੋਂ ਵੱਖ ਵੱਖ ਮੁੱਦਿਆਂ ਤੇ ਜਾਣਕਾਰੀ ਦਿੱਤੀ ਗਈ। ਪਹਿਲਾ ਸੈਸ਼ਨ ਕਿਸ਼ੋਰ ਉਮਰ, ਮਾਹਵਾਰੀ, ਅਨੀਮੀਆ ਦੀ ਰੋਕਥਾਮ ਅਤੇ ਦੇਖਭਾਲ, ਜਿਨਸੀ ਸ਼ੋਸ਼ਣ ਆਦਿ ਮੁੱਦਿਆਂ ਤੇ ਕੇਂਦਰਿਤ ਸੀ, ਇਸ ਸੈਸ਼ਨ ਵਿਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੀਆਂ ਲੜਕੀਆਂ ਨੇ ਆਨਲਾਈਨ ਮਾਧਿਅਮ ਰਾਹੀਂ ਭਾਗ ਲਿਆ। ਦੂਸਰਾ ਸੈਸ਼ਨ ਬੱਚੇ ਦੇ ਜਨਮ ਤੋਂ ਪਹਿਲਾਂ ਦੀ ਦੇਖਭਾਲ, ਜਨਮ ਦੀ ਤਿਆਰੀ ਅਤੇ ਬੱਚੇ ਦੀ ਦੇਖਭਾਲ ਤੇ ਸੀ, ਜਿਸ ਵਿਚ ਔਨਲਾਈਨ ਮੋਡ ਦੁਆਰਾ ਆਂਗਣਵਾੜੀ ਵਰਕਰਾਂ ਰਾਹੀਂ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੇ ਭਾਗ ਲਿਆ। ਤੀਜਾ ਸੈਸ਼ਨ ਜੋ ਕਿ ਔਰਤਾਂ ਵਿੱਚ ਅਨੀਮੀਆ ਦੀ ਰੋਕਥਾਮ ਅਤੇ ਦੇਖਭਾਲ ਅਤੇ ਬੱਚਿਆਂ ਵਿੱਚ ਕੁਪੋਸ਼ਣ ਦੇ ਮੁੱਦਿਆਂ ਸਮੇਤ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਕੰਮਾਂ ਦੀ ਸਮੱਰਥਤਾ ਨੂੰ ਵਧਾਉਣ ਤੇ ਕੇਂਦਰਿਤ ਸੀ, ਜਿਸ ਵਿਚ ਵਿਭਾਗ ਦੇ ਨੁਮਾਇੰਦਿਆਂ ਸਮੇਤ ਬਲਾਕ ਕੁਆਰਡੀਨੇਟਰ, ਸੁਪਰਵਾਈਜ਼ਰ ਅਤੇ ਆਂਗਨਵਾੜੀ ਵਰਕਰਾਂ ਨੇ ਭਾਗ ਲਿਆ।
ਇਸ ਤੋਂ ਇਲਾਵਾ ਡਾ. ਨੀਲਮ ਸੋਢੀ ਵੱਲੋਂ ਸੰਤੁਲਿਤ ਆਹਾਰ ਲੈਣ, ਰੋਜਾਨਾ ਕਸਰਤ ਕਰਨ ਸਮੇਤ ਸਮਾਜ ਵਿਚ ਲੜਕੀਆਂ/ਔਰਤਾਂ ਨਾਲ ਸਬੰਧਿਤ ਪਹਿਲੂਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਲੜਕੀਆਂ ਨੂੰ ਸਮਾਜ ਵਿਚ ਖੁੱਲ ਕੇ ਜਿੰਦਗੀ ਜਿਊਣ ਲਈ ਪ੍ਰੇਰਿਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਨੇ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਅਤੇ ਕੰਮਾ ਬਾਰੇ ਜਾਣੂ ਕਰਵਾਇਆ ਅਤੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਰਕਾਰੀ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸੈਸ਼ਨ ਵਿਚ ਸੀ.ਡੀ.ਪੀ.ਓ. ਗੁਰੂਹਰਸਹਾਏ ਰਿਚਿਕਾ ਨੰਦਾ, ਪੋਸ਼ਣ ਅਭਿਆਨ ਦੇ ਬਲਾਕ ਕੋਆਰਡੀਨੇਟਰ, ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰਾਂ ਨੇ ਭਾਗ ਲਿਆ।